ਪ੍ਰਵਾਸੀ ਸ਼ਾਇਰਾ ਰਮਿੰਦਰ ਵਾਲੀਆ ਦੀ ਸ਼ਾਇਰੀ ਦੀ ਪੁਸਤਕ ‘ਕਿਸ ਨੂੰ ਆਖਾਂ’ ਰੀਲੀਜ਼

322
Share

ਫਤਹਿਗੜ੍ਹ ਸਾਹਿਬ, 4 ਦਸੰਬਰ (ਪੰਜਾਬ ਮੇਲ)- ਯੂਨੀਵਰਸਿਟੀ ਕਾਲਜ ਚੁੰਨੀ ਕਲਾਂ (ਫਤਹਿਗੜ੍ਹ ਸਾਹਿਬ) ਵਿਖੇ ਪ੍ਰਵਾਸੀ ਸ਼ਾਇਰਾ ਰਮਿੰਦਰ ਵਾਲੀਆ ਦੀ ਸ਼ਾਇਰੀ ਦੀ ਪੁਸਤਕ ‘ਕਿਸ ਨੂੰ ਆਖਾਂ’ ਰੀਲੀਜ਼ ਕੀਤੀ ਗਈ। ਇਸ ਰੀਲੀਜ਼ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਅਜਾਇਬ ਸਿੰਘ ਚੱਠਾ, ਚੇਅਰਮੈਨ, ਜਗਤ ਪੰਜਾਬੀ ਸਭਾ ਸ਼ਾਮਿਲ ਹੋਏ ਤੇ ਪ੍ਰਧਾਨਗੀ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਨੇ ਕੀਤੀ। ਕਿਤਾਬ ਦੀ ਜਾਣ-ਪਛਾਣ ਕਰਾਉਂਦਿਆਂ ਉੱਘੇ ਨਾਟਕਕਾਰ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਇਸ ਵੇਲੇ ਪੰਜਾਬੀ ਕਵਿਤਾ ਕਈ ਧਰਾਤਲਾਂ ਤੇ ਵਿਚਰਦੀ ਹੈ। ਇਕ ਪਾਸੇ ਲੋਕਾਂ ਲਈ ਜੂਝਦੇ ਲੋਕਾਂ ਦੀ ਬਾਹਰਮੁਖੀ ਸ਼ਾਇਰੀ ਹੈ ਅਤੇ ਦੂਜੇ ਪਾਸੇ ਰਿਸ਼ਤਿਆਂ ਨੂੰ ਮਾਣਨ, ਸਮਝਣ ਅਤੇ ਦਿਸ਼ਾ ਦੇਣ ਦੇ ਰੂਪ ਵਿਚ ਅੰਤਰਮਨ ਨਾਲ ਸੰਵਾਦ ਰਚਾਉਣ ਦੀ ਸ਼ਾਇਰੀ ਹੈ। ਰਮਿੰਦਰ ਵਾਲੀਆ ਦੀ ਸ਼ਾਇਰੀ ਖ਼ੁਦਕਲਾਮੀ ਦੀ ਸ਼ਾਇਰੀ ਹੈ। ਇਸ ਵਿਚ ਸ਼ਾਇਰਾ ਨੇ ਆਪਣੇ ਅੰਤਰਮਨ ਨਾਲ ਇਕ ਸੁਰ ਹੁੰਦਿਆ ਆਪਣੀ ਕਵਿਤਾ ਰਾਹੀਂ ਬਹੁਤ ਸਾਰੇ ਰਿਸ਼ਤਿਆਂ ਨੂੰ ਜੀਵਿਆ ਹੈ। ਉਹਨਾਂ ਰਿਸਤਿਆਂ ਦੀ ਮੁਹੱਬਤੀ ਆਹਟ ਇਸ ਕਵਿਤਾ ਦੇ ਆਰ-ਪਾਰ ਫੈਲੀ ਹੋਈ ਹੈ। ਪੰਜਾਬੀ ਲੇਖਕ ਡਾ. ਅਰਵਿੰਦਰ ਢਿੱਲੋਂ ਨੇ ਕਿਹਾ ਕਿ ਰਮਿੰਦਰ ਵਾਲੀਆ ਆਪਣੀ ਸ਼ਾਇਰੀ ਰਾਹੀਂ ਜੀਵਨ ਦੇ ਨਿੱਕੇ ਨਿੱਕੇ ਵੇਰਵਿਆਂ ਨੂੰ ਵੱਡੇ ਅਰਥ ਦੇਣ ਦੇ ਸਮਰੱਥ ਹੈ। ਪ੍ਰਧਾਨਗੀ ਟਿੱਪਣੀ ਵਿਚ ਡਾ. ਸਰਬਜੀਤ ਕੌਰ ਸੋਹਲ ਨੇ ਕਿਹਾ ਕਿ ਜਿਸ ਤਰ੍ਹਾਂ ਰਮਿੰਦਰ ਵਾਲੀਆ ਨੇ ਸ਼ਾਇਰੀ ਵਿਚ ਪਹਿਲਾ ਕਦਮ ਮਜ਼ਬੂਤੀ ਨਾਲ ਧਰਿਆ ਹੈ, ਇਸ ਤੋਂ ਭਵਿੱਖ ਵਿਚ ਵੱਡੀਆਂ ਆਸ਼ਾਵਾਂ ਹਨ। ਮੁੱਖ ਮਹਿਮਾਨ ਅਜਾਇਬ ਸਿੰਘ ਚੱਠਾ ਨੇ ਕਿਹਾ ਕਿ ਰਮਿੰਦਰ ਵਾਲੀਆ ਨਾ ਕੇਵਲ ਅੱਛੀ ਸ਼ਾਇਰਾ ਹੈ, ਬਲਕਿ ਬਹੁਤ ਅੱਛੀ ਆਯੋਜਕ ਵੀ ਹੈ। ਉਹ ਅੰਤਰਰਾਸ਼ਟਰੀ ਪੱਧਰ ਤੇ ਆਨਲਾਈਨ ਅਤੇ ਆਫਲਾਈਨ ਰੂਪ ਵਿਚ ਬਹੁਤ ਸਾਰੇ ਸਾਹਿਤਕ ਪ੍ਰੋਗਰਾਮਾਂ ਦਾ ਆਯੋਜਨ ਕਰ ਚੁੱਕੀ ਹੈ। ਇਸ ਮੌਕੇ ਅਜਾਇਬ ਸਿੰਘ ਚੱਠਾ ਦਾ ਰੂਬਰੂ ਵੀ ਹੋਇਆ ਅਤੇ ਉਹਨਾਂ ਨੇ ਸ਼ਰੋਤਿਆਂ ਦੇ ਸਵਾਲਾਂ ਦੇ ਜੁਆਬ ਵੀ ਦਿਤੇ। ਇਸ ਰੀਲੀਜ਼ ਸਮਾਰੋਹ ਵਿੱਚ ਡਾ : ਅਜੈਬ ਸਿੰਘ ਚੱਠਾ , ਡਾ :ਸਰਬਜੀਤ ਕੌਰ ਸੋਹਲ , ਡਾ : ਕੁਲਦੀਪ ਸਿੰਘ ਦੀਪ , ਅਰਵਿੰਦਰ ਢਿੱਲੋਂ , ਜਸਬੀਰ ਕੌਰ ਤੇ ਡਾ : ਦਵਿੰਦਰ ਸਿੰਘ ਨੇ ਭਾਗ ਲਿਆ।

Share