ਪ੍ਰਵਾਸੀ ਪੰਜਾਬੀਆਂ ਵਲੋਂ ਪੰਜਾਬ ਦੇ ਮੁੱਖ ਮੰਤਰੀ ਤੇ ਟਰਾਂਸਪੋਰਟ ਮੰਤਰੀ ਨੂੰ ਅੰਮਿ੍ਰਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਬੱਸ ਸੇਵਾਵਾਂ ਸ਼ੁਰੂ ਕਰਨ ਦੀ ਮੰਗ

428
Share

ਅੰਮਿ੍ਰਤਸਰ, 19 ਅਕਤੂਬਰ (ਪੰਜਾਬ ਮੇਲ)- ਵਿਦੇਸ਼ ਵਸਦੇ ਪੰਜਾਬੀ ਭਾਈਚਾਰੇ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਰਾਜ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਅੰਮਿ੍ਰਤਸਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਸ੍ਰੀ ਗੁਰੁ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮਿ੍ਰਤਸਰ ਲਈ ਸਿੱਧੀ ਬੱਸ ਸੇਵਾ ਸ਼ੁਰੂ ਕੀਤੀ ਜਾਵੇ ਅਤੇ ਬੱਸ ਰੈਪਿਡ ਟ੍ਰਾਂਜ਼ਿਟ ਸਿਸਟਮ (ਬੀ.ਆਰ.ਟੀ.ਐੱਸ.) ਦੇ ਤਹਿਤ ਮੈਟਰੋ ਬੱਸ ਸੇਵਾ ਨੂੰ ਜਲਦ ਹੀ ਬਹਾਲ ਕੀਤਾ ਜਾਵੇ। 17 ਅਗਸਤ ਨੂੰ ਹਵਾਈ ਅੱਡੇ ਤੋਂ ਦਰਬਾਰ ਸਾਹਿਬ ਨੇੜੇ ਘਿਓ ਮੰਡੀ ਚੌਕ ਤੱਕ ਬਹੁਤ ਹੀ ਧੂਮਧਾਮ ਨਾਲ ਇਸ ਨੂੰ ਸ਼ੁਰੂ ਕੀਤਾ ਗਿਆ ਸੀ ਪਰ ਪ੍ਰਾਈਵੇਟ ਮਿੰਨੀ-ਬੱਸ ਆਪਰੇਟਰਾਂ ਦੇ ਪ੍ਰਦਰਸ਼ਨ ਕਾਰਨ ਇਸ ਨੂੰ ਦੋ ਹਫਤਿਆਂ ਬਾਅਦ ਮੁਅੱਤਲ ਕਰ ਦਿੱਤਾ ਗਿਆ।
ਸਮੀਪ ਸਿੰਘ ਗੁਮਟਾਲਾ

ਇੱਕ ਸਾਂਝੇ ਪ੍ਰੈੱਸ ਬਿਆਨ ਵਿਚ, ਫਲਾਈ ਅੰਮਿ੍ਰਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ ਅਮਰੀਕਾ ਵਾਸੀ ਸਮੀਪ ਸਿੰਘ ਗੁਮਟਾਲਾ ਅਤੇ ਕੈਨੇਡਾ ਤੋਂ ਗੈਰ ਸਰਕਾਰੀ ਸੰਸਥਾ ਅੰਮਿ੍ਰਤਸਰ ਵਿਕਾਸ ਮੰਚ ਦੇ ਵਿਦੇਸ਼ ਮਾਮਲਿਆਂ ਦੇ ਸਕੱਤਰ ਅਨੰਤ ਸਿੰਘ ਢਿੱਲੋਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਹੋਇਆ ਕਿਹਾ ਕਿ ਅੰਮਿ੍ਰਤਸਰ ਦਾ ਅੰਤਰਰਾਸ਼ਟਰੀ ਹਵਾਈ ਅੱਡਾ ਪਿਛਲੇ 2 ਦਹਾਕਿਆਂ ਤੋਂ ਬਹੁਤ ਸਾਰੀਆਂ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਨਾਲ ਜੁੜਿਆ ਹੋਣ ਦੇ ਬਾਵਜੂਦ ਇੱਥੋਂ ਅੰਮਿ੍ਰਤਸਰ ਸ਼ਹਿਰ ਲਈ ਜਾਂ ਪੰਜਾਬ ਦੇ ਹੋਰਨਾਂ ਸ਼ਹਿਰਾਂ ਅਤੇ ਨਾਲ ਲੱਗਦੇ ਸੂਬੇ ਜਿਵੇਂ ਕਿ ਜੰਮੂ, ਹਿਮਾਚਲ ਆਦਿ ਨਾਲ ਸੰਪਰਕ ਲਈ ਕੋਈ ਵੀ ਜਨਤਕ ਬੱਸ ਸੇਵਾ ਉਪਲੱਬਧ ਨਹੀਂ ਹੈ। ਇਸਦੇ ਉਲਟ ਪੰਜਾਬ ਟਰਾਂਸਪੋਰਟ ਵਿਭਾਗ ਪੰਜਾਬ ਦੇ ਕਈ ਸ਼ਹਿਰਾਂ ਤੋਂ ਦਿੱਲੀ ਲਈ ਪਨਬੱਸ ਅਤੇ ਪੀ.ਆਰ.ਟੀ.ਸੀ. ਵੋਲਵੋ/ਮਰਸੀਡੀਜ਼ ਡੀਲਕਸ ਬੱਸ ਸੇਵਾ ਚਲਾਉਂਦਾ ਹੈ।

