ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਵਲੋਂ ‘‘ਮੌਜੂਦਾ ਦੌਰ ’ਚ ਪੱਤਰਕਾਰਾਂ ਦੀ ਭੂਮਿਕਾ ਤੇ ਚੁਣੌਤੀਆਂ’’ ਵਿਸ਼ੇ ’ਤੇ ਕਰਵਾਇਆ ਗਿਆ ਅੰਤਰਰਾਸ਼ਟਰੀ ਵੈਬੀਨਾਰ

176
Share

-ਕਿਸੇ ਸਮੇਂ ਪੱਤਰਕਾਰੀ ਮਿਸ਼ਨ ਹੁੰਦਾ ਸੀ ਪਰ ਹੁਣ ਰਾਜਸੀ ਦਖ਼ਲ ਨਾਲ ਇਸਦਾ ਵਪਾਰੀਕਰਨ ਹੋ ਗਿਆ ਹੈ : ਬਲਵਿੰਦਰ ਜੰਮੂ
ਫਗਵਾੜਾ, 17 ਫਰਵਰੀ (ਪੰਜਾਬ ਮੇਲ)- ‘‘ਕਰੋਨਾ ਕਾਲ ਨੇ ਮੀਡੀਆ ਦੀਆਂ ਸਮੱਸਿਆਵਾਂ ਨੂੰ ਬਹੁਤ ਵਧਾ ਦਿੱਤਾ ਹੈ। ਖਾਸ ਕਰਕੇ ਇਸਦਾ ਪਿ੍ਰੰਟ ਮੀਡੀਆ ’ਤੇ ਡੂੰਘਾ ਅਸਰ ਪਿਆ। ਅਖਬਾਰਾਂ ਦੀ ਛੱਪਣ ਗਿਣਤੀ ਬਹੁਤ ਘੱਟ ਗਈ ਸੀ, ਅਖਬਾਰਾਂ ਦੇ ਪੰਨੇ ਘੱਟ ਕਰ ਦਿੱਤੇ ਗਏ- ਇਸ ਦੇ ਨਾਲ ਹੀ ਅਖਬਾਰਾਂ ਨੂੰ ਇਸ਼ਤਿਹਾਰਾਂ ਦੀ ਘਾਟ ਵੀ ਆਈ, ਜਿਸ ਨੇ ਪਿ੍ਰੰਟ ਮੀਡੀਆ ਨੂੰ ਆਰਥਿਕ ਤੌਰ ’ਤੇ ਹਿਲਾ ਦਿੱਤਾ। ਇਸ ਦਾ ਅਸਰ ਇਹ ਹੋਇਆ ਕਿ 20,000 ਪੱਤਰਕਾਰਾਂ ਦੀ ਛਾਂਟੀ ਕਰ ਦਿੱਤੀ ਗਈ। ਬਹੁਤ ਸਾਰੇ ਨਾਮੀ ਅਖਬਾਰਾਂ ਦੇ ਪੱਤਰਕਾਰ ਬੇਕਾਰ ਹੋ ਗਏ’’। ਇਹ ਵਿਚਾਰ ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ ਵਲੋਂ ਕਰਵਾਏ ਗਏ ‘‘ਮੌਜੂਦਾ ਦੌਰ ’ਚ ਪੱਤਰਕਾਰਾਂ ਦੀ ਭੂਮਿਕਾ ਤੇ ਚੁਣੌਤੀਆਂ’’ ਵਿਸ਼ੇ ’ਤੇ ਅੰਤਰਰਾਸ਼ਟਰੀ ਵੈਬੀਨਾਰ ਦੌਰਾਨ ਬਲਵਿੰਦਰ ਜੰਮੂ, ਸਕੱਤਰ ਜਨਰਲ ਇੰਡੀਅਨ ਜਰਨਲਿਸਟ ਯੂਨੀਅਨ ਅਤੇ ਮੈਂਬਰ ਪ੍ਰੈੱਸ ਕੌਂਸਲ ਆਫ ਇੰਡੀਆ ਨੇ ਪ੍ਰਗਟ ਕੀਤੇ। ਉਨ੍ਹਾਂ ਨੇ ਜੰਮੂ-ਕਸ਼ਮੀਰ ਦੀ ਗੱਲ ਕਰਦਿਆਂ ਦੱਸਿਆ ਕਿ ਉਥੇ ਦੇ ਹਾਲਾਤਾਂ ਕਾਰਨ ਮੀਡੀਆ ਨੂੰ 20% ਸਟਾਫ ਨੂੰ ਹਟਾਉਣ ਲਈ ਮਜਬੂਰ ਹੋਣਾ ਪਿਆ। ਇਹ ਦੌਰ ਸਾਰੇ ਦੇਸ਼ ਵਿਚ ਹੀ ਚੱਲਿਆ।
ਗੁਰਮੀਤ ਸਿੰਘ ਪਲਾਹੀ ਪ੍ਰਧਾਨ ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਦੀ ਪ੍ਰਧਾਨਗੀ ਹੇਠ ਹੋਏ ਇਸ ਵੈਬੀਨਾਰ ਸਬੰਧੀ ਜਾਣਕਾਰੀ ਦਿੰਦਿਆਂ ਮੀਡੀਆ ਕੋਆਰਡੀਨੇਟਰ ਸੁਰਿੰਦਰ ਮਚਾਕੀ ਨੇ ਦੱਸਿਆ ਕਿ ਵੈਬੀਨਾਰ ਵਿਚ ਬਲਵਿੰਦਰ ਜੰਮੂ ਨੇ ਚਿੰਤਾ ਪ੍ਰਗਟ ਕੀਤੀ ਕਿ ਇਸ ਦੌਰ ਵਿਚ ਤਕਰੀਬਨ 135 ਪੱਤਰਕਾਰਾਂ ਦੀਆਂ ਜਾਨਾਂ ਵੀ ਗਈਆਂ। ਭਾਵੇਂ ਪ੍ਰਧਾਨ ਮੰਤਰੀ ਨੇ ਪੱਤਰਕਾਰਾਂ ਨੂੰ ਵੀ ਕਰੋਨਾ ਵਾਰੀਅਰਜ਼ ਮੰਨਿਆ ਸੀ ਪਰ ਉਨ੍ਹਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪ੍ਰੈੱਸ ਕੌਂਸਲ ਦੀ ਮੀਟਿੰਗ ਵਿਚ ਸਰਵੇਖਣ ਕੀਤਾ ਗਿਆ ਕਿ ਹੁਣ ਅਖਬਾਰਾਂ ਦੀ ਸਰਕੂਲੇਸ਼ਨ ਵੀ ਵਧੀ ਅਤੇ ਇਸ ਦੇ ਨਾਲ ਉਨ੍ਹਾਂ ਦਾ ਰੈਵੀਨਿਊ ਵੀ ਵਧਿਆ ਹੈ। ਪਿਛਲਾ ਸਮਾਂ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਕਿਸੇ ਸਮੇਂ ਪੱਤਰਕਾਰੀ ਮਿਸ਼ਨ ਹੁੰਦਾ ਸੀ ਪਰ ਹੁਣ ਰਾਜਸੀ ਦਖਲ ਨਾਲ ਇਸ ਦਾ ਵਪਾਰੀਕਰਨ ਹੋ ਗਿਆ ਹੈ। ਇਸ ਵਿਚ ਪੇਡ ਪੱਤਰਕਾਰੀ ਨੇ ਇਸ ਪਵਿੱਤਰ ਮਿਸ਼ਨ ਨੂੰ ਬਦਨਾਮ ਕਰਨ ਵਿਚ ਵੱਡਾ ਰੋਲ ਅਦਾ ਕੀਤਾ ਹੈ। ਇਸ ਵਿਚ ਅਖਬਾਰਾਂ ਦੇ ਮਾਲਕ ਵੱਧ ਤੋਂ ਵੱਧ ਪੈਸੇ ਕਮਾਉਣ ਵੱਲ ਤੁਰ ਪਏ। ਰਾਜਸੀ ਚੋਣਾਂ ਵਿਚ ਵੀ ਪੱਤਰਕਾਰਾਂ ਨੂੰ ਵੱਡੇ ਲਾਲਚ ਦਿੱਤੇ ਜਾਂਦੇ ਹਨ। ਮਾਲਕ ਪੱਤਰਕਾਰਾਂ ਨੂੰ ਇਸ ਕੰਮ ਲਈ ਵਰਤਦੇ ਹਨ। ਹੁਣ ਵੀ ਤਕਰੀਬਨ ਬਹੁਤੀਆਂ ਅਖਬਾਰਾਂ ਵਿਚ ਠੇਕੇ ਦੀ ਪੱਤਰਕਾਰੀ ਚੱਲ ਰਹੀ ਹੈ। ਹੌਲੀ-ਹੌਲੀ ਅਖਬਾਰਾਂ ਅਤੇ ਇਲੈਕਟ੍ਰੌਨਿਕ ਮੀਡੀਆ ਕਾਰਪੋਰੇਟ ਸੈਕਟਰ ਨੇ ਖਰੀਦ ਲਿਆ। ਕਾਰਪੋਰੇਟ ਸੈਕਟਰ ਨੇ ਆਪਣੇ ਚੈਨਲ ਵੀ ਖੋਲ੍ਹੇ, ਜਿਸ ਨੇ ਗੋਦੀ ਮੀਡੀਆ ਨੂੰ ਜਨਮ ਦਿੱਤਾ, ਜਿਹੜਾ ਕਿ ਬਹੁਤ ਖਤਰਨਾਕ ਰੁਝਾਨ ਹੋ ਨਿਬੜਿਆ। ਸਰਕਾਰ ਨੇ ਵਰਕਿੰਗ ਜਰਨਲਿਸਟ ਐਕਟ ਖਤਮ ਕਰ ਕੇ ਇਸ ਕਿੱਤੇ ਦੇ ਢਿੱਡ ਵਿਚ ਲੱਤ ਮਾਰੀ ਹੈ। ਹੁਣ ਨਵੇਂ ਲੇਬਰ ਐਕਟ ਵਾਂਗ ਪੱਤਰਕਾਰਾਂ ਦੇ ਵੀ ਮਜ਼ਦੂਰਾਂ ਵਾਂਗ ਕੰਮ ਦੇ ਘੰਟੇ ਵਧਾ ਦਿੱਤੇ ਗਏ ਹਨ। ਪੱਤਰਕਾਰ ਵੀ ਹੁਣ ਸਪੈਸ਼ੇਲਾਈਜ਼ਡ ਕਿੱਤਾ ਨਹੀਂ ਰਿਹਾ, ਸਗੋਂ ਮਜ਼ਦੂਰ ਬਣ ਗਿਆ ਹੈ। ਬਲਵਿੰਦਰ ਜੰਮੂ ਨੇ ਇਸ ਗੱਲ ’ਤੇ ਦੁੱਖ ਪ੍ਰਗਟ ਕੀਤਾ ਕਿ ਜੇਕਰ ਕਿਸੇ ਅਖਬਾਰ ਦੇ ਪੱਤਰਕਾਰ ਜਾਂ ਮੁਲਾਜ਼ਮ ਆਪਣੀਆਂ ਮੰਗਾਂ ਲਈ ਕੋਈ ਹੜਤਾਲ ਵਗੈਰਾ ਕਰਦੇ ਹਨ, ਤਾਂ ਮੀਡੀਆ ਉਨ੍ਹਾਂ ਦੀਆਂ ਖਬਰਾਂ ਅਵਾਮ ਤੱਕ ਨਹੀਂ ਪਹੁੰਚਣ ਦਿੰਦਾ। ਉਨ੍ਹਾਂ ਨਿਆ ਪਾਲਕਾਂ ਬਾਰੇ ਕਿਹਾ ਕਿ ਇਹ ਕਰੋਨਾ ਕਾਲ ਵਿਚ ਕਮਜ਼ੋਰ ਹੋਈ ਹੈ। ਅਰਨਵ ਗੋਸਵਾਮੀ ਦੀ ਉਦਾਹਰਣ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹੋ ਜਿਹੇ ਬੰਦੇ ਦੀ ਜ਼ਮਾਨਤ ਜਲਦੀ ਹੋ ਜਾਂਦੀ ਹੈ, ਜਦੋਂ ਠੀਕ ਕੰਮ ਕਰਨ ਵਾਲਿਆਂ ਪੱਤਰਕਾਰਾਂ ਦੀਆਂ ਜ਼ਮਾਨਤਾਂ ਲਟਕਦੀਆਂ ਰਹਿੰਦੀਆਂ ਹਨ। ਪੱਤਰਕਾਰਾਂ ਦੀ ਵੀ ਇਹ ਕਮਜ਼ੋਰੀ ਹੁੰਦੀ ਹੈ ਕਿ ਉਹ ਰੁਜ਼ਗਾਰ ਨੂੰ ਲੱਤ ਨਹੀਂ ਮਾਰ ਸਕਦੇ। ਪੱਤਰਕਾਰਾਂ ’ਤੇ ਹੋ ਰਹੇ ਹਮਲੇ ਵੀ ਵੱਡੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦੇ ਕਤਲ ਵੀ ਹੋ ਰਹੇ ਹਨ।
ਹੁਣ ਵੀ ਕਿਸਾਨ ਅੰਦੋਲਨ ’ਚ 6 ਪੱਤਰਕਾਰਾਂ ’ਤੇ ਕੇਸ ਰਜਿਸਟਰ ਕੀਤੇ ਗਏ ਹਨ। ਇਹ ਵਿਰੋਧੀ ਆਵਾਜ਼ ਨੂੰ ਬੰਦ ਕਰਨ ਦਾ ਰੁਝਾਨ ਹੈ। ਪੱਤਰਕਾਰਾਂ ਦੀ ਕੋਈ ਸੁਰੱਖਿਆ ਨਹੀਂ ਹੈ। ਇਸੇ ਗੱਲ ਨੂੰ ਅੱਗੇ ਤੋਰਦਿਆਂ ਇੰਗਲੈਂਡ ਤੋਂ ਐੱਮ.ਪੀ. ਵਰਿੰਦਰ ਸ਼ਰਮਾ ਅਤੇ ਪ੍ਰੋ. ਰਣਜੀਤ ਧੀਰ ਕਿਹਾ ਕਿ ਪਰਜਾਤੰਤਰ ਵਿਚ ਪੱਤਰਕਾਰ ਚੌਕੀਂਦਾਰ ਦਾ ਕੰਮ ਕਰਦਾ ਹੈ, ਉਹ ਲੋਕਾਂ ਦੀ ਆਵਾਜ਼ ਬਣ ਕੇ ਉਨ੍ਹਾਂ ਦੇ ਹੱਕ ਦੀ ਗੱਲ ਕਰਦਾ ਹੈ। ਉਨ੍ਹਾਂ ਪਿ੍ਰੰਟ ਅਤੇ ਇਲੈਕਟ੍ਰੌਨਿਕ ਦੇ ਨਾਲ-ਨਾਲ ਸੋਸ਼ਲ ਮੀਡੀਆ ਬਾਰੇ ਵੀ ਸਵਾਲ ਉਠਾਏ। ਸੋਸ਼ਲ ਮੀਡੀਆ ਵੱਡੀ ਸ਼ਕਤੀ ਬਣ ਗਈ ਹੈ ਪਰ ਇਸ ਦੀ ਦੁਰਵਰਤੋਂ ਕਾਰਨ ਇਸ ਦੇ ਨੁਕਸਾਨ ਵੀ ਬਹੁਤ ਹੋ ਰਹੇ ਹਨ। ਉਨ੍ਹਾਂ ਭਾਰਤ ਦੀ ਸਰਕਾਰ ਵਿਚ ਵਿਰੋਧੀ ਪਾਰਟੀਆਂ ਦੇ ਰੋਲ ’ਤੇ ਵੀ ਚਿੰਤਾ ਪ੍ਰਗਟ ਕੀਤੀ ਤੇ ਕਿਹਾ ਕਿ ਉਹ ਸਹੀ ਰੋਲ ਅਦਾ ਨਹੀਂ ਕਰ ਰਹੇ। ਵਿਰੋਧੀ ਪਾਰਟੀਆਂ ਸਰਕਾਰ ਦੇ ਗਲਤ ਕੰਮਾਂ ਨੂੰ ਉਜਾਗਰ ਨਹੀਂ ਕਰ ਸਕੀਆਂ। ਕੇਹਰ ਸ਼ਰੀਫ ਨੇ ਜਰਮਨ ਤੋਂ ਗੱਲ ਕਰਦਿਆਂ ਕਿਹਾ ਕਿ ਮੀਡੀਆ ਦੋ ਤਰ੍ਹਾਂ ਦਾ ਹੈ – ਇੱਕ ਲੋਕ ਪੱਖੀ ਅਤੇ ਇੱਕ ਲੋਕ ਵਿਰੋਧੀ। ਜੋ ਲੋਕ ਵਿਰੋਧੀ ਮੀਡੀਆ ਹੈ, ਉਹ ਵਿੱਕ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕਿਸਾਨ ਅੰਦੋਲਨ ਰਾਹੀਂ ਜੁੜੇ ਰਿਸ਼ਤਿਆਂ ਦੀ ਪ੍ਰਸ਼ੰਸਾ ਜ਼ਰੂਰ ਕਰਨੀ ਚਾਹੀਦੀ ਹੈ। ਰਵਿੰਦਰ ਸਹਿਰਾਅ ਅਤੇ ਰਵਿੰਦਰ ਚੋਟ ਨੇ ਪੱਤਰਕਾਰਾਂ ਦੇ ਹੋ ਰਹੇ ਸ਼ੋਸ਼ਣ ਦੀ ਗੱਲ ਕੀਤੀ, ਉਨ੍ਹਾਂ ਦੇ ਕੰਮ ਦੇ ਘੰਟੇ ਵਧਾ ਦਿੱਤੇ ਗਏ ਹਨ ਅਤੇ ਤਨਖਾਹ ਵਿਚ ਕੱਟ ਲਗਾਇਆ ਗਿਆ ਹੈ। ਸੁਰਿੰਦਰ ਮਚਾਕੀ ਅਤੇ ਚਰਨਜੀਤ ਸਿੰਘ ਗੁੰਮਟਾਲਾ ਨੇ ਇਸ ਬੁਰੇ ਦੌਰ ਦੀ ਗੱਲ ਕਰਦਿਆਂ ਆਖਿਆ ਕਿ ਇਸ ਵਿਚ ਸਮੁੱਚੇ ਸਮਾਜ ਨੂੰ ਸੇਕ ਲੱਗਾ ਹੈ। ਪ੍ਰਧਾਨ ਮੰਤਰੀ ਨੇ ਆਪ ਕਦੇ ਵੀ ਪ੍ਰੈੱਸ ਕਾਨਫਰੰਸ ਨਹੀਂ ਕੀਤੀ। ਬਲਵਿੰਦਰ ਜੰਮੂ ਨੇ ਉਠੇ ਸਵਾਲਾਂ ਦੇ ਜੁਆਬ ਦਿੰਦਿਆਂ ਕਿਹਾ ਕਿ ਸੋਸ਼ਲ ਮੀਡੀਆ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਦੇਸ਼ ਵਿਚ ਕਿਸਾਨ ਅੰਦੋਲਨ ਨੇ ਵਿਰੋਧੀ ਪਾਰਟੀਆਂ ਨੂੰ ਵੀ ਬਲ ਦਿੱਤਾ ਹੈ। ਕਿਸਾਨ ਅੰਦੋਲਨ ਨੇ ਸਰਕਾਰ ਅਤੇ ਲੋਕਾਂ ਨੂੰ ਵੱਖਰਾ ਰਸਤਾ ਦਿਖਾਇਆ ਹੈ। ਅੰਤ ਵਿਚ ਮੰਚ ਪ੍ਰਧਾਨ ਗੁਰਮੀਤ ਸਿੰਘ ਪਲਾਹੀ ਨੇ ਧੰਨਵਾਦ ਕਰਦਿਆਂ ਹਾਜ਼ਰ ਵਕਤਾਵਾ, ਪ੍ਰਬੰਧ ਕਰਤਾ ਪ੍ਰਵਿੰਦਰਜੀਤ ਸਿੰਘ ਅਤੇ ਰਵਿੰਦਰ ਚੋਟ ਦਾ ਧੰਨਵਾਦ ਕੀਤਾ।

Share