ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਕਿਸੇ ਸਮੇਂ ਵੀ ਹੋ ਸਕਦੇ ਨੇ ਰਿਹਾਅ!

243
Share

-1996 ਤੋਂ ਜੇਲ੍ਹ ’ਚ ਹਨ ਬੰਦ
ਨਵੀਂ ਦਿੱਲੀ, 2 ਮਾਰਚ (ਪੰਜਾਬ ਮੇਲ)- ਕੇਂਦਰ ਸਰਕਾਰ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਜੇਲ੍ਹ ਵਿਚ ਕੈਦ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਹੁਣ ਕਿਸੇ ਸਮੇਂ ਵੀ ਰਿਹਾਅ ਕੀਤਾ ਸਕਦਾ ਹੈ। ਪ੍ਰੋ. ਭੁੱਲਰ 1996 ਤੋਂ ਬੰਬ ਧਮਾਕੇ ਕੇਸ ’ਚ ਜੇਲ੍ਹ ਵਿਚ ਬੰਦ ਹਨ। ਪਹਿਲਾਂ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਮੁਆਫ ਕੀਤੀ ਗਈ ਸੀ ਅਤੇ ਉਨ੍ਹਾਂ ਨੂੰ ਕਈ ਵਾਰ ਪੈਰੋਲ ’ਤੇ ਵੀ ਰਿਹਾਅ ਕੀਤਾ ਗਿਆ। ਪ੍ਰੋ. ਭੁੱਲਰ ਦੀ ਰਿਹਾਈ ਦੀ ਸਮੇਂ-ਸਮੇਂ ’ਤੇ ਸਿੱਖ ਜਥੇਬੰਦੀਆਂ ਨੇ ਅਪੀਲ ਕੀਤੀ। 2019 ’ਚ ਭਾਰਤ ਦੀ ਕੇਂਦਰ ਸਰਕਾਰ ਨੇ ਉਨ੍ਹਾਂ ਦੀ ਰਿਹਾਈ ਦਾ ਰਾਹ ਪੱਧਰਾ ਕੀਤਾ ਸੀ। ਪਰ ਮਨਿੰਦਰਜੀਤ ਸਿੰਘ ਬਿੱਟਾ ਦੀ ਇੱਕ ਪਟੀਸ਼ਨ ਕਾਰਨ ਉਨ੍ਹਾਂ ਦੀ ਰਿਹਾਈ ਸੁਪਰੀਮ ਕੋਰਟ ਵੱਲੋਂ ਰੋਕ ਦਿੱਤੀ ਗਈ ਸੀ। ਪਿਛਲੇ ਸਮੇਂ ਦੌਰਾਨ ਦਿੱਲੀ ਅਸੈਂਬਲੀ ਵਿਚ ਵੀ ਇਸ ਦੀ ਰਿਹਾਈ ਬਾਰੇ ਗੱਲਬਾਤ ਚੱਲੀ ਸੀ ਅਤੇ ਇਹ ਸੁਣਨ ਵਿਚ ਆਇਆ ਸੀ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਪ੍ਰੋ. ਰਿਹਾਈ ’ਤੇ ਕੋਈ ਅਮਲ ਨਹੀਂ ਕੀਤਾ, ਜਿਸ ਦਾ ਸਿੱਖ ਹਲਕੇ ਵਿਚ ਬੜਾ ਰੋਸ ਪਾਇਆ ਗਿਆ। ਪਰ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਅਤੇ ‘ਆਪ’ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਇਹ ਸਪੱਸ਼ਟੀਕਰਨ ਦਿੱਤਾ ਸੀ ਕਿ ਇਸ ਦਾ ਦਿੱਲੀ ਅਸੈਂਬਲੀ ਨਾਲ ਕੋਈ ਵਾਸਤਾ ਨਹੀਂ ਹੈ, ਸਗੋਂ ਐੱਸ.ਆਰ.ਬੀ. ਰਾਹੀਂ ਇਸ ਕੇਸ ਪੈਂਡਿੰਗ ਹੈ।
ਇਸ ਸੰਬੰਧੀ ਭਰੋਸੇਯੋਗ ਸੂਤਰਾਂ ਤੋਂ ਹੁਣ ਪਤਾ ਲੱਗਾ ਹੈ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਹੁਣ ਕਿਸੇ ਪਲ ਵੀ ਸੰਭਵ ਹੈ। ਪ੍ਰੋ. ਭੁੱਲਰ ਦੇ ਅਮਰੀਕਾ ਰਹਿੰਦੇ ਭਰਾ ਤਜਿੰਦਰਪਾਲ ਸਿੰਘ ਭੁੱਲਰ ਨੇ ਪ੍ਰੋ. ਭੁੱਲਰ ਦੀ ਰਿਹਾਈ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਸਮੂਹ ਸਿੱਖ ਜਥੇਬੰਦੀਆਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਹੈ। ਇਥੇ ਜ਼ਿਕਰਯੋਗ ਹੈ ਕਿ ਪ੍ਰੋ. ਭੁੱਲਰ ਦੇ ਪਿਤਾ ਅਤੇ ਮਾਸੜ ਜੀ ਨੂੰ 90 ਦੇ ਦਹਾਕਿਆਂ ਦੌਰਾਨ ਪੁਲਿਸ ਮੁਕਾਬਲੇ ਬਣਾ ਕੇ ਮਾਰ ਦਿੱਤਾ ਗਿਆ ਸੀ। ਕੈਲੀਫੋਰਨੀਆ ਰਹਿੰਦੀ ਉਨ੍ਹਾਂ ਦੀ ਮਾਤਾ ਜੀ ਉਪਕਾਰ ਕੌਰ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ। ਉਹ ਅੰਤ ਸਮੇਂ ਤੱਕ ਆਪਣੇ ਪੁੱਤਰ ਦੀ ਰਿਹਾਈ ਲਈ ਪੁਕਾਰ ਕਰਦੇ ਰਹੇ।
ਪ੍ਰੋ. ਭੁੱਲਰ ਦੀ ਪਤਨੀ ਨਵਨੀਤ ਕੌਰ ਨੇ ਵੀ ਉਨ੍ਹਾਂ ਦੀ ਰਿਹਾਈ ਲਈ ਕਾਫੀ ਭੱਜ-ਦੌੜ ਕੀਤੀ।

Share