ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ਪੁਰਬ ਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿ ਨਹੀਂ ਜਾਵੇਗਾ ਜਥਾ

71
Share

* ਕੋਵਿਡ ਦੀ ਤੀਜੀ ਲਹਿਰ ਕਾਰਨ ਐੱਨ.ਸੀ.ਓ.ਸੀ. ਨੇ ਲਾਈ ਰੋਕ
ਅੰਮਿ੍ਰਤਸਰ, 3 ਜੂਨ (ਪੰਜਾਬ ਮੇਲ)-ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਗੂ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਲਾਹੌਰ ’ਚ ਗੁਰੂ ਅਰਜਨ ਦੇਵ ਜੀ ਦੇ 16 ਜੂਨ ਨੂੰ ਮਨਾਏ ਜਾ ਰਹੇ ਸ਼ਹੀਦੀ ਪੁਰਬ ਅਤੇ 29 ਜੂਨ ਨੂੰ ਮਨਾਈ ਜਾ ਰਹੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਮੱਦੇਨਜ਼ਰ ਨੈਸ਼ਨਲ ਕਮਾਂਡ ਤੇ ਆਪ੍ਰੇਸ਼ਨ ਸੈਂਟਰ (ਐੱਨ.ਸੀ.ਓ.ਸੀ.) ਵੱਲੋਂ ਭਾਰਤੀ ਜਥੇ ਦੇ ਪਾਕਿ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਆਉਣ ’ਤੇ ਰੋਕ ਲਗਾ ਦਿੱਤੀ ਗਈ ਹੈ। ਇਹ ਫ਼ੈਸਲਾ ਬੁੱਧਵਾਰ ਦੇਰ ਸ਼ਾਮ ਇਸਲਾਮਾਬਾਦ ’ਚ ਹੋਈ ਐੱਨ.ਸੀ.ਓ.ਸੀ. ਦੀ ਬੈਠਕ ’ਚ ਲਿਆ ਗਿਆ।
ਇਸਲਾਮਾਬਾਦ ਤੋਂ ਇਹ ਜਾਣਕਾਰੀ ਸਾਂਝੀ ਕਰਦਿਆਂ ਪੀ.ਐੱਸ.ਜੀ.ਪੀ.ਸੀ. ਦੇ ਜਨਰਲ ਸਕੱਤਰ ਅਮੀਰ ਸਿੰਘ ਨੇ ਦੱਸਿਆ ਕਿ ਪਾਕਿ ’ਚ ਕੋਵਿਡ ਦੀ ਤੀਜੀ ਲਹਿਰ ਦੇ ਖ਼ਤਰੇ ਨੂੰ ਵੇਖਦਿਆਂ ਸਭ ਧਰਮਾਂ ਦੇ ਲੋਕਾਂ ਦੇ ਧਾਰਮਿਕ ਇਕੱਠ ਕਰਨ ’ਤੇ ਸਖ਼ਤੀ ਨਾਲ ਰੋਕ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਈ.ਟੀ.ਪੀ.ਬੀ. ਵੱਲੋਂ ਐੱਨ.ਸੀ.ਓ.ਸੀ. ਪਾਸੋਂ ਉਕਤ ਦਿਹਾੜਿਆਂ ਮੌਕੇ ਭਾਰਤ ਤੋਂ ਜਥਾ ਮੰਗਵਾਉਣ ਤੇ ਗੁਰਦੁਆਰਾ ਡੇਰਾ ਸਾਹਿਬ ’ਚ ਇਕੱਠ ਕਰਨ ਲਈ ਪੱਤਰ ਲਿਖ ਕੇ ਮਨਜ਼ੂਰੀ ਮੰਗੀ ਗਈ ਸੀ ਪਰ ਉਕਤ ਅਦਾਰੇ ਵੱਲੋਂ ਸਪੱਸ਼ਟ ਤੌਰ ’ਤੇ ਕਿਹਾ ਗਿਆ ਕਿ ਭਾਰਤ ’ਚ ਕੋਰੋਨਾ ਦੇ ਬਾਅਦ ਫੰਗਸ ਦੇ ਮਾਮਲੇ ਸਾਹਮਣੇ ਆਉਣ ਕਰਕੇ ਇਸ ਵਾਰ ਭਾਰਤੀ ਜਥੇ ਨੂੰ ਪਾਕਿ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਸੇ ਦੌਰਾਨ ਪਾਕਿ ਸਿੱਖ ਆਗੂ ਬਿਸ਼ਨ ਸਿੰਘ ਨੇ ਦੱਸਿਆ ਕਿ ਪੀ.ਐੱਸ.ਜੀ.ਪੀ.ਸੀ. ਤੇ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ ਵੱਲੋਂ ਸਾਂਝੇ ਤੌਰ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਲਈ ਪਾਕਿਸਤਾਨ ਦੇ ਇਕ ਸਾਲ ਦੇ ਮਲਟੀਪਲ ਵੀਜ਼ੇ ਦੀ ਦਿੱਲੀ ਸਥਿਤ ਪਾਕਿ ਹਾਈ ਕਮਿਸ਼ਨ ਨੂੰ ਸਿਫ਼ਾਰਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਥਿਤ ਪਾਕਿ ਹਾਈ ਕਮਿਸ਼ਨ ਦੇ ਇਨ੍ਹੀਂ ਦਿਨੀਂ ਬੰਦ ਹੋਣ ਕਰਕੇ ਗਿਆਨੀ ਹਰਪ੍ਰੀਤ ਸਿੰਘ ਦਾ ਸ਼ਹੀਦੀ ਪੁਰਬ ਮੌਕੇ ਪਾਕਿ ਆਉਣਾ ਸੰਭਵ ਨਹੀਂ ਵਿਖਾਈ ਦੇ ਰਿਹਾ।


Share