ਪ੍ਰਸਿੱਧ ਮੋਬਾਈਲ ਫੋਨ ਕੰਪਨੀ ਐਪਲ ਕੈਲੀਫੋਰਨੀਆਂ ’ਚ ਸਟੋਰਾਂ ਨੂੰ ਕਰ ਰਹੀ ਹੈ ਅਸਥਾਈ ਤੌਰ ’ਤੇ ਬੰਦ

413
Share

ਫਰਿਜ਼ਨੋ, 23 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਦੁਨੀਆਂ ਭਰ ਵਿਚ ਆਪਣੇ ਮੋਬਾਈਲ ਫੋਨਾਂ ਦਾ ਦਬਦਬਾ ਕਾਇਮ ਰੱਖਣ ਵਾਲੀ ਕੰਪਨੀ ‘ਐਪਲ’ ਕੋਰੋਨਾਵਾਇਰਸ ਦੀ ਵਧ ਰਹੀ ਲਾਗ ਪ੍ਰਤੀ ਕਾਫੀ ਸਾਵਧਾਨ ਹੈ। ਕੈਲੀਫੋਰਨੀਆ ਵਿਚ ਕੋਵਿਡ-19 ਕੇਸਾਂ ਦੇ ਹੋ ਰਹੇ ਵਾਧੇ ਦੇ ਦੌਰਾਨ ਐਪਲ ਕੰਪਨੀ ਰਾਜ ਵਿਚਲੇ ਆਪਣੇ ਸਾਰੇ ਸਟੋਰ ਅਸਥਾਈ ਤੌਰ ’ਤੇ ਬੰਦ ਕਰ ਰਿਹਾ ਹੈ। ਐਪਲ ਦੁਆਰਾ ਦਿੱਤੇ ਬਿਆਨ ਅਨੁਸਾਰ ਕੈਲੀਫੋਰਨੀਆ ਵਿਚ ਵਾਇਰਸ ਦੀ ਵਜ੍ਹਾ ਨਾਲ ਹਸਪਤਾਲ ਵਿਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਚਿੰਤਾਜਨਕ ਵਾਧਾ ਹੋਣ ਕਰਕੇ ਅਗਲੇ ਨੋਟਿਸ ਤੱਕ ਕੰਪਨੀ ਦੇ ਸਾਰੇ 53 ਸਟੋਰ ਬੰਦ ਰੱਖੇ ਜਾਣਗੇ। ਐਪਲ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਕਈ ਕਮਿਊਨਿਟੀਆਂ ਵਿਚ ਮੌਜੂਦਾ ਕੋਰੋਨਾ ਹਾਲਤਾਂ ਦੇ ਮੱਦੇਨਜ਼ਰ ਇਨ੍ਹਾਂ ਖੇਤਰਾਂ ਵਿਚ ਕੰਪਨੀ ਅਸਥਾਈ ਤੌਰ ’ਤੇ ਸਟੋਰ ਬੰਦ ਕਰ ਰਹੀ ਹੈ। ਹਾਲਾਂਕਿ ਕੰਪਨੀ ਅਨੁਸਾਰ ਗ੍ਰਾਹਕ ਅਜੇ ਵੀ ਆਨਲਾਈਨ ਤਰੀਕੇ ਨਾਲ ਕੰਪਨੀ ਉਤਪਾਦਾਂ ਲਈ ਆਰਡਰ ਦੇ ਸਕਣਗੇ। ਇਸ ਤਕਨੀਕੀ ਕੰਪਨੀ ਨੇ ਲਾਸ ਏਂਜਲਸ ਵਿਚ ਆਪਣੇ ਸਟੋਰਾਂ ਨੂੰ ਬੰਦ ਕਰਨ ਤੋਂ ਬਾਅਦ ਕੈਲੀਫੋਰਨੀਆ ਵਿਚ ਇਹ ਸਖਤ ਕਦਮ ਚੁੱਕਿਆ ਹੈ।


Share