ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਜਾਰਜ ਦੇ ਭਰਾ ਵੱਲੋਂ ਸ਼ਾਂਤੀ ਬਣਾਈ ਰੱਖਣ ਦੀ ਅਪੀਲ

915

ਵਾਸ਼ਿੰਗਟਨ, 3 ਜੂਨ (ਪੰਜਾਬ ਮੇਲ)- ਮਿਨੀਸੋਟਾ ‘ਚ ਪੁਲਿਸ ਹਿਰਾਸਤ ‘ਚ ਮਾਰੇ ਗਏ ਜਾਰਜ ਫਲਾਇਡ ਦੇ ਭਰਾ ਟੇਰੇਨਸ ਫਲਾਇਡ ਨੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਇਕ ਭਾਵੁਕ ਅਪੀਲ ਕੀਤੀ ਹੈ। ਟੇਰੇਨਸ ਜਦੋਂ ਆਪਣੇ ਭਰਾ ਲਈ ਬਣੇ ਸ਼ਰਧਾਂਜਲੀ ਸਥਲ ‘ਤੇ ਪਹੁੰਚੇ, ਤਾਂ ਆਪਣਾ ਦਰਦ ਲੁਕੋ ਨਹੀਂ ਪਾਏ ਅਤੇ ਉਨ੍ਹਾਂ ਦੀਆਂ ਚੀਕਾਂ ਨਿਕਲ ਗਈਆਂ। ਇਸ ਦੇ ਬਾਵਜੂਦ ਉਨ੍ਹਾਂ ਨੇ ਨਾਰਾਜ਼ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀਪੂਰਨ ਤਰੀਕਾ ਅਪਨਾਉਣ ਦੀ ਅਪੀਲ ਕੀਤੀ। ਉਨ੍ਹਾਂ ਦਾ ਕਹਿਣਾ ਹੈ, ”ਜਾਰਜ ਜਦੋਂ ਤੋਂ ਹਿਊਸਟਨ ਤੋਂ ਮਿਨੇਐਪਲਿਸ ਸ਼ਿਫਟ ਹੋਏ ਸਨ, ਇਹ ਜਗ੍ਹਾ ਉਨ੍ਹਾਂ ਨੂੰ ਬਹੁਤ ਪਸੰਦ ਸੀ ਅਤੇ ਇਸ ਸਮੇਂ ਜੋ ਹੋ ਰਿਹਾ ਹੈ, ਜਾਰਜ ਕਦੇ ਵੀ ਅਜਿਹਾ ਨਹੀਂ ਸੀ ਚਾਹੁੰਦੇ।” ਟੇਰੇਨਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਹੋਰ ਤਰੀਕੇ ਨਾਲ ਆਪਣੀ ਗੱਲ ਕਹਿਣ। ਉਨ੍ਹਾਂ ਨੇ ਲੋਕਾਂ ਨੂੰ ਸਾਰੀਆਂ ਚੋਣਾਂ ‘ਚ ਵੋਟ ਪਾਉਣ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਖੁਦ ਨੂੰ ਸਿੱਖਿਅਤ ਕਰਨਾ ਚਾਹੀਦਾ ਹੈ, ਤਾਂ ਜੋ ਕੋਈ ਹੋਰ ਉਨ੍ਹਾਂ ਦਾ ਫਾਇਦਾ ਨਾ ਚੁੱਕ ਸਕੇ।
ਦੂਜੇ ਪਾਸੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਸਖਤ ਰਵੱਈਆ ਅਪਨਾਉਂਦੇ ਦਿਸ ਰਹੇ ਹਨ। ਉਹ ਦੋਸ਼ ਲਗਾ ਚੁੱਕੇ ਹਨ ਕਿ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਜਾਰਜ ਨਾਲ ਕੋਈ ਮਤਲਬ ਨਹੀਂ ਹੈ, ਸਗੋਂ ਐਂਟੀਫਾ ਨਾਲ ਜੁੜੇ ਲੋਕ ਹਿੰਸਾ ਫੈਲਾ ਰਹੇ ਹਨ। ਉਨ੍ਹਾਂ ਨੇ ਇੱਥੋਂ ਤੱਕ ਐਲਾਨ ਕਰ ਦਿੱਤਾ ਹੈ ਕਿ ਹਾਲਾਤ ਨੂੰ ਕਾਬੂ ‘ਚ ਕਰਨ ਲਈ ਉਹ ਫੌਜ ਉਤਾਰ ਸਕਦੇ ਹਨ। ਇਹੀ ਨਹੀਂ ਜਦੋਂ ਟਰੰਪ ਵ੍ਹਾਈਟ ਹਾਊਸ ਦੇ ਨੇੜੇ ਚਰਚ ‘ਚ ਤਸਵੀਰ ਲੈਣ ਲਈ ਪਹੁੰਚੇ ਤਾਂ ਬਾਹਰ ਦੀ ਜਗ੍ਹਾ ਖਾਲੀ ਕਰਵਾਉਣ ਲਈ ਪ੍ਰਦਰਸ਼ਨਾਕਰੀਆਂ ‘ਤੇ ਹੰਝੂ ਗੈਸ ਛੱਡੀ ਗਈ। ਇਸ ਕਾਰਨ ਟਰੰਪ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।