ਪ੍ਰਤੀਨਿਧ ਸਭਾ ’ਚ ਗੈਰ-ਪ੍ਰਵਾਸੀਆਂ ਦੇ ਆਸ਼ਰਿਤਾਂ ਨੂੰ ਪੀ.ਆਰ. ਪ੍ਰਦਾਨ ਕਰਨ ਵਾਲਾ ਬਿੱਲ ਪੇਸ਼

223
Share

ਵਾਸ਼ਿੰਗਟਨ, 4 ਜੁਲਾਈ (ਪੰਜਾਬ ਮੇਲ)- ਅਮਰੀਕੀ ਸੰਸਦ ਮੈਂਬਰਾਂ ਦੇ ਇਕ ਸਮੂਹ ਨੇ ਲੰਮੇ ਸਮੇਂ ਦੇ ਗ਼ੈਰ-ਪ੍ਰਵਾਸੀ ਵੀਜ਼ਾ ਧਾਰਕਾਂ ਦੇ ਆਸ਼ਰਿਤਾਂ ਨੂੰ ਪਰਮਾਨੈਂਟ ਰੈਜ਼ੀਡੈਂਸ (ਪੀ.ਆਰ.) ਅਧਿਕਾਰ ਪ੍ਰਦਾਨ ਕਰਨ ਦਾ ਰਾਹ ਪੱਧਰਾ ਕਰਨ ਵਾਲਾ ਇਕ ਬਿੱਲ ਪੇਸ਼ ਕੀਤਾ ਹੈ। ਇਸ ਬਿੱਲ ਨੂੰ ਅਮਰੀਕੀ ਸੰਸਦ ਦੀ ਮਨਜ਼ੂਰੀ ਮਿਲਣ ’ਤੇ ਉਨ੍ਹਾਂ ਕਈ ਭਾਰਤੀ ਬੱਚਿਆਂ ਅਤੇ ਨੌਜਵਾਨਾਂ ਨੂੰ ਫਾਇਦਾ ਹੋਵੇਗਾ, ਜੋ 21 ਸਾਲ ਦੀ ਉਮਰ ਪੂਰੀ ਹੋਣ ’ਤੇ ਸਵੈ-ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਹਨ। ਅਮਰੀਕਾ ਦਾ ਚਿਲਡਰਨ ਐਕਟ ਸੰਸਦ ਮੈਂਬਰ ਦੇਬਰਾ ਰੋਸ, ਐੱਮ. ਮਿਲਰ ਮੀਕਸ, ਰਾਜਾ ਕਿ੍ਰਸ਼ਨਾਮੂਰਤੀ ਤੇ ਯੰਗ ਕਿਮ ਨੇ ਵੀਰਵਾਰ ਨੂੰ ਪ੍ਰਤੀਨਿਧੀ ਸਭਾ ’ਚ ਪੇਸ਼ ਕੀਤਾ।
ਇਸ ਬਿੱਲ ਦਾ ਉਦੇਸ਼ ‘ਡਾਕਿਊਮੈਂਟਿਡ ਡ੍ਰੀਮਰਜ਼’ ਦੀ ਸੁਰੱਖਿਆ ਕਰਨਾ ਹੈ, ਜੋ ਲੰਮੇ ਸਮੇਂ ਦੇ ਗ਼ੈਰ-ਵੀਜ਼ਾਧਾਰਕਾਂ ਦੇ ਆਸ਼ਰਿਤ ਹਨ ਤੇ 21 ਸਾਲ ਦੇ ਹੋਣ ’ਤੇ ਸਵੈ-ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਹਨ। ਅਜਿਹੇ ਲੋਕਾਂ ਦੀ ਗਿਣਤੀ ਦੋ ਲੱਖ ਤੋਂ ਵੱਧ ਹੈ, ਜਿਨ੍ਹਾਂ ’ਚ ਜ਼ਿਆਦਾਤਰ ਭਾਰਤੀ ਹਨ। ਇਹ ਲੋਕ ਅਮਰੀਕਾ ’ਚ ਲੰਮੇ ਸਮੇਂ ਦੇ ਗ਼ੈਰ-ਪ੍ਰਵਾਸੀ ਵੀਜ਼ਾਧਾਰਕਾਂ (ਐੱਚ-1ਬੀ, ਐੱਲ-1, ਈ-1 ਕਰਮਚਾਰੀ) ਦੇ ਆਸ਼ਰਿਤ ਦੇ ਤੌਰ ’ਤੇ ਰਹਿ ਰਹੇ ਹਨ। ਇਹ ਬੱਚੇ ਅਮਰੀਕਾ ’ਚ ਵੱਡੇ ਹੋਏ ਤੇ ਅਮਰੀਕੀ ਸਕੂਲਾਂ ’ਚ ਪੜ੍ਹਾਈ ਕੀਤੀ ਅਤੇ ਅਮਰੀਕੀ ਯੂਨੀਵਰਸਿਟੀ ਤੋਂ ਗ੍ਰੈਜੂਏਟ ਦੀ ਡਿਗਰੀ ਹਾਸਲ ਕੀਤੀ ਹੈ। ਡੈਮੋਕ੍ਰੇਟ ਸੰਸਦ ਮੈਂਬਰ ਤੇ ਭਾਰਤੀ ਅਮਰੀਕੀ ਕਿ੍ਰਸ਼ਨਾਮੂਰਤੀ ਨੇ ਕਿਹਾ ਕਿ ਸਾਡੀ ਇਮੀਗ੍ਰੇਸ਼ਨ ਪ੍ਰਣਾਲੀ ਦੀ ਮੌਜੂਦਾ ਨਾਕਾਮੀ ਨੇ ਉਨ੍ਹਾਂ ਨੂੰ ਇਥੇ ਆਪਣਾ ਕਰੀਅਰ ਸ਼ੁਰੂ ਕਰਨ ਤੇ ਘਰ-ਪਰਿਵਾਰ ਵਸਾਉਣ ਤੋਂ ਪਹਿਲਾਂ ਇਥੋਂ ਜਾਣ ਲਈ ਮਜਬੂਰ ਕਰ ਦਿੱਤਾ ਹੈ।

Share