ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਵਲੋਂ ਕਰਵਾਇਆ ”ਸੋਧੇ ਕਿਰਤ ਕਾਨੂੰਨਾਂ ਦਾ ਕਿਰਤੀਆਂ ‘ਤੇ ਪ੍ਰਭਾਵ” ਵਿਸ਼ੇ ‘ਤੇ ਵੈਬੀਨਾਰ

298
Share

-ਸੋਧੇ ਕਿਰਤੀ ਕਾਨੂੰਨ ਕਿਰਤੀਆਂ ਨੂੰ ਆਰਥਿਕ ਗੁਲਾਮੀ ਤੇ ਬੰਧੂਆਂ ਮਜ਼ਦੂਰੀ ਦੀ ਦਲਦਲ ‘ਚ ਧੱਕਣਗੇ : ਹਰਭਜਨ ਸਿੰਘ
-ਸੰਘਰਸ਼ ਕਰ ਰਹੇ ਲੋਕਾਂ ਨੂੰ ਅਰਬਨ ਨਕਸਲੀ ਤੇ ਦੇਸ਼-ਧਰੋਹ ਦਾ ਲੇਬਲ ਲਾ ਕੇ ਦਬਾਇਆ ਜਾ ਰਿਹਾ ਹੈ : ਪੱਤਰਕਾਰ ਮੰਚ
ਲੰਡਨ, 14 ਅਕਤੂਬਰ (ਨਰਪਾਲ ਸਿੰਘ ਸ਼ੇਰਗਿੱਲ/ਪੰਜਾਬ ਮੇਲ)- ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ ਨੇ ਸਮਕਾਲੀ ਮੁੱਦਿਆਂ ਬਾਰੇ ਕੌਮਾਂਤਰੀ ਵੈਬੀਨਾਰ ਕਰਵਾਉਣ ਦੀ ਲੜੀ ਅੱਗੇ ਤੋਰਦਿਆਂ ਇਸ ਵਾਰ ”ਸੋਧੇ ਕਿਰਤ ਕਾਨੂੰਨਾਂ ਦਾ ਕਿਰਤੀਆਂ ‘ਤੇ ਪ੍ਰਭਾਵ” ਮੁੱਦੇ ਬਾਰੇ ਵਿਚਾਰ ਚਰਚਾ ਛੇੜੀ। ਹਿੰਦ ਮਜ਼ਦੂਰ ਸਭਾ (ਐੱਚ.ਐੱਮ.ਐੱਸ.) ਦੇ ਜਨਰਲ ਸਕੱਤਰ ਹਰਭਜਨ ਸਿੰਘ ਸਿੱਧੂ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕਰਦਿਆਂ ਇਨ੍ਹਾਂ ਕਾਨੂੰਨਾਂ ਦੀ ਬਰੀਕੀ ਨਾਲ ਚੀਰ-ਫਾੜ ਕੀਤੀ ਅਤੇ ਇਨ੍ਹਾਂ ਨੂੰ ਧੁਰ ਕਿਰਤ ਤੇ ਕਿਰਤੀ ਵਿਰੋਧੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਮੁਲਕ ‘ਚ 50 ਕਰੋੜ ਵਰਕਰ ਹਨ, ਜਿਨ੍ਹਾਂ ‘ਚੋਂ ਮਸਾਂ ਸੱਤ ਫੀਸਦੀ ਹੀ ਜੱਥੇਬੰਦਕ ਖੇਤਰ ‘ਚ ਤੇ ਬਾਕੀ ਗੈਰ ਜਥੇਬੰਦਕ ਖੇਤਰ ‘ਚ ਹਨ। ਉਨ੍ਹਾਂ ਸਾਰਿਆਂ ਨੂੰ ਇਹ ਕਾਨੂੰਨ ਆਰਥਿਕ ਗੁਲਾਮੀ ਤੇ ਬੰਧੂਆਂ ਮਜ਼ਦੂਰੀ ਦੀ ਦਲਦਲ ਵਿਚ ਧੱਕਣਗੇ। ਉਨ੍ਹਾਂ ਅੱਗੇ ਕਿਹਾ ਕਿ ਨੌਂਵੇ ਦਹਾਕੇ ‘ਚ ਨਰਸਿੰਮਾ ਰਾਓ ਤੇ ਮਨਮੋਹਨ ਸਿੰਘ ਦੀ ਜੋੜੀ ਵਲੋਂ ਪੂੰਜੀਵਾਦੀ ਵਿਸ਼ਵੀਕਰਨ ਤੇ ਬੇਲਗਾਮ ਮੰਡੀ ਦੀ ਆਰਥਿਕਤਾ ਨੂੰ ਪਹਿਲਾਂ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ‘ਚ ਐੱਨ.ਡੀ.ਏ. ਸਰਕਾਰ ਨੇ ਡਿਸਇਨਵੈਸਟਮੈਂਟ ਦਾ ਵਿਸ਼ੇਸ਼ ਵਿਭਾਗ ਕਾਇਮ ਕਰਕੇ ਮੁਨਾਫ਼ਾ ਕਮਾ ਰਹੇ ਪਬਲਿਕ ਸੈਕਟਰ ਨੂੰ ਕਾਰਪੋਰੇਟ ਘਰਾਣਿਆਂ ਨੂੰ ਔਣੇ-ਪੌਣੇ ਭਾਅ ਵੇਚਣ ਦਾ ਤੇ ਸਰਕਾਰੀ ਅਦਾਰਿਆਂ ਦਾ ਕੱਦ ਤੇ ਕਦਰ ਘਟਾਈ ਦਾ ਮੁੱਢ ਬੰਨ੍ਹਿਆ ਸੀ। ਇਸੇ ਨੂੰ ਤੇਜ਼ੀ ਨਾਲ ਅੱਗੇ ਵਧਾਉਂਦਿਆਂ ਨਰਿੰਦਰ ਮੋਦੀ ਦੀ ਅਗਵਾਈ ‘ਚ ਭਾਰੀ ਬਹੁਮਤ ਨਾਲ ਮੁੜ ਸੱਤਾ ‘ਤੇ ਕਾਬਜ਼ ਹੋਈ ਐੱਨ.ਡੀ.ਏ. ਸਰਕਾਰ ਨੇ ਇਕ ਤਰ੍ਹਾਂ ਨਾਲ ਕਾਰਪੋਰੇਟ ਘਰਾਣਿਆਂ ਦਾ ਅਹਿਸਾਨ ਲਾਹੁਣ ਲਈ ਸੇਲ ਹੀ ਲਾ ਦਿੱਤੀ ਹੈ। ਏਅਰ ਇੰਡੀਆ, ਸ਼ਿਪ ਯਾਰਡ ਕੰਪਨੀ, ਭਾਰਤ ਪੈਟਰੋਲੀਅਮ ਕੰਪਨੀ, ਡਿਫੈਂਸ ਫੈਕਟਰੀਆਂ ਰੇਲਵੇ ਤੇ ਐੱਲ.ਆਈ.ਸੀ. ਸਮੇਤ ਤਮਾਮ ਸਾਰੇ ਮੁਨਾਫਾ ਕਮਾ ਰਹੇ ਤੇ ਮਿਆਰੀ ਸਰਵਿਸ ਦੇ ਰਹੇ ਅਦਾਰੇ ਇੱਕ-ਇੱਕ ਕਰਕੇ ਵੇਚੇ ਜਾ ਰਹੇ ਹਨ। ਉਨ੍ਹਾਂ ਦਾ ਇਹ ਰਾਹ ਡੱਕਣ ਵਾਲੀ ਹਰ ਕੋਸ਼ਿਸ਼ ਤੇ ਰੋਸ ਨੂੰ, ਅਰਬਨ ਨਕਸਲੀ ਤੇ ਦੇਸ਼ ਧਰੋਹ ਦਾ ਲੇਬਲ ਲਾ ਕੇ ਰਾਜਕੀ ਜ਼ੋਰ-ਜ਼ਬਰ ਨਾਲ ਦਬਾਇਆ ਜਾ ਰਿਹਾ ਹੈ। ਇਸ ਗੈਰ ਲੋਕਤੰਤਰੀ ਤੇ ਤਾਨਾਸ਼ਾਹੀ ਦੌਰ ‘ਚ ਵੀ ਮੁਲਕ ਦੀਆਂ 12 ਪ੍ਰਮੁੱਖ ਟਰੇਡ ਯੂਨੀਅਨਾਂ ਸਮੁੱਚੀ ਟਰੇਡ ਯੂਨੀਅਨ ਸ਼ਕਤੀ ਇਕੱਠੀ ਕਰਕੇ ਤੇ ਕਿਸਾਨੀ ਤੇ ਨੌਜੁਆਨੀ ਦੇ ਸਮੇਤ ਵੱਖ-ਵੱਖ ਲੜੇ ਜਾ ਰਹੇ ਸੰਘਰਸ਼ਾਂ ਨਾਲ ਸਾਂਝ ਕਾਇਮ ਕਰਕੇ ਇਕ ਵੱਡੀ ਲੋਕ ਸ਼ਕਤੀ ਉਸਾਰਨ ਲਈ ਯਤਨਸ਼ੀਲ ਹਨ। ਇਸੇ ਕੜੀ ਵਜੋਂ ਹੀ ਉਨ੍ਹਾਂ ਵਲੋਂ 26 ਨਵੰਬਰ ਨੂੰ ਮੁਲਕ ਵਿਆਪੀ ਹੜਤਾਲ ਦਾ ਵੀ ਸੱਦਾ ਹੈ।
ਮੰਚ ਦੇ ਅੰਤਰਰਾਸ਼ਟਰੀ ਮੀਡੀਆ ਕੋਆਰਡੀਨੇਟਰ ਨਰਪਾਲ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਪ੍ਰਧਾਨ ਗੁਰਮੀਤ ਸਿੰਘ ਪਲਾਹੀ ਦੀ ਅਗਵਾਈ ‘ਚ ਕਰਵਾਏ ਗਏ ਵੈਬੀਨਾਰ ‘ਚ ਵਿਚਾਰ ਚਰਚਾ ਨੂੰ ਅੱਗੇ ਤੋਰਦਿਆਂ ਡਾ. ਗਿਆਨ ਸਿੰਘ ਨੇ ਟਰੇਡ ਯੂਨੀਅਨਾਂ ਨੂੰ ਆਪਣੀ ਵਿਭਾਗੀ ਜ਼ਿੰਮੇਵਾਰੀ ਨਿਭਾਉਣ, ਵਿਭਾਗਾਂ ਦੀ ਰਾਖੀ ਲਈ ਨਿਭਾਈ ਭੂਮਿਕਾ ਤੇ ਲੋਕਾਂ ਨਾਲ ਨਿਭਾਈ ਵਫ਼ਾਦਾਰੀ ਦੀ ਸਵੈ-ਪੜਚੋਲ ਕਰਨ ਤੇ ਆਪਣੇ ਸੰਘਰਸ਼ ਨੂੰ ਸਮਕਾਲੀ ਸੰਘਰਸ਼ਾਂ ਨਾਲ ਜੋੜਨ ਦਾ ਮਸ਼ਵਰਾ ਦੇਣ ਉਪਰੰਤ ਡਾ. ਆਸਾ ਸਿੰਘ ਘੁੰਮਣ ਨੇ ਕਰੋਨਾ ਕਾਲ ‘ਚ ਲੋਕਾਂ ਦੀ ਡਰਾਈ ਤੇ ਖੌਫਜਦਾ ਮਾਨਸਿਕਤਾ ਦਾ ਫਾਇਦਾ ਉਠਾ ਕੇ ਖੇਤੀ ਬਿਜਲੀ ਤੇ ਕਿਰਤ ਕਾਨੂੰਨਾਂ ਸਮੇਤ ਕਈ ਆਰਡੀਨੈਂਸ ਜਾਰੀ ਕਰਨੇ ਤੇ ਮੁੜ ਇਨ੍ਹਾਂ ਨੂੰ ਬਿੱਲ ਵਜੋਂ ਪਾਸ ਕਰਾਉਣਾ ਕੇਂਦਰ ਸਰਕਾਰ ਵਲੋਂ ਆਪਣੇ ਗੁਪਤ ਏਜੰਡਾ ਲਾਗੂ ਕਰਨ ਦਾ ਤੱਥ ਜੋੜਿਆ। ਕੇਹਰ ਸ਼ਰੀਫ ਜਰਮਨੀ ਮੁਤਾਬਕ ਸੀਮਤ ਜਿਹੇ ਲੋਕ ਰਾਜ ‘ਚੋਂ ਵੀ ਲੋਕਾਂ ਨੂੰ ਖਾਰਜ ਕੀਤਾ ਜਾ ਰਿਹਾ ਹੈ। ਵਿਸ਼ਵ ‘ਚ ਕਈ ਯੂਰਪੀ ਮੁਲਕਾਂ ‘ਚ 8 ਘੰਟੇ ਦੀ ਪੂਰੀ ਤਨਖਾਹ ਨਾਲ 6 ਘੰਟੇ ਦਿਹਾੜੀ ਲਾਗੂ ਕਰਨ ਦੀ ਮੁਹਿੰਮ ਹੈ, ਉਥੇ ਭਾਰਤ ‘ਚ ਕਿਰਤ ਕਾਨੂੰਨਾਂ ਨੂੰ ਪੁੱਠਾ ਗੇੜਾ ਦੇ ਕੇ 12 ਘੰਟੇ ਕੰਮ ਦਿਹਾੜੀ ਕਰਨ ਦੇ ਯਤਨ ਹਨ। ਕੇ. ਜਵੰਦਾ ਨੇ ਪਬਲਿਕ ਸੈਕਟਰ ਦੇ ਪਬਲਿਕ ਸਰਵਿਸ ਡਿਲਵਰੀ ਸਿਸਟਮ ‘ਚ ਆਏ ਵਿਗਾੜਾਂ ‘ਤੇ ਉਂਗਲ ਰੱਖੀ। ਡਾ. ਐੱਸ.