ਪੈਰਿਸ ’ਚ ਮੁੜ ਮਿਲਣ ਦੇ ਐਲਾਨ ਨਾਲ ਅਲਵਿਦਾ ਟੋਕੀਓ ਓਲੰਪਿਕ ਖੇਡਾਂ ਹੋਈਆਂ ਸਮਾਪਤ

699
ਟੋਕੀਓ ’ਚ ਐਤਵਾਰ ਨੂੰ ਓਲੰਪਿਕਸ ਦੇ ਸਮਾਪਤੀ ਸਮਾਰੋਹ ਦੌਰਾਨ ਆਤਿਸ਼ਬਾਜ਼ੀ ਨਾਲ ਜਗਮਗਾਉਂਦਾ ਹੋਇਆ ਸਟੇਡੀਅਮ।
Share

* ਥੌਮਸ ਬਾਕ ਵੱਲੋਂ ਖਿਡਾਰੀਆਂ ਅਤੇ ਜਾਪਾਨ ਦੇ ਲੋਕਾਂ ਦੇ ਜਜ਼ਬੇ ਨੂੰ ਸਲਾਮ
ਟੋਕੀਓ, 9 ਅਗਸਤ (ਪੰਜਾਬ ਮੇਲ)- ਕਰੋਨਾ ਕਾਲ ਦੀਆਂ ਚੁਣੌਤੀਆਂ ਦਰਮਿਆਨ ਹੋਈਆਂ ਟੋਕੀਓ ਓਲੰਪਿਕ ਖੇਡਾਂ ਹੁਣ ਤਿੰਨ ਸਾਲ ਮਗਰੋਂ ਫਰਾਂਸ ਦੀ ਰਾਜਧਾਨੀ ਪੈਰਿਸ ’ਚ ਮੁੜ ਮਿਲਣ ਦੇ ਐਲਾਨ ਨਾਲ ਸਮਾਪਤ ਹੋ ਗਈਆਂ। ਕੌਮਾਂਤਰੀ ਓਲੰਪਿਕ ਕਮੇਟੀ (ਆਈ.ਓ.ਸੀ.) ਦੇ ਪ੍ਰਧਾਨ ਥੌਮਸ ਬਾਕ ਨੇ 32ਵੀਆਂ ਓਲੰਪਿਕ ਖੇਡਾਂ ਨੂੰ ਅਧਿਕਾਰਤ ਤੌਰ ’ਤੇ ਬੰਦ ਕਰਨ ਦਾ ਐਲਾਨ ਕੀਤਾ। ਉਨ੍ਹਾਂ ਖੇਡ ਮਹਾਕੁੰਭ ਵਿਚ ਸ਼ਿਰਕਤ ਕਰਨ ਵਾਲੇ ਖਿਡਾਰੀਆਂ ਤੇ ਜਾਪਾਨ ਦੇ ਲੋਕਾਂ ਵੱਲੋਂ ਵਿਖਾਏ ਜਜ਼ਬੇ ਨੂੰ ਸਲਾਮ ਕੀਤਾ। ਸਮਾਪਤੀ ਸਮਾਗਮ ਦੌਰਾਨ ਜਿੱਥੇ ਓਲੰਪਿਕ ਸਟੇਡੀਅਮ ਵਿਚ ਆਤਿਸ਼ਬਾਜ਼ੀ ਕੀਤੀ ਗਈ, ਉਥੇ ਕਲਾਕਾਰਾਂ ਨੇ ਨਿ੍ਰਤ ਤੇ ਗੀਤਾਂ ’ਤੇ ਆਧਾਰਿਤ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ। ਸਮਾਪਤੀ ਸਮਾਗਮ ਦੇ ਨਾਲ ਹੀ ਜਾਪਾਨ ਦੀ ਰਾਜਧਾਨੀ ਵਿਚ ਹੋਈਆਂ ਇਤਿਹਾਸ ਦੀਆਂ ਸਭ ਤੋਂ ਨਿਵੇਕਲੀਆਂ ਖੇਡਾਂ ਸਮਾਪਤ ਹੋ ਗਈਆਂ ਹਨ।
ਟੋਕੀਓ ਓਲੰਪਿਕ ਖੇਡਾਂ ਦੇ ਸਮਾਪਤੀ ਸਮਾਗਮ ਮੌਕੇ ਸਟੇਡੀਅਮ ’ਚ ਮੌਜੂਦ ਭਾਰਤੀ ਖੇਡ ਦਸਤੇ ਦੇ ਕੁਝ ਮੈਂਬਰ ਸੈਲਫੀ ਲੈਂਦੇ ਹੋਏ।

