ਪ੍ਰਭਾਵਿਤ ਦੇਸ਼ਾਂ ਤੋਂ ਅਮਰੀਕਾ ਆਉਣ ਵਾਲੇ ਲੋਕਾਂ ਲਈ ਲਾਜ਼ਮੀ ਹੋਵੇਗਾ ਕੋਰੋਨਾ ਟੈਸਟ : ਟਰੰਪ

705
Share

ਵਾਸ਼ਿੰਗਟਨ, 29 ਅਪ੍ਰੈਲ (ਪੰਜਾਬ ਮੇਲ)- ਗਲੋਬਲ ਮਹਾਮਾਰੀ ਕੋਵਿਡ-19 ਨਾਲ ਬੁਰੀ ਤਰ੍ਹਾਂ ਜੂਝ ਰਹੇ ਅਮਰੀਕਾ ਨੇ ਕੌਮਾਂਤਰੀ ਉਡਾਣਾਂ ‘ਤੇ ਯਾਤਰੀਆਂ ਲਈ ਕੋਰੋਨਾ ਜਾਂਚ ਲਾਜ਼ਮੀ ਕਰਨ ਦੀ ਯੋਜਨਾ ਬਣਾਈ ਹੈ।
ਇਸ ਤਹਿਤ ਕੋਵਿਡ-19 ਨਾਲ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਕੋਰੋਨਾ ਜਾਂਚ ਕਰਵਾਉਣੀ ਪਵੇਗੀ। ਯੋਜਨਾ ਦੀ ਜਾਣਕਾਰੀ ਦਿੰਦੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਵ੍ਹਾਈਟ ਹਾਊਸ ਵਿਖੇ ਪ੍ਰੈੱਸ ਗੱਲਬਾਤ ਵਿਚ ਕਿਹਾ, ”ਅਸੀਂ ਅਜਿਹੀ ਪ੍ਰਣਾਲੀ ਲਗਾਉਣ ਜਾ ਰਹੇ ਹਾਂ, ਜਿਸ ਵਿਚ ਅਸੀਂ ਕੁਝ ਜਾਂਚ ਕਰਾਂਗੇ। ਅਸੀਂ ਇਸ ਯੋਜਨਾ ‘ਤੇ ਏਅਰਲਾਈਨਜ਼ ਕੰਪਨੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ।”
ਟਰੰਪ ਨੇ ਕਿਹਾ ਕਿ ਅਮਰੀਕਾ ਆਉਣ ਵਾਲੇ ਲੋਕਾਂ ਨੂੰ ਜਹਾਜ਼ ਵਿਚ ਚੜ੍ਹਨ ਤੋਂ ਪਹਿਲਾਂ ਸਰੀਰ ਦਾ ਤਾਪਮਾਨ ਅਤੇ ਕੋਰੋਨਾਵਾਇਰਸ ਦੀ ਜਾਂਚ ਕਰਾਉਣੀ ਪਵੇਗੀ। ਇਸ ਸਬੰਧ ਵਿਚ ਵਧੇਰੇ ਜਾਣਕਾਰੀ ਦਿੰਦੇ ਹੋਏ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅਜਿਹਾ ਨਿਯਮ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਦੇਸ਼ਾਂ ਦੇ ਯਾਤਰੀਆਂ ਲਈ ਬਣਾਇਆ ਜਾਵੇਗਾ, ਜੋ ਇਸ ਮਹਾਂਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ।
ਟਰੰਪ ਨੇ ਇਸ ਸਬੰਧ ਵਿਚ ਬ੍ਰਾਜ਼ੀਲ ਦੀ ਉਦਾਹਰਣ ਦਿੱਤੀ। ਇਸ ਤੋਂ ਪਹਿਲਾਂ ਅਮਰੀਕਾ ਨੇ ਕੋਰੋਨਾਵਾਇਰਸ ਨੂੰ ਰੋਕਣ ਲਈ ਚੀਨ ਅਤੇ ਯੂਰਪੀਅਨ ਦੇਸ਼ਾਂ ਦੇ ਨਾਗਰਿਕਾਂ ‘ਤੇ ਯਾਤਰਾ ਪਾਬੰਦੀਆਂ ਲਗਾਈਆਂ ਹੋਈਆਂ ਹਨ। ਅਮਰੀਕਾ ਨੇ ਯਾਤਰੀ ਏਅਰਲਾਈਨਾਂ ਵਿਚ ਯਾਤਰਾ ਕਰਦਿਆਂ ਮਾਸਕ ਪਹਿਨਣ ਦੇ ਲਾਜ਼ਮੀ ਵਿਚਾਰ ਦਾ ਵੀ ਸਮਰਥਨ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਮਹਾਂਮਾਰੀ ਨੇ ਅਮਰੀਕਾ ‘ਚ ਇਕ ਭਿਆਨਕ ਰੂਪ ਧਾਰਨ ਕਰ ਲਿਆ ਹੈ। ਜੌਹਨ ਹਾਪਿੰਕਸ ਯੂਨੀਵਰਸਿਟੀ ਮੁਤਾਬਕ ਅਮਰੀਕਾ ‘ਚ ਕੋਰੋਨਾ ਕਾਰਨ ਹੁਣ ਤੱਕ 59 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਹੈ ਤੇ 10,35,800 ਲੋਕ ਇਸ ਵਾਇਰਸ ਦੀ ਲਪੇਟ ਵਿਚ ਹਨ।


Share