ਪ੍ਰਤੀਨਿੱਧ ਸਦਨ ਵੱਲੋਂ ਗੁਲਾਮਾਂ ਨੂੰ ਨਾਗਰਿਕਤਾ ਦਾ ਹੱਕ ਨਾ ਦੇਣ ਦਾ ਨਿਰਣਾ ਹਟਾਉਣ ਸਬੰਧੀ ਬਿੱਲ ਪਾਸ

104
Share

ਸੈਕਰਾਮੈਂਟੋ, 30 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕੀ ਪ੍ਰਤੀਨਿੱਧ ਸਦਨ ਨੇ ਇਕ ਬਿੱਲ ਪਾਸ ਕੀਤਾ ਹੈ, ਜਿਸ ਤਹਿਤ ਵਾਸ਼ਿੰਗਟਨ ਡੀ.ਸੀ. ’ਚ ਲੱਗੇ ਕਾਨਫੈਡਰੇਟ ਬੁੱਤਾਂ ਤੇ ਸੁਪਰੀਮ ਕੋਰਟ ਦੇ ਸਾਬਕਾ ਮੁੱਖ ਜੱਜ ਰੋਜਰ ਟੈਨੀ ਦਾ ਨਿਰਨਾ ਹਟਾਉਣ ਦੀ ਵਿਵਸਥਾ ਹੈ। ਇਸ ਜੱਜ ਨੇ 1857 ਡਰੈਡ ਸਕਾਟ ਨਿਰਣੇ ’ਚ ਲਿਖਿਆ ਸੀ ਕਿ ਗੁਲਾਮ ਲੋਕਾਂ ਨੂੰ ਨਾਗਰਿਕਤਾ ਦਾ ਅਧਿਕਾਰ ਨਹੀਂ ਹੈ। ਸਦਨ ਦੇ ਬਹੁਗਿਣਤੀ ਆਗੂ ਸਟੈਨੀ ਹੋਇਰ ਨੇ ਬਿੱਲ ਉਪਰ ਵੋਟਾਂ ਪੈਣ ਤੋਂ ਪਹਿਲਾਂ ਕਿਹਾ ਕਿ ‘‘ਇਸ ਪਵਿੱਤਰ ਸਥਾਨ ’ਤੇ ਲੋਕਤੰਤਰ ਦੇ ਮੰਦਿਰ ਨੂੰ ਲੰਬਾ ਸਮਾਂ ਸੰਕੀਰਨ ਬਣਾ ਕੇ ਰੱਖਿਆ ਗਿਆ ਹੈ। ਸਾਨੂੰ ਇਤਿਹਾਸ ਨੂੰ ਭੁੱਲਣਾ ਨਹੀਂ ਚਾਹੀਦਾ ਤੇ ਸਾਨੂੰ ਇਤਿਹਾਸ ਤੋਂ ਸਿੱਖਣਾ ਚਾਹੀਦਾ ਹੈ ਪਰੰਤੂ ਅਸੀਂ ਉਨ੍ਹਾਂ ਗੱਲਾਂ ਦਾ ਸਨਮਾਨ ਨਹੀਂ ਕਰ ਸਕਦੇ, ਜਿਹੜੀਆਂ ਸਾਡੇ ਸਿਧਾਤਾਂ ਜਿਨ੍ਹਾਂ ਲਈ ਅਸੀਂ ਖੜ੍ਹੇ ਹਾਂ, ਨੂੰ ਨਕਾਰਦੀਆਂ ਹੋਣ। ਇਹ ਸਮਾਂ ਇਨ੍ਹਾਂ ਭਵਨਾਂ ਵਿਚੋਂ ਗੁਲਾਮੀ ਦੇ ਚਿੰਨ੍ਹਾਂ ’ਤੇ ਰਾਜ ਧਰੋਹ ਵਰਗੇ ਸ਼ਬਦਾਂ ਨੂੰ ਹਟਾਉਣ ਦਾ ਹੈ।’’ ਬਿੱਲ ਦੇ ਹੱਕ ਵਿਚ 285 ਤੇ ਵਿਰੋਧ ਵਿਚ 120 ਵੋਟਾਂ ਪਈਆਂ। ਹਾਜ਼ਰ ਸਾਰੇ ਡੈਮੋਕਰੇਟਿਕ ਮੈਂਬਰਾਂ ਤੇ 67 ਰਿਪਬਲੀਕਨਾਂ ਨੇ ਵੀ ਬਿੱਲ ਦੇ ਹੱਕ ਵਿਚ ਵੋਟ ਪਾਈ। ਹੁਣ ਇਹ ਬਿੱਲ ਸੈਨੇਟ ’ਚ ਜਾਵੇਗਾ, ਜਿਥੇ ਬਿੱਲ ਨੂੰ ਪਾਸ ਕਰਨ ਲਈ 10 ਰਿਪਬਲੀਕਨ ਮੈਂਬਰਾਂ ਦੀ ਲੋੜ ਪਵੇਗੀ। ਇਥੇ ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਇਸ ਕਿਸਮ ਦਾ ਬਿੱਲ ਸਦਨ ਵੱਲੋਂ ਪਾਸ ਕੀਤਾ ਗਿਆ ਸੀ ਪਰ ਰਿਪਬਲੀਕਨਾਂ ਦੇ ਬਹੁਮਤ ਵਾਲੀ ਸੈਨੇਟ ਵਿਚ ਇਸ ਬਿੱਲ ਨੂੰ ਰੋਕ ਲਿਆ ਗਿਆ ਸੀ।


Share