ਆਈ.ਓ.ਸੀ. ਮੁਖੀ ਨੇੇ ਪੈਰਿਸ ਦੀ ਮੇਅਰ ਐਨੀ ਹਿਦਾਲਗੋ ਨੂੰ ਓਲੰਪਿਕ ਝੰਡਾ ਸੌਂਪਦਿਆਂ ਜਿੱਥੇ ਅੱਗੇ ਵਧਣ ਦਾ ਸੁਨੇਹਾ ਦਿੱਤਾ, ਉਥੇ ਕੋਵਿਡ-19 ਮਹਾਮਾਰੀ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲਿਆਂ ਨੂੰ ਵੀ ਯਾਦ ਕੀਤਾ। ਕਰੋਨਾ ਕਰਕੇ ਕੁੱਲ ਆਲਮ ਨੂੰ ਦਰਪੇਸ਼ ਸਿਹਤ ਚੁਣੌਤੀ ਕਰ ਕੇ ਟੋਕੀਓ ਖੇਡਾਂ ਭਾਵੇਂ ਇਕ ਸਾਲ ਲਈ ਅੱਗੇ ਪੈ ਗਈਆਂ ਤੇ ਸਥਾਨਕ ਲੋਕ ਖੇਡਾਂ ਕਰਵਾਉਣ ਦੇ ਵਿਚਾਰ ਨੂੰ ਲੈ ਕੇ ਵੰਡੇ ਨਜ਼ਰ ਆਏ, ਪਰ ਆਖਿਰ ਨੂੰ ਖੇਡ ਮਹਾਕੁੰਭ ਸਾਰੀਆਂ ਚੁਣੌਤੀਆਂ ਨੂੰ ਪਾਰ ਪਾਉਂਦਿਆਂ ਦਿਨ ਦੀ ਰੌਸ਼ਨੀ ਵੇਖਣ ਵਿਚ ਸਫ਼ਲ ਰਿਹਾ। ਕੌਮਾਂਤਰੀ ਓਲੰਪਿਕ ਕਮੇਟੀ ਦੇ ਪ੍ਰਧਾਨ ਥੌਮਸ ਬਾਕ ਨੇ ਟੋਕੀਓ ਓਲੰਪਿਕ ਨੂੰ ਸਮਾਪਤ ਕਰਨ ਦਾ ਐਲਾਨ ਕਰਦਿਆਂ ਕਿਹਾ, ‘‘ਅਥਲੀਟਾਂ ਨੇ ਨਾ ਸਿਰਫ਼ ਤੇਜ਼ੀ ਵਿਖਾਈ, ਬਲਕਿ ਉਨ੍ਹਾਂ ਹੋਰ ਉਚਾਈਆਂ ਛੋਹੀਆਂ ਤੇ ਪਹਿਲਾਂ ਨਾਲੋਂ ਹੋਰ ਮਜ਼ਬੂਤ ਹੋ ਕੇ ਨਿਕਲੇ ਕਿਉਂਕਿ ਉਹ ਸਾਰੇ ਇਕਜੁੱਟ ਹੋ ਕੇ ਖੜ੍ਹੇ ਰਹੇ।’ ਬਾਕ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਖੇਡਾਂ ਸਾਂਝੀਵਾਲਤਾ ਦਾ ਪ੍ਰਗਟਾਵਾ ਹਨ ਤੇ ਤੁਸੀਂ ਸਾਰੇ ਸਾਡੇ ਲਈ ਪ੍ਰੇਰਨਾਸਰੋਤ ਹੋ। ਮਹਾਮਾਰੀ ਦੌਰਾਨ ਤੁਸੀਂ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ, ਜਿਸ ਕਰਕੇ ਇਹ ਖੇਡਾਂ ਹੋਰ ਵੀ ਅਲੌਕਿਕ ਹਨ। ਬਿਨਾਂ ਇਕਜੁੱਟਤਾ ਤੇ ਸਾਂਝੀਵਾਲਤਾ ਦੇ ਇਹ ਖੇਡਾਂ ਸੰਭਵ ਨਹੀਂ ਸਨ।’’ ਆਈ.ਓ.