ਅਨੰਤ ਸਿੰਘ ਢਿੱਲੋਂ

ਗੁਮਟਾਲਾ ਨੇ ਕਿਹਾ ਕਿ ਪੰਜਾਬ ਦੇ ਯਾਤਰੀਆਂ, ਖਾਸ ਕਰਕੇ ਪ੍ਰਵਾਸੀ ਭਾਰਤੀਆਂ ਅਤੇ ਇੱਥੋਂ ਤੱਕ ਕਿ ਏਅਰਲਾਈਨਜ਼ ਨੇ ਵੀ ਕਈ ਵਾਰ ਅੰਮਿ੍ਰਤਸਰ ਹਵਾਈ ਅੱਡੇ ਦੇ ਦੂਜੇ ਸ਼ਹਿਰਾਂ ਨਾਲ ਬੱਸ ਸੰਪਰਕ ਨਾ ਹੋਣ ’ਤੇ ਅਸੰਤੁਸ਼ਟੀ ਜ਼ਾਹਰ ਕੀਤੀ ਹੈ। ਲੰਮੇ ਸਮੇਂ ਤੋਂ ਕੀਤੀ ਜਾ ਰਹੀ ਇਸ ਮੰਗ ਨੂੰ ਹਵਾਈ ਅੱਡੇ ਤੋਂ ਸ਼ਹਿਰ ਲਈ ਦਰਬਾਰ ਸਾਹਿਬ ਦੇ ਨਜ਼ਦੀਕ ਘਿਓ ਮੰਡੀ ਚੌਕ ਤੱਕ ਮੈਟਰੋ ਬੱਸ ਸੇਵਾ ਸ਼ੁਰੂ ਕਰਨ ਨਾਲ ਕੁੱਝ ਸਫਲਤਾ ਮਿਲੀ ਸੀ। ਪ੍ਰਸ਼ਾਸਨ ਲੰਮੇ ਸਮੇਂ ਤੋਂ ਪੂਰੇ ਅੰਮਿ੍ਰਤਸਰ ਵਿਚ ਮੈਟਰੋ ਬੱਸ ਸੇਵਾ ਨੂੰ ਸਫਲ ਬਣਾਉਣ ਲਈ ਸਖਤ ਕੋਸ਼ਿਸ਼ ਕਰ ਰਿਹਾ ਹੈ ਪਰ ਬਹੁਤੇ ਰੂਟ ਵੱਖ-ਵੱਖ ਕਾਰਨਾਂ ਕਰਕੇ ਸਫਲ ਨਹੀਂ ਹੋ ਰਹੇ ਹਨ। ਇਸ ਦੇ ਉਲਟ ਏਅਰਪੋਰਟ ਤੋਂ ਘਿਓ ਮੰਡੀ ਤੱਕ ਦਾ ਇਹ ਰੂਟ ਪਹਿਲੇ ਦਿਨ ਤੋਂ ਹੀ ਸਫਲ ਰਿਹਾ, ਜਿਸ ਵਿਚ ਸਵਾਰੀਆਂ ਦੀ ਗਿਣਤੀ ਰੋਜ਼ਾਨਾ 1400 ਤੋਂ ਵੱਧ ਯਾਤਰੀਆਂ ਤੱਕ ਪਹੁੰਚ ਗਈ, ਜਿਸ ਨਾਲ ਭਵਿੱਖ ਵਿਚ ਇਸ ਮਾਰਗ ’ਤੇ ਹਜ਼ਾਰਾਂ ਵਾਹਨਾਂ ਦੀ ਗਿਣਤੀ ਵੀ ਘੱਟ ਸਕਦੀ ਹੈ।

