ਪ੍ਰਿੰਸ ਹੈਰੀ ਤੇ ਮੇਗਨ ਮਰਕੇਲ ਦੀ ਸੁਰੱਖਿਆ ਦਾ ਭੁਗਤਾਨ ਨਹੀਂ ਕਰੇਗਾ ਅਮਰੀਕਾ : ਟਰੰਪ

834
Share

-ਸ਼ਾਹੀ ਪਰਿਵਾਰ ਦੇ ਦੋਹਾਂ ਮੈਂਬਰਾਂ ਦੇ ਅਮਰੀਕਾ ਸ਼ਿਫਟ ਹੋਣ ‘ਤੇ ਟਰੰਪ ਨੇ ਕੀਤਾ ਟਵੀਟ
ਵਾਸ਼ਿੰਗਟਨ/ਲੰਡਨ, 1 ਅਪ੍ਰੈਲ (ਪੰਜਾਬ ਮੇਲ)- ਕੋਵਿਡ-19 ਦੇ ਇਨਫੈਕਸ਼ਨ ਦੇ ਲਗਾਤਾਰ ਵਾਧੇ ਨੂੰ ਦੇਖਦੇ ਹੋਏ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੇ ਪ੍ਰਿੰਸ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਗਨ ਮਰਕੇਲ ਹਾਲ ਹੀ ਵਿਚ ਕੈਨੇਡਾ ਤੋਂ ਕੈਲੀਫੋਰਨੀਆ ‘ਚ ਸ਼ਿਫਟ ਹੋ ਗਏ ਹਨ। ਇਸ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਸਾਫ ਕਰ ਦਿੱਤਾ ਕਿ ਪ੍ਰਿੰਸ ਹੈਰੀ ਅਤੇ ਮੇਗਨ ਮਰਕੇਲ ਦੀ ਸੁਰੱਖਿਆ ਦਾ ਭੁਗਤਾਨ ਅਮਰੀਕਾ ਨਹੀਂ ਕਰੇਗਾ।
ਟਰੰਪ ਨੇ ਕਿਹਾ ਕਿ ਪ੍ਰਿੰਸ ਹੈਰੀ ਅਤੇ ਮੇਗਨ ਕੈਲੀਫੋਰਨੀਆ ਸ਼ਿਫਟ ਹੋਏ ਹਨ, ਤਾਂ ਇਹ ਚੰਗੀ ਗੱਲ ਹੈ। ਟਰੰਪ ਨੇ ਟਵੀਟ ਕਰਦਿਆਂ ਕਿਹਾ, ”ਮੈਂ ਯੂਨਾਈਟਿਡ ਕਿੰਗਡਮ ਅਤੇ ਮਹਾਰਾਣੀ ਐਲੀਜ਼ਾਬੇਥ ਦਾ ਪ੍ਰਸ਼ੰਸਕ ਹਾਂ। ਰਿਪੋਰਟ ‘ਚ ਕਿਹਾ ਜਾ ਰਿਹਾ ਸੀ ਕਿ ਸ਼ਾਹੀ ਪਰਿਵਾਰ ਤੋਂ ਵੱਖ ਹੋ ਚੁੱਕੇ ਪ੍ਰਿੰਸ ਹੈਰੀ ਅਤੇ ਮੇਗਨ ਕੈਨੇਡਾ ਵਿਚ ਰਹਿ ਰਹੇ ਹਨ। ਹੁਣ ਖਬਰ ਹੈ ਕਿ ਦੋਹਾਂ ਨੇ ਕੈਨੇਡਾ ਛੱਡ ਦਿੱਤਾ ਹੈ ਅਤੇ ਅਮਰੀਕਾ ਆ ਗਏ ਹਨ ਪਰ ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਅਮਰੀਕਾ ਉਨ੍ਹਾਂ ਦੀ ਸੁਰੱਖਿਆ ਦਾ ਕੋਈ ਖਰਚ ਨਹੀਂ ਕਰੇਗਾ। ਉਨ੍ਹਾਂ ਨੂੰ ਇਸ ਦੀ ਜ਼ਿੰਮੇਵਾਰੀ ਖੁਦ ਲੈਣੀ ਹੋਵੇਗੀ।”
ਜ਼ਿਕਰਯੋਗ ਹੈ ਕਿ ਪ੍ਰਿੰਸ ਹੈਰੀ ਅਤੇ ਮੇਗਨ ਨੇ ਬੀਤੀ 8 ਜਨਵਰੀ ਨੂੰ ਇੰਸਟਾਗ੍ਰਾਮ ‘ਤੇ ਐਲਾਨ ਕੀਤਾ ਸੀ ਕਿ ਉਹ ਸ਼ਾਹੀ ਪਰਿਵਾਰ ਦੇ ਫਰਜ਼ਾਂ ਤੋਂ ਮੁਕਤ ਹੋਣਗੇ ਅਤੇ ਆਪਣਾ ਜ਼ਿਆਦਾਤਰ ਸਮਾਂ ਉੱਤਰੀ ਅਮਰੀਕਾ ‘ਚ ਬਿਤਾਉਣਗੇ। ਪ੍ਰਿੰਸ ਹੈਰੀ ਮਹਾਰਾਣੀ ਐਲੀਜ਼ਾਬੇਥ ਦੂਜੀ ਦੇ ਪੋਤੇ ਹਨ। ਬ੍ਰਿਟਿਸ਼ ਰਾਜਗੱਦੀ ਲਈ ਉਹ ਆਪਣੇ ਪਿਤਾ ਪ੍ਰਿੰਸ ਚਾਰਲਸ, ਭਰਾ ਪ੍ਰਿੰਸ ਵਿਲੀਅਮ ਅਤੇ ਉਨ੍ਹਾਂ ਦੇ 3 ਬੱਚਿਆਂ ਦੇ ਬਾਅਦ 6ਵੇਂ ਨੰਬਰ ਦੇ ਦਾਅਵੇਦਾਰ ਹਨ। ਅਮਰੀਕਾ ਤੋਂ ਪਹਿਲਾਂ ਕੈਨੇਡਾ ਸਰਕਾਰ ਨੇ ਵੀ ਪ੍ਰਿੰਸ ਹੈਰੀ ਅਤੇ ਮੇਗਨ ਦੀ ਸੁਰੱਖਿਆ ਦਾ ਖਰਚ ਚੁੱਕਣ ਤੋਂ ਇਨਕਾਰ ਕਰ ਦਿੱਤਾ ਸੀ।


Share