ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ’ਤੇ ਰੋਕ ਲਗਾ ਕੇ ਕੇਜਰੀਵਾਲ ਨੇ ਸਿੱਖ ਕੌਮ ਨਾਲ ਧ੍ਰੋਹ ਕਮਾਇਆ ਹੈ : ਵਰਲਡ ਸਿੱਖ ਪਾਰਲੀਮੈਂਟ

303
Share

ਨਿਊਯਾਰਕ, 19 ਜਨਵਰੀ (ਪੰਜਾਬ ਮੇਲ)- 25 ਸਾਲਾਂ ਤੋਂ ਵੀ ਲੰਮੇ ਸਮੇਂ ਤੋਂ ਜੇਲ੍ਹ ਵਿਚ ਨਜ਼ਰਬੰਦ ਅਤੇ ਆਪਣੀ ਸਜ਼ਾ ਪੂਰੀ ਕਰ ਚੁੱਕੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਉੱਤੇ ਰੋਕ ਲਾਉਣ ਨਾਲ ਕੇਜਰੀਵਾਲ ਦਾ ਸਿੱਖ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਵਰਲਡ ਸਿੱਖ ਪਾਰਲੀਮੈਂਟ ਪੰਜਾਬ ਵਾਸੀ ਸਿੱਖਾਂ ਨੂੰ ਕੇਜਰੀਵਾਲ ਦੇ ਇਸ ਸਿੱਖ ਵਿਰੋਧੀ ਕਾਰੇ ਦਾ ਡੱਟ ਕੇ ਵਿਰੋਧ ਕਰਨ ਦੀ ਬੇਨਤੀ ਕਰਦੀ ਹੈ।¿;
ਭਾਰਤ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦਿਹਾੜੇ ’ਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਸੀ ਪਰ ਆਪਣੇ ਸਿੱਖ ਵਿਰੋਧੀ ਖਾਸੇ ਕਰਕੇ ਸਰਕਾਰ ਆਪਣੇ ਵਾਅਦੇ ਤੋਂ ਮੁਨਕਰ ਹੋ ਗਈ ਸੀ। ਪ੍ਰੋ. ਭੁੱਲਰ ਸਾਹਿਬ ਦੇ ਕੇਸ ਵਿਚ ਸੁਪਰੀਮ ਕੋਰਟ ਵੱਲੋਂ ਕੇਸ ਦਾ ਫੈਸਲਾ ਹੱਕ ਵਿਚ ਹੋਣ ਤੋਂ ਬਾਅਦ ਸਿਰਫ਼ ਦਿੱਲੀ ਸਰਕਾਰ ਦੀ ਮਨਜ਼ੂਰੀ ਦੀ ਲੋੜ ਸੀ, ਜਿਸ ਵਿਚ ਕੇਜਰੀਵਾਲ ਨੇ ਪ੍ਰੋ. ਭੁੱਲਰ ਸਾਹਿਬ ਦੇ ਵਿਰੋਧ ਵਿਚ ਫੈਸਲਾ ਕੀਤਾ ਹੈ।
ਕੇਜਰੀਵਾਲ ਪੰਜਾਬ ਅੰਦਰ ਆ ਕੇ ਪੰਜਾਬ ਦੇ ਵਾਸੀਆਂ ਦਾ ਭਲਾ ਕਰਨ ਦਾ ਢੌਂਗ ਰਚਾ ਰਿਹਾ ਹੈ ਪਰ ਪਿੱਛੇ-ਪਿੱਛੇ ਹਿੰਦੂਆਂ ਨੂੰ ਖੁਸ਼ ਰੱਖ ਕੇ ਵੋਟਾਂ ਬਟੋਰਨ ਦੀ ਮਨਸ਼ਾ ਨਾਲ ਸਿੱਖਾਂ ਦੇ ਪਿੱਠ ਵਿਚ ਛੁਰਾ ਖੋਭ ਰਿਹਾ ਹੈ। ਪੰਜਾਬ ਵਾਸੀਆਂ ਨੂੰ ਇਸ ਸਿੱਖ ਵਿਰੋਧੀ ਤੇ ਮਨੁੱਖੀ ਹੱਕਾਂ ਦੀ ਵਿਰੋਧੀ ਪਾਰਟੀ ਨੂੰ ਸਬਕ ਸਿਖਾਉਣਾ ਚਾਹੀਦਾ ਹੈ।
ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਸਿੱਖ ਕੌਮ ਲਈ ਇੱਕ ਬਹੁਤ ਵੱਡਾ ਮੁੱਦਾ ਹੈ। 11 ਜਨਵਰੀ ਨੂੰ ਚੰਡੀਗੜ੍ਹ ਵਿਚ ਸਿੱਖ ਕੌਮ ਵੱਲੋਂ ਬੰਦੀ ਸਿੰਘਾਂ ਦੇ ਹੱਕ ਵਿਚ ਕੱਢੇ ਮਾਰਚ ਨੇ ਇਹ ਗੱਲ ਹੋਰ ਵੀ ਚਿੱਟੇ ਦਿਨ ਵਾਂਗ ਸਾਫ ਕਰ ਦਿੱਤੀ ਹੈ। ਜਦ ਤੱਕ ਬੰਦੀ ਸਿੰਘ ਰਿਹਾਅ ਨਹੀਂ ਕੀਤੇ ਜਾਂਦੇ, ਅਸੀਂ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਹਰ ਪਲੇਟਫਾਰਮ ਤੋਂ ਭਾਰਤ ਸਰਕਾਰ ਖਿਲਾਫ ਆਵਾਜ਼ ਉਠਾਉਂਦੇ ਰਹਾਂਗੇ।
ਵਰਲਡ ਸਿੱਖ ਪਾਰਲੀਮੈਂਟ ਕੇਜਰੀਵਾਲ ਦੇ ਪ੍ਰੋ: ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਉੱਤੇ ਰੋਕ ਲਾਉਣ ਦੇ ਸਿੱਖ ਵਿਰੋਧੀ ਕਾਰੇ ਦੀ ਨਿਖੇਧੀ ਕਰਦੀ ਹੈ ਤੇ ਸਮੁੱਚੇ ਪੰਥ ਦਰਦੀ ਪੰਜਾਬ ਵਾਸੀਆਂ ਨੂੰ ਅਪੀਲ ਕਰਦੀ ਹੈ ਕਿ ਉਹ ਸਿੱਖ ਵਿਰੋਧੀ ਤਾਕਤਾਂ ਨੂੰ ਪੰਜਾਬ ਵਿਚੋਂ ਪਛਾੜਨ ਤੇ ਸਿੱਖ ਸਿਆਸੀ ਬੰਦੀਆਂ ਦੀ ਰਿਹਾਈ ਲਈ ਇੱਕਮੁੱਠ ਹੋ ਕੇ ਆਵਾਜ਼ ਉਠਾਉਣ।

Share