ਸੀ. ਮੁਖੀ ਨੇ ਕਿਹਾ, ‘‘ਮਹਾਮਾਰੀ ਮਗਰੋਂ ਪਹਿਲਾ ਮੌਕਾ ਹੈ, ਜਦੋਂ ਕੁੱਲ ਆਲਮ ਇਕ ਮੰਚ ’ਤੇ ਇਕੱਠਾ ਹੋਇਆ ਹੈ। ਲੋਕ ਜੋਸ਼, ਖ਼ੁਸ਼ੀ ਤੇ ਉਤੇਜਨਾ ਦੇ ਪਲਾਂ ਨੂੰ ਸਾਂਝਿਆਂ ਕਰਨ ਮੌਕੇ ਇਕਜੁੱਟ ਨਜ਼ਰ ਆਏ। ਇਸ ਨੇ ਸਾਨੂੰ ਇਕ ਆਸ ਦਿੱਤੀ, ਭਵਿੱਖ ’ਤੇ ਭਰੋਸਾ ਦਿੱਤਾ ਹੈ।’

ਉਨ੍ਹਾਂ ਜਾਪਾਨ ਦੇ ਲੋਕਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਜੋ ਕੁਝ ਹਾਸਲ ਕੀਤਾ ਹੈ, ਉਸ ਉੱਤੇ ਮਾਣ ਕਰ ਸਕਦੇ ਹਨ। ਸਮਾਪਤੀ ਸਮਾਗਮ ਦੀ ਸ਼ੁਰੂਆਤ 68000 ਦਰਸ਼ਕਾਂ ਦੀ ਬੈਠਣ ਸਮਰੱਥਾ ਵਾਲੇ ਕੌਮੀ ਸਟੇਡੀਅਮ ਵਿਚ ਜਾਪਾਨ ਦਾ ਝੰਡਾ ਚੜ੍ਹਾਉਣ ਨਾਲ ਹੋਈ। ਇਸ ਮੌਕੇ ਸਟੇਡੀਅਮ ਵਿਚ ਅਥਲੀਟ, ਪਤਵੰਤੇ ਸੱਜਣ ਤੇ ਕਈ ਮੁਲਕਾਂ ਦੇ ਅਧਿਕਾਰੀ ਮੌਜੂਦ ਸਨ। ਵੱਖ-ਵੱਖ ਮੁਲਕਾਂ ਦੇ ਖੇਡ ਦਸਤੇ ਵਾਰੀ ਸਿਰ ਸਟੇਡੀਅਮ ਵਿਚ ਦਾਖ਼ਲ ਹੋਏ। ਭਾਰਤੀ ਖੇਡ ਦਸਤੇ ਦੇ ਝੰਡਾਬਰਦਾਰ ਦੀ ਜ਼ਿੰਮੇਵਾਰੀ ਕਾਂਸੀ ਦਾ ਤਗ਼ਮਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਨੇ ਨਿਭਾਈ। ਸਮਾਪਤੀ ਸਮਾਗਮ ਦਾ ਥੀਮ ‘ਵਰਲਡ ਵੁਈ ਸ਼ੇਅਰ’ ਸੀ ਤੇ ਇਸ ਦੌਰਾਨ ਕਲਾਕਾਰਾਂ ਨੇ ਡਾਂਸ, ਸੰਗੀਤ ਤੇ ਕਰਤੱਬਾਂ ਦੀ ਪੇਸ਼ਕਾਰੀ ਦਿੱਤੀ ਤੇ ਮਗਰੋਂ ਆਤਿਸ਼ਬਾਜ਼ੀ ਵੀ ਕੀਤੀ ਗਈ।
ਉਦਯੋਗ ਜਗਤ ਵੱਲੋਂ ਤਗ਼ਮਾ ਜੇਤੂਆਂ ਲਈ ਪੁਰਸਕਾਰਾਂ ਦਾ ਐਲਾਨ
