ਕਿਸਾਨੀ ਸੰਘਰਸ਼: ਹੱਕਾਂ ਦੀ ਲੜਾਈ
ਆਕਲੈਂਡ, 25 ਜਨਵਰੀ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਪੰਜਾਬ ਦੇ ਪ੍ਰਸਿੱਧ ਅੰਤਰਰਾਸ਼ਟਰੀ ਗਾਇਕ ਹਰਮਿੰਦਰ ਨੂਰਪੁਰੀ (ਕਰ ਕ੍ਰਿਪਾ ਫੇਮ) ਦਾ ਕਿਸਾਨੀ ਸੰਘਰਸ਼ ਨੂੰ ਸਮਰਪਿਤ ਨਵਾਂ ਗੀਤ ‘ਅਸੀਂ ਭੁੱਲੇ ਨਹੀਂ ਦਿੱਲੀਏ ਆਪਣੇ ਹੱਕਾਂ ਖਾਤਿਰ ਲੜਨਾ’’ ਬੀਤੇ ਕੱਲ੍ਹ ਰਿਲੀਜ਼ ਕੀਤਾ ਗਿਆ। ਇਸ ਗੀਤ ਨੂੰ ਲਿਖਿਆ ਹੈ ਰੋਮੀ ਸਸਕੁਰੀਆ ਨੇ ਜਦ ਕਿ ਸੰਗੀਤਬੱਧ ਕੀਤਾ ਹੈ ਨਿਸ਼ਾਂਤ ਨਿੱਕ (ਦਾ ਪੀਰ ਸਟੂਡੀਓ) ਨੇ। ਪ੍ਰਸਿੱਧ ਗੀਤਕਾਰ ਹਰਵਿੰਦਰ ਓਹੜਪੁਰੀ ਅਤੇ ਲਾਲ ਕਮਲ ਦੀ ਇਹ ਪੇਸ਼ਕਸ਼ ਪੰਜਾਬੀਆਂ ਦੇ ਸ਼ੰਘਰਸ਼ਮਈ ਇਤਿਹਾਸ ਉਤੇ ਝਾਤ ਪਵਾਉਂਦੀ ਹੈ। ਗੀਤ ਦੀ ਸ਼ੁਰੂਆਤ ‘ਤੇਰੇ ਖੰਡੇ ਨੇ ਜਿਨ੍ਹਾਂ ਦੇ ਮੂੰਹ ਮੋੜੇ ਅੱਜ ਫਿਰ ਸਾਨੂੰ ਲਲਕਾਰਦੇ ਨੇ’ ਦੀਆਂ ਸਤਰਾਂ ਨਾਲ ਸ਼ੁਰੂ ਕੀਤੀ ਗਈ ਹੈ ਤਾਂ ਕਿ ਜੋਸ਼ ਦੀ ਜੋਤ ਪਹਿਲਾਂ ਹੀ ਜਗਾ ਲਈ ਜਾਵੇ। ਗੀਤ ਦੇ ਵਿਚ ਮੌਜੂਦਾ ਕਿਸਾਨੀ ਸੰਘਰਸ਼ ਦੀ ਗੱਲ ਕਰਦਿਆਂ ਇਸਨੂੰ ਸਿਰ ਤੋਂ ਲੰਘ ਗਿਆ ਪਾਣੀ ਆਖਿਆ ਗਿਆ ਹੈ। ਦੂਜੇ ਪੈਰੇ ਦੇ ਵਿਚ ਜੂਨ 1984 ਦੇ ਦਰਦ ਦੀ ਗੱਲ ਕੀਤੀ ਗਈ ਹੈ, ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਪੰਜਾਬੀਆਂ ਦੇ ਇਤਿਹਾਸ ਦਾ ਹਵਾਲਾ ਦੇ ਕੇ ਸਰਕਾਰ ਨੂੰ ਚੇਤਾ ਕਰਾਇਆ ਗਿਆ ਹੈ ਕਿ ਉਸਨੂੰ ਹਮੇਸ਼ਾਂ ਮੂੰਹ ਦੀ ਖਾਣੀ ਪਈ ਹੈ ਤੇ ਫਿਰ ਖਾਣੀ ਪਵੇਗੀ। ਗੀਤ ਦੇ ਵਿਚ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਦੇ ਚਾਰ ਸਾਹਿਬਜ਼ਾਦਿਆਂ ਦੀ ਸੂਰਬੀਰਤਾ ਦੀ ਗੱਲ ਕਰਦਿਆਂ ਖਾਲਸੇ ਮੂਹਰੇ ਨਾ ਅੜਨ ਦਾ ਸਪਸ਼ਟ ਸੁਨੇਹਾ ਦਿੱਤਾ ਗਿਆ ਹੈ। ਗੀਤ ਦਾ ਸੰਗੀਤ ਵੀ ਬਾਕਮਾਲ ਹੈ। ਟਰੈਕਟਰਾਂ ਉਤੇ ਲੱਗੇ ਵੱਡੇ ਸਪੀਕਰਾਂ ਦੇ ਉਤੇ ਇਸ ਗੀਤ ਦੀਆਂ ਤਰੰਗਾ ਕਿਸਾਨਾਂ ਦੇ ਜ਼ਜਬੇ ਨੂੰ ਹੋਰ ਮਜ਼ਬੂਤ ਕਰਨਗੀਆਂ। ਕਿਸਾਨੀ ਸੰਘਰਸ਼ ਦੌਰਾਨ ਰਿਲੀਜ ਹੋਏ ਗੀਤਾਂ ਦੇ ਵਿਚੋਂ ਇਹ ਵੀ ਇਕ ਬਿਹਤਰੀਨ ਗੀਤ ਹੋਣ ਦੇ ਕਾਬਿਲ ਹੈ। ਗੀਤ ਲਈ ਸਪੈਸ਼ਲ ਧੰਨਵਾਦ ਦੇ ਵਿਚ ਸ. ਹਰਜਿੰਦਰ ਸਿੰਘ ਬਸਿਆਲਾ ਨਿਊਜ਼ੀਲੈਂਡ, ਆਸਟਰੇਲੀਆ ਤੋਂ ਸ. ਸੁਰਿੰਦਰ ਸਿੰਘ ਖੁਰਦ, ਸ. ਹਰਜੀਤ ਸਿੰਘ ਲਸਾੜਾ, ਕੈਨੇਡਾ ਤੋਂ ਸ. ਦਵਿੰਦਰ ਸਿੰਘ ਬੈਨੀਪਾਲ, ਇਟਲੀ ਤੋਂ ਸਿੱਕੀ ਝਾਜੀ ਪਿੰਡ ਵਾਲਾ, ਫਿਨਲੈਂਡ ਤੋਂ ਅਮਰੀਕ ਸੈਣੀ ਅਤੇ ਇੰਦਰਜੀਤ ਸਿੰਘ ਹੈਪੀ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ। ਗਾਇਕ ਹਰਮਿੰਦਰ ਨੂਰਪੁਰੀ ਨੂੰ ਇਸ ਕਿਸਾਨੀ ਸੰਘਰਸ਼ ਵਾਲੇ ਗੀਤ ਨਾਲ ਹਾਜ਼ਰੀ ਲਗਾਉਣ ਲਈ ਬਹੁਤ ਬਹੁਤ ਮੁਬਾਰਕਬਾਦ! ਪਹਿਲੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਉਤੇ ਵੀ ਉਨ੍ਹਾਂ ਦਾ ਹੀ ਟਾਈਟਲ ਗੀਤ ਬਹੁਤ ਮਕਬੂਲ ਹੋਇਆ ਸੀ। ਨਿਊਜ਼ੀਲੈਂਡ ਸਿੱਖ ਖੇਡਾਂ ਦੀ ਮੈਨੇਜਮੈਂਟ ਵੱਲੋਂ ਵੀ ਇਸ ਗੀਤ ਲਈ ਵਧਾਈ ਦਿੱਤੀ ਗਈ ਹੈ। ਪੂਰੇ ਗੀਤ ਨੂੰ ਲਾਲ ਕਮਲ ਸਟੂਡੀਓ ਦੇ ਯੂ.ਟਿਊਬ ਚੈਨਲ ਉਤੇ ਵੇਖਿਆ ਜਾ ਸਕਦਾ ਹੈ।
ਅਗਲਾ ਗੀਤ ‘ਧੀਆਂ’ ਵੀ ਜਲਦੀ ਰਿਲੀਜ਼ ਹੋਵੇਗਾ
ਗਾਇਕ ਹਰਮਿੰਦਰ ਨੂਰਪੁਰੀ ਦਾ ਅਗਲਾ ਗੀਤ ‘ਧੀਆਂ’ ਵੀ ਜਲਦੀ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਹਰਜਿੰਦਰ ਸਿੰਘ ਬਸਿਆਲਾ ਨਿਊਜ਼ੀਲੈਂਡ ਨੇ ਲਿਖਿਆ ਹੈ। ਇਸ ਗੀਤ ਦਾ ਵੀਡੀਓ ਫਿਲਮਾਕਣ ਵੀ ਹੋ ਚੁੱਕਾ ਹੈ ਜਿਸ ਦੇ ਵਿਚ ਪੰਜਾਬੀ ਫਿਲਮਾਂ ਦੇ ਕਲਾਕਾਰ ਕੰਮ ਕਰ ਰਹੇ ਹਨ। ਇਸ ਗੀਤ ਬਾਰੇ ਜਲਦੀ ਹੀ ਜਾਣਕਾਰੀ ਦਿੱਤੀ ਜਾਵੇਗੀ।