ਪ੍ਰਕਾਸ਼ ਸਿੰਘ ਬਾਦਲ ਕੋਰੋਨਾ ਪਾਜ਼ੀਟਿਵ ਪਾਏ ਗਏ

151
Share

ਲੁਧਿਆਣਾ, 21 ਜਨਵਰੀ (ਪੰਜਾਬ ਮੇਲ)-ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਬੀਤੇ ਬੁੱਧਵਾਰ ਨੂੰ ਸ. ਬਾਦਲ ਨੂੰ ਡਾਕਟਰੀ ਜਾਂਚ ਲਈ ਦਇਆਨੰਦ ਹਸਪਤਾਲ ਲਿਆਂਦਾ ਗਿਆ, ਜਿਥੇ ਉਨ੍ਹਾਂ ਦਾ ਕੋਰੋਨਾ ਟੈਸਟ ਕੀਤਾ ਗਿਆ, ਜੋ ਕਿ ਪਾਜ਼ੀਟਿਵ ਪਾਇਆ ਗਿਆ। ਡਾਕਟਰਾਂ ਵੱਲੋਂ ਉਨ੍ਹਾਂ ਨਾਲ ਕਿਸੇ ਨੂੰ ਵੀ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਸ. ਬਾਦਲ ਨੂੰ ਦੁਪਹਿਰ ਸਮੇਂ ਦਇਆਨੰਦ ਹਸਪਤਾਲ ਲਿਆਂਦਾ ਗਿਆ। ਪਹਿਲਾਂ ਬਾਦਲ ਨੂੰ ਬਠਿੰਡਾ ਦੇ ਹਸਪਤਾਲ ਲਿਜਾਇਆ ਗਿਆ ਸੀ, ਜਿਥੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਦਇਆਨੰਦ ਹਸਪਤਾਲ ’ਚ ਰੈਫਰ ਕਰ ਦਿੱਤਾ ਗਿਆ।¿;
ਸ. ਬਾਦਲ ਦੀ ਤਬੀਅਤ ਪਿਛਲੇ ਕੁਝ ਦਿਨਾਂ ਤੋਂ ਖ਼ਰਾਬ ਚੱਲੀ ਆ ਰਹੀ ਸੀ। ਉਨ੍ਹਾਂ ਨੂੰ ਜ਼ੁਕਾਮ ਅਤੇ ਬੁਖਾਰ ਦੀ ਸ਼ਿਕਾਇਤ ਸੀ। ਜਦੋਂ ਸ. ਬਾਦਲ ਦਇਆਨੰਦ ਹਸਪਤਾਲ ਪਹੁੰਚੇ, ਤਾਂ ਡਾਕਟਰਾਂ ਵਲੋਂ ਕੋਰੋਨਾ ਤੋਂ ਇਲਾਵਾ ਉਨ੍ਹਾਂ ਦੇ ਸਰੀਰ ਦੇ ਹੋਰ ਵੀ ਟੈਸਟ ਕੀਤੇ ਗਏ। ਸ. ਬਾਦਲ ਚੱਲਣ ਫਿਰਨ ਤੋਂ ਅਸਮਰੱਥਾ ਪ੍ਰਗਟ ਕਰ ਰਹੇ ਸਨ, ਜਿਸ ਲਈ ਉਨ੍ਹਾਂ ਨੂੰ ਵ੍ਹੀਲਚੇਅਰ ’ਤੇ ਕਾਰ ਤੋਂ ਹਸਪਤਾਲ ਦੇ ਅੰਦਰ ਲਿਜਾਇਆ ਗਿਆ। ਹਾਲ ਦੀ ਘੜੀ ਡਾਕਟਰਾਂ ਵੱਲੋਂ ਸ. ਬਾਦਲ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਸ. ਬਾਦਲ ਦੇ ਦਇਆਨੰਦ ਹਸਪਤਾਲ ਦੀ ਸੂਚਨਾ ਮਿਲਦਿਆਂ ਹੀ ਅਕਾਲੀ ਆਗੂ ਵੀ ਮੌਕੇ ’ਤੇ ਪਹੁੰਚੇ ਪਰ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਜ਼ਿਕਰਯੋਗ ਹੈ ਕਿ ਸ. ਬਾਦਲ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਲੰਬੀ ਹਲਕੇ ’ਚ ਚੋਣ ਪ੍ਰਚਾਰ ਕਰ ਰਹੇ ਸਨ।

Share