ਪ੍ਰਧਾਨ ਮੰਤਰੀ ਦੀ ਜਾਨ ਨੂੰ ਖਤਰਾ ਪੂਰੀ ਤਰ੍ਹਾਂ ਮਨਘੜਤ: ਸੰਯੁਕਤ ਕਿਸਾਨ ਮੋਰਚਾ

176
Share

ਨਵੀਂ ਦਿੱਲੀ, 7 ਜਨਵਰੀ (ਪੰਜਾਬ ਮੇਲ)- ਸੰਯੁਕਤ ਕਿਸਾਨ ਮੋਰਚੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਬਿਆਨ ਦੀ ਸਖ਼ਤ ਨਿੰਦਾ ਕੀਤੀ ਗਈ ਹੈ ਜਿਸ ਵਿਚ ਸ੍ਰੀ ਮੋਦੀ ਨੇ ਆਪਣੀ ਜਾਨ ਨੂੰ ਖਤਰਾ ਹੋਣ ਦਾ ਮਿਹਣਾ ਮਾਰਿਆ ਸੀ।

ਮੋਰਚੇ ਦੇ ਆਗੂਆਂ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ, ‘‘ਬੜੇ ਅਫਸੋਸ ਦੀ ਗੱਲ ਹੈ ਕਿ ਆਪਣੀ ਰੈਲੀ ਦੀ ਅਸਫਲਤਾ ਨੂੰ ਲੁਕਾਉਣ ਲਈ ਪ੍ਰਧਾਨ ਮੰਤਰੀ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਉਣ ਦਾ ਬਹਾਨਾ ਲਗਾ ਕੇ ਪੰਜਾਬ ਤੇ ਕਿਸਾਨ ਅੰਦੋਲਨ ਦੋਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਾਰਾ ਦੇਸ਼ ਜਾਣਦਾ ਹੈ ਕਿ ਜੇਕਰ ਜਾਨ ਦਾ ਖਤਰਾ ਹੈ ਤਾਂ ਕਿਸਾਨਾਂ ਨੂੰ ਅਜੈ ਮਿਸ਼ਰਾ ਟੈਨੀ ਵਰਗੇ ਅਪਰਾਧੀਆਂ ਦੇ ਮੰਤਰੀ ਬਣ ਕੇ ਖੁੱਲ੍ਹੇਆਮ ਘੁੰਮਣ ਤੋਂ ਹੈ। ਸੰਯੁਕਤ ਕਿਸਾਨ ਮੋਰਚਾ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਉਮੀਦ ਕਰਦਾ ਹੈ ਕਿ ਉਹ ਆਪਣੇ ਅਹੁਦੇ ਦੀ ਮਾਣ-ਮਰਿਆਦਾ ਨੂੰ ਧਿਆਨ ਵਿੱਚ ਰੱਖਦੇ ਹੋਏ ਅਜਿਹੇ ਗੈਰ-ਜ਼ਿੰਮੇਵਾਰਾਨਾ ਬਿਆਨ ਨਾ ਦੇਣ।’’

ਇਹ ਬਿਆਨ ਮੋਰਚੇ ਦੇ ਆਗੂਆਂ ਬਲਬੀਰ ਸਿੰਘ ਰਾਜੇਵਾਲ, ਡਾ. ਦਰਸ਼ਨ ਪਾਲ, ਜੋਗਿੰਦਰ ਸਿੰਘ ਉਗਰਾਹਾਂ, ਜਗਜੀਤ ਸਿੰਘ ਡੱਲੇਵਾਲ, ਗੁਰਨਾਮ ਸਿੰਘ ਚੜੂਨੀ, ਹਨਨ ਮੌਲਾ, ਸ਼ਿਵ ਕੁਮਾਰ ਸ਼ਰਮਾ (ਕੱਕਾ ਜੀ), ਯੁੱਧਵੀਰ ਸਿੰਘ ਤੇ ਯੋਗਿੰਦਰ ਯਾਦਵ ਵੱਲੋਂ ਜਾਰੀ ਕੀਤਾ ਗਿਆ।

ਇਨ੍ਹਾਂ ਆਗੂਆਂ ਮੁਤਾਬਕ ਮੌਕੇ ਦੀ ਵੀਡੀਓ ਤੋਂ ਸਾਫ਼ ਹੈ ਕਿ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਪ੍ਰਧਾਨ ਮੰਤਰੀ ਦੇ ਕਾਫ਼ਲੇ ਵੱਲ ਜਾਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਉਸ ਕਾਫਲੇ ਦੇ ਨੇੜੇ ਭਾਜਪਾ ਦਾ ਝੰਡਾ ਬੁਲੰਦ ਕਰਨ ਵਾਲਾ ‘ਨਰਿੰਦਰ ਮੋਦੀ ਜ਼ਿੰਦਾਬਾਦ’ ਕਹਿ ਰਿਹਾ ਇੱਕ ਗਰੁੱਪ ਹੀ ਪਹੁੰਚਿਆ ਸੀ। ਇਸ ਲਈ ਪ੍ਰਧਾਨ ਮੰਤਰੀ ਦੀ ਜਾਨ ਨੂੰ ਖਤਰਾ ਪੂਰੀ ਤਰ੍ਹਾਂ ਮਨਘੜਤ ਜਾਪਦਾ ਹੈ। ਮੋਰਚੇ ਨੇ ਸਾਫ਼ ਕੀਤਾ ਕਿ ਪ੍ਰਧਾਨ ਮੰਤਰੀ ਦੇ ਦੌਰੇ ਨੂੰ ਰੋਕਣ ਜਾਂ ਉਨ੍ਹਾਂ ਦੇ ਪ੍ਰੋਗਰਾਮ ਵਿੱਚ ਰੁਕਾਵਟ ਪਾਉਣ ਦਾ ਕੋਈ ਪ੍ਰੋਗਰਾਮ ਨਹੀਂ ਸੀ।

ਆਗੂਆਂ ਨੇ ਕਿਹਾ, ‘‘ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਅਨੁਸਾਰ 5 ਜਨਵਰੀ ਨੂੰ ਪੰਜਾਬ ਦੇ ਹਰ ਜ਼ਿਲ੍ਹਾ ਅਤੇ ਤਹਿਸੀਲ ਹੈੱਡਕੁਆਰਟਰ ’ਤੇ ਸ਼ਾਂਤਮਈ ਰੋਸ ਮੁਜ਼ਾਹਰੇ ਕੀਤੇ ਗਏ। ਪੁਲੀਸ ਪ੍ਰਸ਼ਾਸਨ ਵੱਲੋਂ ਜਦੋਂ ਕੁਝ ਕਿਸਾਨਾਂ ਨੂੰ ਜ਼ਿਲ੍ਹਾ ਹੈੱਡਕੁਆਰਟਰ ਫਿਰੋਜ਼ਪੁਰ ਵੱਲ ਜਾਣ ਤੋਂ ਰੋਕਿਆ ਗਿਆ ਤਾਂ ਉਨ੍ਹਾਂ ਕਈ ਥਾਵਾਂ ’ਤੇ ਸੜਕ ’ਤੇ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ। ਇਨ੍ਹਾਂ ਵਿੱਚ ਪਿਆਰੇਆਣਾ ਦਾ ਉਹ ਫਲਾਈਓਵਰ ਵੀ ਸੀ ਜਿੱਥੇ ਪ੍ਰਧਾਨ ਮੰਤਰੀ ਦਾ ਕਾਫ਼ਲਾ ਆਇਆ, ਰੁਕਿਆ ਅਤੇ ਵਾਪਸ ਚਲਾ ਗਿਆ। ਉੱਥੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਕੋਈ ਠੋਸ ਸੂਚਨਾ ਨਹੀਂ ਸੀ ਕਿ ਪ੍ਰਧਾਨ ਮੰਤਰੀ ਦਾ ਕਾਫਲਾ ਉਥੋਂ ਲੰਘਣ ਵਾਲਾ ਹੈ। ਉਨ੍ਹਾਂ ਨੂੰ ਇਹ ਜਾਣਕਾਰੀ ਪ੍ਰਧਾਨ ਮੰਤਰੀ ਦੀ ਵਾਪਸੀ ਤੋਂ ਬਾਅਦ ਮੀਡੀਆ ਤੋਂ ਮਿਲੀ।’’


Share