ਪੀ. ਸਿੰਘ ਸਾਬਕਾ ਉਪ ਕੁਲਪਤੀ ਨੇ ਕਿਹਾ ਕਿ ਮੁਲਕ ‘ਚ ਧੱਕੜ ਪੂੰਜੀਵਾਦੀ ਵਿਸ਼ਵੀਕਰਨ ਲਾਗੂ ਕਰਕੇ ਬੰਧਨ ਮੁਕਤ ਆਰਥਿਕਤਾ ਲਾਗੂ ਕੀਤੀ ਜਾ ਰਹੀ ਹੈ ਤੇ ਮੁਨਾਫਾਵੰਦੇ ਵਿਭਾਗਾਂ ਦੀ ਥੋਕ ਵਿਕਰੀ ਲਾਈ ਹੋਈ ਹੈ। ਮੋਤਾ ਸਿੰਘ ਸਰਾਏ ਅਤੇ ਪ੍ਰੋ. ਰਣਜੀਤ ਧੀਰ ਨੇ ਪੱਛਮੀ ਮੁਲਕਾਂ ‘ਚ ਸਰਮਾਏਦਾਰੀ ਦੇ ਪਸਾਰ ਦੀ ਚਰਚਾ ਕੀਤੀ ਅਤੇ ਪੱਛਮੀ ਦੇਸ਼ਾਂ ਵਿਚ ਕਿਰਤੀਆਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਵਿਸਥਾਰ ਦਿੱਤਾ। ਰਵਿੰਦਰ ਚੋਟ ਨੇ ਕਰੋਨਾ ਕਾਲ ਵਿਚ ਕਿਰਤ ਕਾਨੂੰਨ ‘ਚ ਸਰਕਾਰ ਵਲੋਂ ਕੀਤੀਆਂ ਸੋਧਾਂ ਦਾ ਵੇਰਵਾ ਦਿੱਤਾ।
ਇਸ ਵੈਬੀਨਾਰ ਵਿਚ ਹੋਰਨਾਂ ਤੋਂ ਬਿਨ੍ਹਾਂ ਗੁਰਮੀਤ ਸਿੰਘ ਪਲਾਹੀ, ਡਾ. ਹਰਜਿੰਦਰ ਵਾਲੀਆ, ਪ੍ਰੋ. ਰਣਜੀਤ ਧੀਰ ਯੂ.ਕੇ., ਸੁਰਿੰਦਰ ਮਚਾਕੀ, ਮਨਜੀਤ ਆਹਲੂਵਾਲੀਆ, ਬਲਜੀਤ ਸਿੰਘ, ਚਰਨਜੀਤ ਸਿੰਘ ਪੰਜਾਬੀ ਯੂਨੀਵਰਸਿਟੀ, ਡਾ. ਚਰਨਜੀਤ ਸਿੰਘ ਗੁਮਟਾਲਾ, ਮਲਵਿੰਦਰ ਸਿੰਘ ਮਾਲੀ, ਗੁਰਚਰਨ ਸਿੰਘ ਨੂਰਪੁਰ, ਗੁਰਪ੍ਰੀਤ ਸਿੱਧੂ, ਗਿਆਨ ਸਿੰਘ, ਕੁਲਦੀਪ ਚੰਦ, ਕੁਲਵੰਤ ਬਾਵਾ, ਮਨਦੀਪ ਸਿੰਘ, ਨਿਰਮਲ ਸਿੰਘ, ਪਰਮਜੀਤ ਸਿੰਘ, ਸੁਨੀਲ ਕੁਮਾਰ, ਗੁਰਪ੍ਰੀਤ ਦਿਓਲ, ਰਾਜਕਮਲ, ਗੁਲਾਮ ਚੰਦ ਚੌਹਾਨ, ਕੁਮਾਰ ਸਵਾਮੀ, ਪਰਵਿੰਦਰਜੀਤ ਸਿੰਘ ਨੇ ਹਿੱਸਾ ਲਿਆ ।


Share