ਪੰਜਾਬੀ ਗਾਇਕ ਗੁਰਦਾਸ ਮਾਨ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ

396
Share

ਜਲੰਧਰ, 9 ਸਤੰਬਰ (ਪੰਜਾਬ ਮੇਲ)-ਪੰਜਾਬੀ ਗਾਇਕ ਗੁਰਦਾਸ ਮਾਨ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਹੋਣ ਕਾਰਨ ਉਸ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਪੰਜਾਬੀ ਗਾਇਕ ਨੇ ਉਸ ਖ਼ਿਲਾਫ਼ ਵਿਵਾਦਿਤ ਟਿੱਪਣੀਆਂ ਨੂੰ ਲੈ ਕੇ ਦਰਜ ਮਾਮਲੇ ’ਚ ਅਗਾਊਂ ਜ਼ਮਾਨਤ ਲੈਣ ਲਈ ਜ਼ਿਲ੍ਹਾ ਸੈਸ਼ਨ ਅਦਾਲਤ ’ਚ ਅਰਜ਼ੀ ਦਿੱਤੀ ਹੋਈ ਸੀ। ਜ਼ਮਾਨਤ ਅਰਜ਼ੀ ਰੱਦ ਹੋਣ ਬਾਅਦ ਗੁਰਦਾਸ ਮਾਨ ਨੂੰ ਹੁਣ ਹਾਈ ਕੋਰਟ ਦਾ ਰੁਖ਼ ਕਰਨਾ ਪਵੇਗਾ।
ਜ਼ਿਲ੍ਹਾ ਅਦਾਲਤ ’ਚ ਬੁੱਧਵਾਰ ਨੂੰ ਕੇਸ ਦੀ ਸੁਣਵਾਈ ਦੌਰਾਨ ਅਦਾਲਤੀ ਕੰਪਲੈਕਸ ’ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਸਿੱਖ ਸੰਗਠਨਾਂ ਦੇ ਵਕੀਲ ਅੰਮਿ੍ਰਤਪਾਲ ਸਿੰਘ ਨੇ ਕਿਹਾ ਕਿ ਅਦਾਲਤ ਨੇ ਗੁਰਦਾਸ ਮਾਨ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਵਕੀਲਾਂ ਨੇ ਇਹ ਦਲੀਲਾਂ ਦਿੱਤੀਆਂ ਸਨ ਕਿ ਜੇਕਰ ਗੁਰਦਾਸ ਮਾਨ ਨੂੰ ਜ਼ਮਾਨਤ ਦਿੱਤੀ, ਤਾਂ ਇਸ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਣ ਦਾ ਡਰ ਹੈ, ਜਦਕਿ ਬਚਾਅ ਪੱਖ ਦੇ ਵਕੀਲਾਂ ਨੇ ਕਿਹਾ ਸੀ ਕਿ ਅਣਜਾਣੇ ਵਿਚ ਕਹੀ ਗੱਲ ਦੀ ਗੁਰਦਾਸ ਮਾਨ ਨੇ ਮੁਆਫ਼ੀ ਵੀ ਮੰਗ ਲਈ ਹੈ, ਤਾਂ ਫਿਰ ਇੰਨਾ ਵਿਵਾਦ ਕਿਉਂ ਖੜ੍ਹਾ ਕੀਤਾ ਜਾ ਰਿਹਾ ਹੈ।
ਉਧਰ ਸ਼ਿਕਾਇਤਕਰਤਾ ਸੁਰਜੀਤ ਸਿੰਘ ਨੇ ਕਿਹਾ ਕਿ ਹਾਈ ਕੋਰਟ ਵਿਚ ਜਾਣ ’ਤੇ ਵੀ ਗੁਰਦਾਸ ਮਾਨ ਦਾ ਉਥੇ ਡੱਟ ਕੇ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਪੁਲਿਸ ਤੋਂ ਮੰਗ ਕੀਤੀ ਕਿ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਮਾਮਲੇ ’ਚ ਗੁਰਦਾਸ ਮਾਨ ਨੂੰ ਤੁਰੰਤ ਗਿ੍ਰਫ਼ਤਾਰ ਕੀਤਾ ਜਾਵੇ। ਜ਼ਿਕਰਯੋਗ ਹੈ ਕਿ 20 ਅਗਸਤ ਨੂੰ ਇਕ ਸਮਾਗਮ ਦੌਰਾਨ ਡੇਰਾ ਬਾਬਾ ਮੁਰਾਦ ਸ਼ਾਹ ਟਰੱਸਟ ਦੇ ਚੇਅਰਮੈਨ ਗੁਰਦਾਸ ਮਾਨ ਨੇ ਸਾਈਂ ਲਾਡੀ ਸ਼ਾਹ ਦੀ ਤੁਲਨਾ ਗੁਰੂ ਅਮਰਦਾਸ ਨਾਲ ਕੀਤੀ ਸੀ।

Share