ਮੰਚ ਦੇ ਵਿਦੇਸ਼ ਸਕੱਤਰ ਢਿੱਲੋਂ ਨੇ ਕਿਹਾ, ‘‘ਅੰਮਿ੍ਰਤਸਰ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਮੇਅਰ ਅਤੇ ਸੱਤਾਧਾਰੀ ਪਾਰਟੀ ਦੇ ਕਈ ਨੇਤਾ ਉਦਘਾਟਨ ਲਈ ਆਏ ਅਤੇ ਆਪਣੀਆਂ ਤਸਵੀਰਾਂ ਖਿਚਵਾਈਆਂ ਪਰ ਫਿਰ 15 ਦਿਨਾਂ ਬਾਅਦ, ਮਿੰਨੀ ਬੱਸ ਆਪਰੇਟਰਾਂ ਦੇ ਦਬਾਅ ਅੱਗੇ ਝੁਕਦਿਆਂ ਇਹ ਸੇਵਾ ਮੁਅੱਤਲ ਕਰ ਦਿੱਤੀ ਗਈ ਅਤੇ ਐਲਾਨ ਕੀਤਾ ਕਿ ਇਹ ਰੂਟ ਜਲਦੀ ਹੀ ਦੁਬਾਰਾ ਸ਼ੁਰੂ ਹੋਵੇਗਾ। ਪਰ ਹੁਣ ਇਸ ਮੈਟਰੋ ਬੱਸ ਸੇਵਾ ਨੂੰ ਦੁਬਾਰਾ ਸ਼ੁਰੂ ਕਰਨ ਬਾਰੇ ਪ੍ਰਸ਼ਾਸਨ ਦੁਆਰਾ ਕੋਈ ਵੀ ਸਮਾਂ-ਸੀਮਾ ਨਹੀਂ ਦਿੱਤੀ ਗਈ ਹੈ।
ਢਿੱਲੋਂ ਨੇ ਮੰਗ ਕੀਤੀ ਕਿ ਇਸ ਮਾਰਗ ਨੂੰ ਬਹਾਲ ਕਰਨਾ ਅਤੇ ਦੂਜੇ ਸ਼ਹਿਰਾਂ ਤੋਂ ਹਵਾਈ ਅੱਡੇ ਲਈ ਬੱਸ ਸ਼ੁਰੂ ਕਰਨਾ ਜ਼ਿਲ੍ਹਾ ਪ੍ਰਸ਼ਾਸਨ, ਰਾਜਨੀਤਿਕ ਪ੍ਰਤੀਨਿਧੀਆਂ, ਪੰਜਾਬ ਸਰਕਾਰ ਦੇ ਸੈਰ ਸਪਾਟਾ ਵਿਭਾਗ ਦਾ ਪ੍ਰਮੁੱਖ ਏਜੰਡਾ ਹੋਣਾ ਚਾਹੀਦਾ ਹੈ। ਸ਼ਹਿਰ ਦੇ ਨਾਗਰਿਕਾਂ ਅਤੇ ਅੰਮਿ੍ਰਤਸਰ ਵਿਚ ਆਉਣ ਵਾਲੇ ਸ਼ਰਧਾਲੂਆਂ/ਸੈਲਾਨੀਆਂ ਦੇ ਹਿੱਤ ਵਿਚ ਗੋਲਡਨ ਗੇਟ, ਬਾਈਪਾਸ, ਅਟਾਰੀ ਬਾਰਡਰ ਆਦਿ ਦੇ ਆਲੇ-ਦੁਆਲੇ ਸਰਕੂਲਰ ਰੋਡ ਵਰਗੇ ਹੋਰ ਮਾਰਗਾਂ ’ਤੇ ਵੀ ਇਹ ਬੱਸ ਸੇਵਾ ਹੋਣੀ ਚਾਹੀਦੀ ਹੈ।
ਇਸ ਤੋਂ ਪਹਿਲਾਂ ਮੰਚ ਦੇ ਸਰਪ੍ਰਸਤ ਕੁਲਵੰਤ ਸਿੰਘ ਅਣਖੀ ਅਤੇ ਪ੍ਰਧਾਨ ਹਰਦੀਪ ਸਿੰਘ ਚਾਹਲ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਰਾਜ ਦੇ ਟਰਾਂਸਪੋਰਟ ਮੰਤਰੀ ਨੂੰ ਇੱਕ ਪੱਤਰ ਲਿਖ ਕੇ ਇਸ ਮਹੱਤਵਪੂਰਨ ਮਾਮਲੇ ’ਚ ਉਨ੍ਹਾਂ ਦੇ ਦਖਲ ਦੀ ਮੰਗ ਕੀਤੀ ਸੀ ਅਤੇ ਇਸ ਬੱਸ ਸੇਵਾ ਨੂੰ ਮੁੜ ਸ਼ੁਰੂ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਿਰਦੇਸ਼ ਦੇਣ ਲਈ ਕਿਹਾ ਸੀ, ਤਾਂ ਜੋ ਹਜ਼ਾਰਾਂ ਯਾਤਰੀਆਂ ਅਤੇ ਵਸਨੀਕਾਂ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਮੰਚ ਦੇ ਵਫਦ ਨੇ ਇਸ ਸੰਬੰਧੀ ਵਿਸ਼ੇਸ਼ ਤੌਰ ’ਤੇ ਕਾਰਪੋਰੇਸ਼ਨ ਦੇ ਕਮਿਸ਼ਨਰ ਮਲਵਿੰਦਰ ਸਿੰਘ ਜੱਗੀ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਬਿਨਾਂ ਕਿਸੇ ਦੇਰੀ ਦੇ ਸੇਵਾ ਨੂੰ ਦੁਬਾਰਾ ਸ਼ੁਰੂ ਕਰਨ ਕਿਉਂਕਿ ਸ਼ਹਿਰ ਦੇ ਨਾਗਰਿਕਾਂ ਅਤੇ ਸੈਲਾਨੀਆਂ ਦੀ ਸੁਵਿਧਾ ਨੂੰ ਪਹਿਲ ਦੇਣੀ ਚਾਹੀਦੀ ਹੈ।

Share