ਪ੍ਰਸਿੱਧ ਪੰਜਾਬੀ ਗਾਇਕ ਕਰਤਾਰ ਰਮਲਾ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ

717

ਫ਼ਰੀਦਕੋਟ, 19 ਮਾਰਚ (ਪੰਜਾਬ ਮੇਲ)- ਪ੍ਰਸਿੱਧ ਪੰਜਾਬੀ ਗਾਇਕ ਕਰਤਾਰ ਰਮਲਾ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ ਫ਼ਰੀਦਕੋਟ ਦੇ ਸ਼ਾਹਬਾਜ਼ ਨਗਰ ਵਿਚ ਰਹਿੰਦੇ ਸਨ। ਸ਼ਾਮ ਚਾਰ ਵਜੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਉਨ੍ਹਾਂ ਨੂੰ ਤੁਰੰਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਕਰਤਾਰ ਰਮਲਾ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਸ਼ਾਗਿਰਦ ਸਨ। ਉਨ੍ਹਾਂ ਨੇ ਬਾਬੂ ਸਿੰਘ ਮਾਨ ਦੇ ਗੀਤ ‘ਆਉਣ ਦਾ ਕਰਾਰ ਭੁੱਲ ਗਈ, ਜਾ ਕੇ ਪੇਕਿਆਂ ਦੇ ਪਿੰਡ ਮੁਟਿਆਰੇ’ ਤੋਂ ਆਪਣਾ ਸੰਗੀਤਕ ਸਫ਼ਰ ਸ਼ੁਰੂ ਕੀਤਾ ਤੇ ਲੰਬਾ ਸਮਾਂ ਪੰਜਾਬ ਦੇ ਅਖਾੜਿਆਂ ਤੇ ਲੋਕਾਂ ਦੀਆਂ ਖ਼ੁਸ਼ੀਆਂ ਦਾ ਹਿੱਸਾ ਬਣੇ ਰਹੇ।
ਸਵਰਗੀ ਗਾਇਕ ‘ਕਰਤਾਰ ਰਮਲਾ’ ਨੇ ਪਿੰਡ ਹੰਧਾਲ ਜ਼ਿਲ੍ਹਾ ਲਹੌਰ (ਪਾਕਿਸਤਾਨ) ਵਿਖੇ ਪਿਤਾ ਪਿਆਰਾ ਸਿੰਘ ਦੇ ਗ੍ਰਹਿ ਅਤੇ ਮਾਤਾ ਕਰਮ ਕੌਰ ਦੀ ਕੁੱਖੋਂ ਜਨਮ ਲੈ ਕੇ ਗਾਇਕੀ ਦੇ ਖੇਤਰ ‘ਚ ਵੱਡੀਆਂ ਮੱਲਾਂ ਮਾਰੀਆਂ। ਉਸ ਦਾ ਜੱਦੀ ਘਰ ਬੇਸ਼ੱਕ ਬਲਬੀਰ ਬਸਤੀ ਫਰੀਦਕੋਟ ਵਿਖੇ ਸੀ ਪਰ ਉਹ ਬਹੁਤਾ ਸਮਾਂ ਹਾਊਸਿੰਗ ਬੋਰਡ ਕਾਲੋਨੀ ਬੀ.ਆਰ.ਐੱਸ. ਨਗਰ ਲੁਧਿਆਣਾ ਵਿਖੇ ਰਹੇ। ਕਰਤਾਰ ਰਮਲਾ ਹਮੇਸ਼ਾ ਕਹਿੰਦਾ ਸੀ ਕਿ ਉਸਨੂੰ ਆਪਣੀ ਜਨਮ ਤਰੀਕ ਤਾਂ ਯਾਦ ਨਹੀਂ ਪਰ ਉਹ ਚਾਰ ਵਰ੍ਹਿਆਂ ਦਾ ਸੀ ਜਦ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਈ। ਰਮਲਾ ਅਕਸਰ ਕਿਹਾ ਕਰਦਾ ਸੀ ਕਿ ਮੈਂ ਕਦੇ ਆਪਣਾ ਜਨਮ ਦਿਨ ਵੀ ਨਹੀਂ ਮਨਾਇਆ। ਉਸਨੂੰ ਗਾਇਕੀ ਦਾ ਇਸ ਕਦਰ ਸ਼ੌਕ ਸੀ ਕਿ ਸੁਰਤ ਸੰਭਲਦਿਆਂ ਹੀ ਸੰਗੀਤ ਦੀਆਂ ਬਾਰੀਕੀਆਂ ਸਿੱਖਣ ਲਈ ਉਸਤਾਦ ਲਾਲ ਚੰਦ ਯਮਲਾ ਦੇ ਲੜ ਲੱਗ ਗਿਆ ਤੇ ਫਿਰ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਕਈ ਹਿੱਟ ਐਲਬਮਾਂ ਸਰੋਤਿਆਂ ਦੀ ਝੋਲੀ ਪਾਈਆਂ ਤੇ ਇਨ੍ਹਾਂ ਵਿਚਲੇ ਗੀਤ ਘਰ ਘਰ ਦਾ ਸ਼ਿੰਗਾਰ ਬਣੇ।
ਇਨ੍ਹਾਂ ਗੀਤਾਂ ਵਿੱਚ ਕੱਢਦੂ ਤੇਰੀਆਂ ਰੜਕਾਂ ਬਾਪੂ ਦਾ ਖੂੰਡਾ, ਅੱਜ ਮੇਰਾ ਮੂਡ ਖਰਾਬ ਨਾਲੇ ਕਹਿੰਦੀ ਸਿਰ ਦੁੱਖਦਾ, ਹੁੰਦੀ ਏ ਕਿਰਾਏ ਦੇ ਮਕਾਨ ਵਰਗੀ ਯਾਰੀ ਅੱਲ੍ਹੜ ਕੁੜੀ ਦੀ, ਨੂੰਹ ਧੀ ਦਾ ਖਿਆਲ ਪੈਂਦਾ ਰੱਖਣਾ ਜੇ ਕੋਠੇ ਉੱਤੇ ਹੋਵੇ ਤਾਂ ਵਿਸਾਹ ਨੀ ਖਾਈਦਾ ਅਤੇ ਸੁਪਨਾ ਹੋ ਗਈ ਪਾਲੀਏ ਪ੍ਰਮੁੱਖ ਤੌਰ ‘ਤੇ ਸ਼ਾਮਲ ਹਨ।