ਪੈਸਿਆਂ ਦੇ ਲਾਲਚ ‘ਚ ਵੇਚੇ ਗਏ 328 ਪਾਵਨ ਸਰੂਪ ਸਾਹਿਬਾਨ : ਭਾਈ ਲੌਂਗੋਵਾਲ

641

ਹੁਸ਼ਿਆਰਪੁਰ, 7 ਅਕਤੂਬਰ (ਪੰਜਾਬ ਮੇਲ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਸਾਹਿਬਾਨ ਦੀ ਕੋਈ ਬੇਅਦਬੀ ਨਹੀਂ ਹੋਈ ਅਤੇ ਨਾ ਹੀ ਕੋਈ ਗਾਇਬ ਹੋਏ ਹਨ। ਕੇਵਲ ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਵੱਲੋਂ ਪੈਸਿਆਂ ਦੇ ਲਾਲਚ ਵਿਚ ਗੁਰੂ ਸਾਹਿਬ ਦੇ ਪਾਵਨ ਸਰੂਪ ਸਾਹਿਬਾਨ ਨੂੰ ਵੇਚਿਆ ਗਿਆ ਹੈ, ਜਿਸਦੀ ਰਿਪੋਰਟ ਉਨ੍ਹਾਂ ਨੇ ਜਨਤਕ ਕਰ ਦਿੱਤੀ ਹੈ ਅਤੇ ਕੁੱਝ ਦੋਸ਼ੀਆਂ ਨੂੰ ਬਰਖਾਸਤ ਕਰ ਦਿੱਤਾ ਹੈ।
ਇਹ ਖੁਲਾਸਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਹੁਸ਼ਿਆਰਪੁਰ ਨਜ਼ਦੀਕ ਗੁਰਦੁਆਰਾ ਹਰੀਆਂ ਬੇਲਾਂ ਪਾਤਸ਼ਾਹੀ ਸੱਤਵੀਂ ਵਿਖੇ ਪ੍ਰੈੱਸ ਨਾਲ ਗੱਲਬਾਤ ਦੌਰਾਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਲੈ ਕੇ ਜਨਤਕ ਕੀਤੀ ਗਈ ਰਿਪੋਰਟ ਅਨੁਸਾਰ ਪਾਏ ਗਏ ਦੋਸ਼ੀਆਂ ‘ਤੇ ਐੱਫ.ਆਈ.ਆਰ. ਦਰਜ ਹੋਵੇ, ਅਜਿਹਾ ਸਿੱਖ ਮਰਿਆਦਾ ਦੇ ਖਿਲਾਫ ਹੈ। ਇਸ ਲਈ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਰਿਪੋਰਟ ਪੇਸ਼ ਕੀਤੀ ਗਈ ਹੈ, ਤਾਂ ਜੋ ਦੋਸ਼ੀਆਂ ਨੂੰ ਸਜ਼ਾ ਸਬੰਧੀ ਫੈਸਲਾ ਸਿੱਖ ਮਰਿਆਦਾ ‘ਚ ਰਹਿ ਕੇ ਹੀ ਕੀਤਾ ਜਾਵੇ।