ਪ੍ਰਿੰਸ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਗਨ ਦੀ ਸੁਰੱਖਿਆ ਦਾ ਖਰਚ ਨਹੀਂ ਚੁੱਕੇਗਾ ਕੈਨੇਡਾ

725

ਓਟਾਵਾ, 28 ਫਰਵਰੀ (ਪੰਜਾਬ ਮੇਲ)-ਕੈਨੇਡਾ ਦੀ ਸਰਕਾਰ ਨੇ ਸਾਫ ਕਰ ਦਿੱਤਾ ਹੈ ਕਿ ਮਾਰਚ ਤੋਂ ਬ੍ਰਿਟੇਨ ਦੇ ਪ੍ਰਿੰਸ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਗਨ ਦੀ ਸੁਰੱਖਿਆ ਦਾ ਖਰਚ ਨਹੀਂ ਚੁੱਕਿਆ ਜਾਵੇਗਾ। ਇਹ ਸ਼ਾਹੀ ਜੋੜਾ ਬੀਤੇ ਨਵੰਬਰ ਮਹੀਨੇ ਤੋਂ ਕੈਨੇਡਾ ਦੇ ਵੈਨਕੂਵਰ ਟਾਪੂ ਦੇ ਵਿਕਟੋਰੀਆ ਵਿਚ ਇਕ ਆਲੀਸ਼ਾਨ ਰਿਹਾਇਸ਼ ਵਿਚ ਰਹਿ ਰਿਹਾ ਹੈ। ਹੈਰੀ ਅਤੇ ਮੇਗਨ ਅਧਿਕਾਰਤ ਤੌਰ ‘ਤੇ ਸ਼ਾਹੀ ਪਰਿਵਾਰ ਤੋਂ ਵੱਖ ਹੋ ਚੁੱਕੇ ਹਨ। ਦੋਹਾਂ ਨੇ ਬੀਤੀ 8 ਜਨਵਰੀ ਨੂੰ ਇਹ ਐਲਾਨਦੇ ਹੋਏ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ ਕਿ ਉਹ ਸ਼ਾਹੀ ਜ਼ਿੰਮੇਵਾਰੀਆਂ ਛੱਡ ਕੇ ਆਰਥਿਕ ਤੌਰ ‘ਤੇ ਸੁਤੰਤਰ ਹੋਣਾ ਚਾਹੁੰਦੇ ਹਨ।

ਅਜੇ ਸ਼ਾਹੀ ਜੋੜੇ ਦੀ ਸੁਰੱਖਿਆ ਦਾ ਜ਼ਿੰਮਾ ਹੈ ਆਰ.ਸੀ.ਐਮ.ਪੀ. ਪੁਲਸ ਕੋਲ

ਸਥਾਨਕ ਵੈਬਸਾਈਟਾਂ ਦੀ ਖਬਰ ਮੁਤਾਬਕ ਕੈਨੇਡਾ ਦੇ ਜਨਸੁਰੱਖਿਆ ਮੰਤਰੀ ਬਿਲ ਬਲੇਅਰ ਨੇ ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਰਚ ਦੀ ਸ਼ੁਰੂਆਤ ਤੋਂ ਹੈਰੀ ਅਤੇ ਮੇਗਨ ਨੂੰ ਸਰਕਾਰੀ ਖਰਚ ‘ਤੇ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਜਾਵੇਗੀ। ਅਜੇ ਰਾਇਲ ਕੈਨੇਡਾ ਮਾਉਂਟੇਡ ਪੁਲਸ ਸ਼ਾਹੀ ਜੋੜੇ ਨੂੰ ਸੁਰੱਖਿਆ ਮੁਹੱਈਆ ਕਰਵਾ ਰਹੀ ਹੈ, ਪਰ ਆਉਣ ਵਾਲੇ ਹਫਤਿਆਂ ਵਿਚ ਇਹ ਸੁਰੱਖਿਆ ਖਤਮ ਕਰ ਦਿੱਤੀ ਜਾਵੇਗੀ।