ਉਦਯੋਗ ਜਗਤ ਨੇ ਟੋਕੀਓ ਓਲੰਪਿਕ ’ਚ ਤਗ਼ਮੇ ਜਿੱਤਣ ਵਾਲੇ ਭਾਰਤੀ ਖਿਡਾਰੀਆਂ ਲਈ ਵੱਖ-ਵੱਖ ਪੁਰਸਕਾਰਾਂ ਦਾ ਐਲਾਨ ਕੀਤਾ ਹੈ। ਏਅਰਲਾਈਨ ਕੰਪਨੀਆਂ ਗੋਅ ਫਰਸਟ (ਪੁਰਾਣਾ ਨਾਮ ਗੋਅ ਏਅਰ) ਤੇ ਸਟਾਰ ਏਅਰ ਨੇ ਵਿਅਕਤੀਗਤ ਮੁਕਾਬਲਿਆਂ ਵਿਚ ਤਗ਼ਮੇ ਜਿੱਤਣ ਵਾਲੇ ਸਾਰੇ 6 ਭਾਰਤੀ ਖਿਡਾਰੀਆਂ ਤੇ ਪੁਰਸ਼ ਹਾਕੀ ਵਿਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਟੀਮ ਲਈ ਮੁਫ਼ਤ ਜਹਾਜ਼ ਸੇਵਾਵਾਂ ਦੀ ਪੇਸ਼ਕਸ਼ ਕੀਤੀ ਹੈ। ਗੋਅ ਫਰਸਟ ਨੇ ਇਨ੍ਹਾਂ ਖਿਡਾਰੀਆਂ ਲਈ ਪੰਜ ਸਾਲ ਤੱਕ ਮੁਫ਼ਤ ਟਿਕਟ ਅਤੇ ਦੇਸ਼ ਦੇ 13 ਸ਼ਹਿਰਾਂ ਦਰਮਿਆਨ ਹਵਾਈ ਸੇਵਾਵਾਂ ਦੇਣ ਵਾਲੀ ਖੇਤਰੀ ਵਿਮਾਨ ਸੇਵਾ ਕੰਪਨੀ ਸਟਾਰ ਏਅਰ ਨੇ ਤਾਉਮਰ ਮੁਫ਼ਤ ਟਿਕਟ ਦੇਣ ਦਾ ਐਲਾਨ ਕੀਤਾ ਹੈ। ਇਨ੍ਹਾਂ ਖਿਡਾਰੀਆਂ ਵਿਚ ਨੀਰਜ ਚੋਪੜਾ (ਜੈਵਲਿਨ ਥਰੋਅਰ ਸੋਨ ਤਗ਼ਮਾ), ਰਵੀ ਕੁਮਾਰ ਦਹੀਆ (ਕੁਸ਼ਤੀ ਚਾਂਦੀ), ਮੀਰਾਬਾਈ ਚਾਨੂ (ਵੇਟਲਿਫਟਿੰਗ ਚਾਂਦੀ), ਲਵਲੀਨਾ ਬੋਰਗੋਹੇਨ (ਮੁੱਕੇਬਾਜ਼ੀ ਕਾਂਸੀ), ਪੀ.ਵੀ. ਸਿੰਧੂ (ਬੈਡਮਿੰਟਨ ਕਾਂਸੀ), ਬਜਰੰਗ ਪੂਨੀਆ (ਕੁਸ਼ਤੀ ਕਾਂਸੀ) ਤੇ ਭਾਰਤੀ ਹਾਕੀ ਟੀਮ ਸ਼ਾਮਲ ਹੈ। ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਚੋਪੜਾ ਦੇ ਸੋਨ ਤਗ਼ਮਾ ਜਿੱਤਣ ਮਗਰੋਂ ਸਿਖਰਲੀ ਏਅਰਲਾਈਨ ਇੰਡੀਗੋ ਨੇ ਅਥਲੀਟ ਨੂੰ ਇਕ ਸਾਲ ਤੱਕ ਅਸੀਮਤ ਮੁਫ਼ਤ ਟਿਕਟ ਦੇਣ ਦਾ ਐਲਾਨ ਕੀਤਾ ਸੀ। ਸਿੱਖਿਆ ਦੇ ਖੇਤਰ ’ਚ ਮੋਹਰੀ ਬਾਇਜੂਜ਼ ਨੇ ਵੀ ਨੀਰਜ ਚੋਪੜਾ ਨੂੰ ਦੋ ਕਰੋੜ ਰੁਪਏ ਦਾ ਨਗ਼ਦ ਪੁਰਸਕਾਰ ਤੇ ਬਾਕੀ ਸਾਰੇ ਤਗ਼ਮਾ ਜੇਤੂਆਂ ਨੂੰ ਇਕ-ਇਕ ਕਰੋੜ ਰੁਪਏ ਦਾ ਨਗ਼ਦ ਪੁਰਸਕਾਰ ਦੇਣ ਦਾ ਐਲਾਨ ਕੀਤਾ ਸੀ।

Share