ਪੜ੍ਹਾਈ ਲਈ ਕੈਨੇਡਾ ਜਾਣ ਲਈ ਵਿਦਿਆਰਥੀ ਹੋ ਰਹੇ ਤਰਲੋਮੱਛੀ

657

ਕੈਨੇਡਾ, 18 ਸਤੰਬਰ (ਪੰਜਾਬ ਮੇਲ)- ਸਤੰਬਰ ਤੇ ਅਕਤੂਬਰ ‘ਚ ਕੈਨੇਡਾ ਦੇ ਕਾਲਜਾਂ ਤੇ ਯੂਨੀਵਰਸਿਟੀਆਂ ‘ਚ ਸ਼ੁਰੂ ਹੋ ਰਹੀ ਪੜ੍ਹਾਈ ਲਈ ਕੈਨੇਡਾ ਜਾਣ ਲਈ ਅੰਤਰਰਾਸ਼ਟਰੀ ਵਿਦਿਆਰਥੀ ਤਰਲੋਮੱਛੀ ਹੋ ਰਹੇ ਹਨ ਪਰ ਜਾਣ ਜਾਂ ਨਾ ਜਾਣ ਬਾਰੇ ਸਥਿਤੀ ਅਜੇ ਵੀ ਭੰਬਲਭੂਸੇ ਵਾਲੀ ਬਣੀ ਹੋਈ ਹੈ। ਭਾਰਤ ਤੋਂ ਜਹਾਜ਼ ਫੜ੍ਹ ਕੇ ਕੈਨੇਡਾ ਜਾਣ ਵਾਲੇ 235 ਵਿਦੇਸ਼ੀਆਂ ਨੂੰ ਕੈਨੇਡਾ ਬਾਰਡਰ ਸਰਵਿਸ ਏਜੰਸੀ (CBSA) ਨੇ 22 ਮਾਰਚ ਤੋਂ 22 ਜੁਲਾਈ ਵਿਚਕਾਰ ਵਾਪਸ ਮੋੜਿਆ, ਜਿਨ੍ਹਾਂ ‘ਚ ਬਹੁ ਗਿਣਤੀ ਭਾਰਤੀ ਵਿਦਿਆਰਥੀਆਂ ਦੀ ਸੀ। 22 ਜੁਲਾਈ ਤੋਂ ਬਾਅਦ ਕੈਨੇਡਾ ਸਰਕਾਰ ‘ਤੇ ਦਬਾਅ ਬਣਨ ਤੋਂ ਬਾਅਦ ਵਿਦਿਆਰਥੀਆਂ ਨੂੰ ਵਾਪਸ ਮੋੜਨ ਦਾ ਸਿਲਸਿਲਾ ਥੋੜ੍ਹਾ ਮੱਠਾ ਪਿਆ ਹੈ ਪਰ ਅਜੇ ਵੀ ਕਿਸੇ ਨਾ ਕਿਸੇ ਵਿਦਿਆਰਥੀ ਨੂੰ ਵਾਪਸ ਮੋੜਨ ਦੀ ਖ਼ਬਰ ਮਿਲਦੀ ਰਹਿੰਦੀ ਹੈ। ਤਾਜ਼ਾ ਸਥਿਤੀ ਭਾਵੇਂ ਹੈ ਤਾਂ ਭੰਬਲਭੂਸੇ ਵਾਲੀ ਪਰ ਸੁੱਖ ਦੀ ਖ਼ਬਰ ਇਹ ਹੈ ਕਿ ਕੈਨੇਡਾ ‘ਚ ਐਂਟਰੀ ਲਈ ਉਹ ਬਹਾਨੇ ਲਾਏ ਜਾ ਸਕਦੇ ਹਨ, ਜਿਨ੍ਹਾਂ ਦਾ ਇੰਮੀਗ੍ਰੇਸ਼ਨ, ਰਿਫਿਊਜ਼ੀ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਨੇ ਖੁਦ ਜ਼ਿਕਰ ਕੀਤਾ ਹੈ। ਇਨ੍ਹਾਂ ਬਹਾਨਿਆਂ ‘ਚ ਸਭ ਤੋਂ ਪਹਿਲਾ ਤਾਂ ਉਹੀ ਪਹਿਲਾਂ ਵਾਲਾ ਹੀ ਹੈ ਮਤਲਬ ਪ੍ਰੈਕਟੀਕਲ ਕੰਮ/ਲੈਬਾਰਟਰੀ ਜਾਂ ਕੋਈ ਹੋਰ ਅਜਿਹਾ ਕੰਮ, ਜਿਸ ਤਹਿਤ ਵਿਦਿਆਰਥੀ ਦਾ ਕੈਨੇਡਾ ‘ਚ ਹੋਣਾ ਬਹੁਤ ਜਰੂਰੀ ਹੈ। ਦੂਜਾ, ਇੰਟਰਨੈੱਟ ਕੁਨੈਕਸ਼ਨ ਦੀ ਮੱਠੀ ਰਫ਼ਤਾਰ ਅਤੇ ਤੀਜਾ ਟਾਈਮ ਜ਼ੋਨ ਦਾ ਫਰਕ ਹੋਣਾ, ਕਿਉਂਕਿ ਜਦੋਂ ਕੈਨੇਡਾ ‘ਚ ਦਿਨ ਹੁੰਦਾ ਹੈ, ਉਦੋਂ ਭਾਰਤ ‘ਚ ਅਜੇ ਰਾਤ ਹੁੰਦੀ ਹੈ ਤੇ ਲਗਭਗ ਸਾਢੇ ਨੌਂ ਘੰਟਿਆਂ ਦਾ ਸਮੇਂ ਦਾ ਫਰਕ ਹੈ। ਚੌਥਾ ਬਹਾਨਾ ਤਾਂ ਪੱਕਾ ਕੰਮ ਕਰੇਗਾ, ਇਹ ਸਿਰਫ ਉਨ੍ਹਾਂ ਲਈ ਹੈ, ਜਿਨ੍ਹਾਂ ਵਿਦਿਆਰਥੀਆਂ ਦਾ ਕਾਲਜ ਆਨਲਾਈ ਪੜ੍ਹਾਈ ਨਹੀਂ ਕਰਵਾ ਰਿਹਾ।

