ਪ੍ਰਵਾਸੀਆਂ ਵੱਲੋਂ ਡਾ. ਸਵੈਮਾਨ ਦੇ ਯੋਗਦਾਨ ਦੀ ਰੱਜਵੀਂ ਪ੍ਰਸ਼ੰਸਾ

2063
Share

* ਕਿਸਾਨਾਂ ਦੀ ਸੇਵਾ ’ਚ ਅਖ਼ੀਰ ਤੱਕ ਲੱਗੇ ਰਹੇ ਅਮਰੀਕਾ ਵਾਸੀ ਡਾਕਟਰ ਸਵੈਮਾਨ
ਸਿਡਨੀ, 16 ਦਸੰਬਰ (ਪੰਜਾਬ ਮੇਲ)- ਕਿਸਾਨ ਮੋਰਚੇ ’ਚ ਪ੍ਰਵਾਸੀ ਪੰਜਾਬੀ ਡਾ. ਸਵੈਮਾਨ ਸਿੰਘ ਵੱਲੋਂ ਕੀਤੀ ਗਈ ਸੇਵਾ ਦੀ ਰੱਜਵੀਂ ਪ੍ਰਸ਼ੰਸਾ ਹੋਈ ਹੈ। ਅਮਰੀਕਾ ’ਚ ਦਿਲ ਦੇ ਰੋਗਾਂ ਦੇ ਮਾਹਿਰ ਡਾ. ਸਵੈਮਾਨ ਨੇ ਆਪਣੀ ਨੌਕਰੀ ਦਾ ਸੁੱਖ-ਆਰਾਮ ਛੱਡ ਦਿੱਲੀ ਦੀਆਂ ਬਰੂਹਾਂ ’ਤੇ ਕਿਸਾਨਾਂ ਦੀ ਸੇਵਾ ਕੀਤੀ। ਉਨ੍ਹਾਂ ਉੱਥੇ ਮੁੱਢਲੀ ਡਾਕਟਰੀ ਸਹਾਇਤਾ ਤੋਂ ਵਾਂਝੇ ਕਿਸਾਨਾਂ ਦਾ ਮੁਫ਼ਤ ਮੈਡੀਕਲ ਚੈੱਕਅਪ ਕੀਤਾ ਤੇ ਦਵਾਈਆਂ ਦਿੱਤੀਆਂ।
ਪ੍ਰਵਾਸੀ ਫੋਰਮ ਦੇ ਬੁਲਾਰਿਆਂ ਨੇ ਕਿਹਾ ਕਿ ਡਾ. ਸਵੈਮਾਨ ਸਿੰਘ ਨੇ ਸਿੱਖੀ ਪਹਿਰਾਵੇ ’ਚ ਆਪਣਾ, ਡਾਕਟਰੀ ਕਿੱਤੇ ਦਾ ਤੇ ਪ੍ਰਵਾਸੀ ਭਾਈਚਾਰੇ ਦਾ ਨਾਂ ਹੋਰ ਵੀ ਰੌਸ਼ਨ ਕੀਤਾ ਹੈ। ਜ਼ਮੀਨੀ ਹਕੀਕਤਾਂ ਤੇ ਕਿਸਾਨਾਂ ਦੇ ਦਰਦ ਨੂੰ ਸਮਝਦਿਆਂ ਉਨ੍ਹਾਂ ਸੜਕ ’ਤੇ ਪੋਹ-ਮਾਘ, ਜੇਠ-ਹਾੜ੍ਹ ਦੀਆਂ ਰੁੱਤਾਂ, ਬਰਸਾਤਾਂ ’ਚ ਟੈਂਟਾਂ ’ਚ ਅਕਸਰ ਬੀਮਾਰ ਹੁੰਦੇ ਕਿਸਾਨਾਂ ਦੀ ਬਾਂਹ ਫੜੀ। ਉਹ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਕਿਸਾਨਾਂ ਦੇ ਨਾਲ ਖੜ੍ਹੇ ਰਹੇ। ਫੋਰਮ ਨੇ ਕਿਹਾ ਕਿ ਡਾ. ਸਵੈਮਾਨ ਸਿੰਘ ਨੇ ਸਿੱਖੀ ਦੇ ਸਿਧਾਂਤਾਂ ’ਤੇ ਖ਼ਰਾ ਉਤਰਦਿਆਂ ਕਿਸਾਨਾਂ ਦੇ ਨਾਲ ਰਹਿ ਕੇ ਉਨ੍ਹਾਂ ਦੀ ਸੇਵਾ ਕੀਤੀ।

Share