ਪ੍ਰੋ. ‘ਦਵਿੰਦਰ ਪਾਲ ਭੁੱਲਰ’ ਪੈਰੋਲ ‘ਤੇ ਰਿਹਾਅ

694
Share

ਅਜਨਾਲਾ, 4 ਅਪ੍ਰੈਲ (ਪੰਜਾਬ ਮੇਲ)- ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ‘ਚ ਸਜ਼ਾ ਭੁਗਤ ਰਹੇ ਪ੍ਰੋ. ਦਵਿੰਦਰ ਸਿੰਘ ਭੁੱਲਰ ਨੂੰ ਪੈਰੋਲ ‘ਤੇ ਰਿਹਾਅ ਕਰ ਦਿੱਤਾ ਗਿਆ ਹੈ। ਸੂਬੇ ‘ਚ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਰਕਾਰ ਵੱਲੋਂ 6 ਹਜ਼ਾਰ ਦੇ ਕਰੀਬ ਛੱਡੇ ਜਾ ਰਹੇ ਕੈਦੀਆਂ ਦੀ ਲੜੀ ਤਹਿਤ ਹੀ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਪੈਰੋਲ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪ੍ਰੋ. ਭੁੱਲਰ ਨੂੰ 42 ਦਿਨਾਂ ਦੀ ਪੈਰੋਲ ‘ਤੇ ਘਰ ਭੇਜਿਆ ਗਿਆ ਹੈ। ਦਵਿੰਦਰ ਪਾਲ ਸਿੰਘ ਭੁੱਲਰ ਸਮੇਤ 59 ਕੈਦੀਆਂ ਨੂੰ ਜੇਲ੍ਹ ‘ਚੋਂ ਰਿਹਾਅ ਕੀਤਾ ਗਿਆ ਹੈ ਅਤੇ ਹੁਣ ਤੱਕ ਕੁੱਲ 529 ਕੈਦੀਆਂ ਨੂੰ ਕੇਂਦਰੀ ਜੇਲ੍ਹ ‘ਚੋਂ ਰਿਹਾਅ ਕੀਤਾ ਜਾ ਚੁੱਕਾ ਹੈ। 

ਦਵਿੰਦਰ ਪਾਲ ਸਿੰਘ ਭੁੱਲਰ ਨੂੰ ਸਖ਼ਤ ਪੁਲਸ ਸੁਰੱਖਿਆ ਪ੍ਰਬੰਧਾਂ ਹੇਠ ਰਣਜੀਤ ਐਵੀਨਿਊ ਅੰਮ੍ਰਿਤਸਰ ਵਿਚਲੇ ਘਰ ਅੰਦਰ ਭੇਜ ਦਿੱਤਾ ਗਿਆ ਹੈ। ਇਸ ਦੌਰਾਨ ਭੁੱਲਰ ਕਿਤੇ ਵੀ ਆ ਜਾ ਨਹੀਂ ਸਕਣਗੇ ਅਤੇ ਜੇਕਰ ਉਨ੍ਹਾਂ ਨੇ ਕਿਤੇ ਆਉਣਾ-ਜਾਣਾ ਹੋਇਆ ਤਾਂ ਉਹ ਪਹਿਲਾਂ ਪੁਲਸ ਨੂੰ ਸੂਚਿਤ ਕਰਨਗੇ ਅਤੇ ਮਨਜ਼ੂਰੀ ਮਿਲਣ ਉਪਰੰਤ ਹੀ ਉਹ ਘਰ ਤੋਂ ਬਾਹਰ ਆ-ਜਾ ਸਕਣਗੇ।

ਇਸ ਤੋਂ ਇਲਾਵਾ ਕਿਸੇ ਗੈਰ ਵਿਅਕਤੀ ਨੂੰ ਮਿਲਣ ਲਈ ਵੀ ਉਨ੍ਹਾਂ ਨੂੰ ਪਹਿਲਾਂ ਮਨਜ਼ੂਰੀ ਲੈਣੀ ਪਵੇਗੀ। ਇੱਥੇ ਦੱਸਣਯੋਗ ਹੈ ਕਿ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਨੂੰ ਪਹਿਲਾਂ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਪਰ ਕੁੱਝ ਸਮਾਂ ਪਹਿਲਾਂ ਮਾਣਯੋਗ ਸੁਪਰੀਮ ਕੋਰਟ ਵੱਲੋਂ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ‘ਚ ਤਬਦੀਲ ਕਰ ਦਿੱਤਾ ਗਿਆ ਸੀ।


Share