ਪੰਜਾਬੀ ਗਾਇਕ ਗੁਰਨਾਮ ਭੁੱਲਰ ਸਣੇ 41 ਵਿਅਕਤੀਆਂ ਖ਼ਿਲਾਫ਼ ਕੇਸ ਦਰਜ

823
Share

ਬਿਨਾਂ ਮਨਜ਼ੂਰੀ ਗੀਤ ਦੀ ਸ਼ੂਟਿੰਗ ਕਰਕੇ ਕੋਵਿਡ-19 ਨੇਮਾਂ ਦੀ ਉਲੰਘਣਾ ਕਰਨ ਦੇ ਦੋਸ਼

ਰਾਜਪੁਰਾ, 11 ਜੁਲਾਈ (ਪੰਜਾਬ ਮੇਲ)- ਇੱਥੋਂ ਦੇ ਇੱਕ ਮਾਲ ਵਿੱਚ ਬਿਨਾਂ ਮਨਜ਼ੂਰੀ ਗੀਤ ਦੀ ਸ਼ੂਟਿੰਗ ਕਰਕੇ ਕੋਵਿਡ-19 ਨੇਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਥਾਣਾ ਸਦਰ ਦੀ ਪੁਲੀਸ ਨੇ ਉਘੇ ਗਾਇਕ ਗੁਰਨਾਮ ਭੁੱਲਰ, ਵੀਡੀਓ ਡਾਇਰੈਕਟਰ ਖੁਸ਼ਪਾਲ ਸਿੰਘ ਅਤੇ ਪ੍ਰਾਇਮ ਮਾਲ ਦੇ ਮਾਲਕ ਅਸ਼ਵਿਨ ਸੂਰੀ ਸਮੇਤ 41 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਦੀ ਪੁਸ਼ਟੀ ਕਰਦਿਆਂ ਐੱਸਐੱਸਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇੱਕ ਸੂਚਨਾ ਦੇ ਆਧਾਰ ’ਤੇ ਐੱਸਪੀ ਅਕਾਸ਼ਦੀਪ ਸਿੰਘ ਔਲਖ ਅਤੇ ਐੱਸਐੱਚਓ ਥਾਣਾ ਸਦਰ ਰਾਜਪੁਰਾ ਕਰਨਵੀਰ ਸਿੰਘ ਦੀ ਅਗਵਾਈ ਹੇਠ ਜਦੋਂ ਪੁਲੀਸ ਨੇ ਪ੍ਰਾਇਮ ਸਿਨੇਮਾ ਦਾ ਮੌਕੇ ’ਤੇ ਜਾ ਕੇ ਮੁਆਇਨਾ ਕੀਤਾ ਤਾਂ ਉਥੇ ਸ਼ੂਟਿੰਗ ਚੱਲ ਰਹੀ ਸੀ। ਗਾਇਕ ਗੁਰਨਾਮ ਭੁੱਲਰ ਅਤੇ ਡਾਇਰੈਕਟਰ ਖੁਸ਼ਪਾਲ ਸਿੰਘ ਕੋਲ ਇਸ ਸ਼ੂਟਿੰਗ ਦੀ ਕੋਈ ਪ੍ਰਵਾਨਗੀ ਨਹੀਂ ਸੀ। ਪੁਲੀਸ ਨੇ ਸ਼ੂਟਿੰਗ ਬੰਦ ਕਰਵਾ ਕੇ ਸਾਰਾ ਸਾਜ਼ੋ-ਸਾਮਾਨ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ। ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਥਾਣਾ ਸਦਰ ਵਿੱਚ ਆਈਪੀਸੀ ਦੀ ਧਾਰਾ-188, ਡਿਜਾਸਟਰ ਮੈਨੇਜਮੈਂਟ ਦੀ ਧਾਰਾ-51 ਐਪੀਡੈਮਿਕ ਐਕਟ 1897 ਦੀ ਧਾਰਾ-3 ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Share