ਉਕਤ ਕਾਰਨਾਂ ਨੂੰ ਭਾਵੇਂ ਇੰਮੀਗ੍ਰੇਸ਼ਨ, ਰਿਫਿਊਜ਼ੀ ਐਂਡ ਸਿਟੀਜ਼ਨਸ਼ਿਪ ਕਨੇਡਾ (IRCC) ਨੇ Non-discretionary ਐਲਾਨਿਆ ਹੈ ਪਰ ਗੇਂਦ ਕੈਨੇਡਾ ਬਾਰਡਰ ਸਰਵਿਸ ਏਜੰਸੀ (CBSA) ਦੇ ਪਾਲੇ ‘ਚ ਸੁੱਟ ਕੇ ਕਿਹਾ ਕਿ ਅੰਤਿਮ ਫੈਸਲਾ ਵਿਦਿਆਰਥੀ ਦੇ ਕਾਗਜ਼ ਪੱਤਰ ਚੈੱਕ ਕਰਨ ਤੋਂ ਬਾਅਦ ਬਾਰਡਰ ਸਰਵਿਸ ਅਫਸਰ ਹੀ ਤੈਅ ਕਰੇਗਾ ਕਿ ਵਿਦਿਆਰਥੀ ਨੂੰ ਹਰੀ ਝੰਡੀ ਦਿਖਾਉਣੀ ਹੈ ਕਿ ਲਾਲ। ਪਰ ਖ਼ੁਸ਼ ਖ਼ਬਰੀ ਇਹ ਹੈ ਕਿ ਜਿਆਦਾਤਰ ਵਿਦਿਆਰਥੀਆਂ ਨੂੰ ਹਰੀ ਝੰਡੀ ਹੀ ਮਿਲ ਰਹੀ ਹੈ।