ਪ੍ਰਿੰਸ ਫਿਲਿਪ ਅਗਲੇ ਹਫ਼ਤੇ ਤੱਕ ਰਹਿ ਸਕਦੇ ਹਨ ਹਸਪਤਾਲ ਦਾਖ਼ਲ

394
Share

ਲੰਡਨ, 21 ਫਰਵਰੀ (ਪੰਜਾਬ ਮੇਲ)- ਬਰਤਾਨੀਆ ਦੇ ਰਾਜਕੁਮਾਰ ਫਿਲਿਪ ਦੀ ਡਾਕਟਰ ਨਾਲ ਸਲਾਹ ਮਸ਼ਵਰੇ ਤੋਂ ਬਾਅਦ, ਅਗਲੇ ਹਫ਼ਤੇ ਤੱਕ ਹਸਪਤਾਲ ਵਿਚ ਰਹਿਣ ਦੀ ਉਮੀਦ ਹੈ। 99 ਸਾਲਾ ਫਿਲਿਪ ਨੂੰ ਬੀਮਾਰ ਹੋਣ ਤੋਂ ਬਾਅਦ ਕੇਂਦਰੀ ਲੰਡਨ ਦੇ ਕਿੰਗ ਐਡਵਰਡ ਸੱਤਵੇਂ  ਹਸਪਤਾਲ ਲਿਜਾਇਆ ਗਿਆ ਸੀ ਜਦਕਿ ਉਨ੍ਹਾਂ ਦੀ ਬੀਮਾਰੀ ਕੋਰੋਨਾ ਵਾਇਰਸ ਨਾਲ ਸਬੰਧਤ ਨਹੀਂ ਹੈ।

ਇਸ ਸੰਬੰਧੀ ਇਕ ਸ਼ਾਹੀ ਬੁਲਾਰੇ ਨੇ ਦੱਸਿਆ ਕਿ ਪ੍ਰਿੰਸ ਫਿਲਿਪ ਦੀ ਅਗਲੇ ਹਫ਼ਤੇ ਤੱਕ ਨਿਗਰਾਨੀ ਅਤੇ ਆਰਾਮ ਕਰਨ ਲਈ ਹਸਪਤਾਲ ਵਿਚ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਡਾਕਟਰ ਉਨ੍ਹਾਂ ਦੀ ਸਿਹਤ ਪ੍ਰਤੀ ਬਹੁਤ ਜ਼ਿਆਦਾ ਸਾਵਧਾਨੀ ਨਾਲ ਕੰਮ ਕਰ ਰਹੇ ਹਨ ਅਤੇ ਉਹ ਚੰਗੀ ਸਥਿਤੀ ਵਿਚ ਹਨ। ਹਸਪਤਾਲ ਵਿਚ ਹੋਰਾਂ ਮਰੀਜ਼ਾਂ ਦੀ ਤਰ੍ਹਾਂ ਪ੍ਰਿੰਸ ਫਿਲਿਪ ਕੋਰੋਨਾ ਵਾਇਰਸ ਪਾਬੰਦੀਆਂ ਕਾਰਨ ਕਿਸੇ ਨੂੰ ਵੀ ਨਹੀਂ ਮਿਲਣਗੇ। ਜੂਨ ਵਿਚ ਆਪਣਾ 100ਵਾਂ ਜਨਮ ਦਿਨ ਮਨਾਉਣ ਜਾ ਰਹੇ ਰਾਜਕੁਮਾਰ ਨੂੰ ਕਾਰ ਦੁਆਰਾ ‘ਗੈਰ-ਐਮਰਜੈਂਸੀ’ ਤੌਰ ‘ਤੇ ਹਸਪਤਾਲ ਲਿਆਂਦਾ ਗਿਆ ਸੀ ਅਤੇ ਉਹ ਬਿਨਾਂ ਕਿਸੇ ਸਹਾਇਤਾ ਦੇ ਹਸਪਤਾਲ ਵਿਚ ਦਾਖ਼ਲ ਹੋਏ ਸਨ।

ਰਾਜਕੁਮਾਰ ਫਿਲਿਪ ਅਤੇ ਮਹਾਰਾਣੀ ਐਲਿਜ਼ਾਬੈਥ ਕੋਰੋਨਾ ਵਾਇਰਸ ਤਾਲਾਬੰਦੀ ਦੌਰਾਨ ਵਿੰਡਸਰ ਕੈਸਲ ਵਿਖੇ ਇਕੱਠੇ ਰਹੇ ਹਨ। 24 ਕਰਮਚਾਰੀਆਂ ਦੀ ਇਕ ਟੀਮ ਉਨ੍ਹਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਕੰਮ ਕਰਦੀ ਹੈ ਜਦਕਿ ਡਿਊਕ ਅਤੇ ਮਹਾਰਾਣੀ ਨੂੰ ਛੇ ਹਫ਼ਤੇ ਪਹਿਲਾਂ ਕੋਰੋਨਾ ਵਾਇਰਸ ਦੇ ਟੀਕੇ ਲਗਾਏ ਗਏ ਸਨ।


Share