ਪੈਨਿਸਲਵੇਨੀਆ ‘ਚ ਪੰਜਾਬੀ ਵੱਲੋਂ ਮਾਂ ਤੇ ਪਤਨੀ ਦਾ ਕਤਲ

764
Share

ਪੈਨਿਸਲਵੇਨੀਆ, 26 ਅਗਸਤ (ਪੰਜਾਬ ਮੇਲ)- ਸਾਬਕਾ ਏਸ਼ੀਅਨ ਚੈਂਪੀਅਨਸ਼ਿਪ ਮੈਡਲਿਸਟ ਇਕਬਾਲ ਸਿੰਘ ਬੋਪਾਰਾਏ ਨੂੰ ਅਮਰੀਕਾ ਦੇ ਨਿਊਟਾਊਨ ਸੁਕੇਏਰ, ਪੈਨਸਿਲਵੇਨੀਆ ‘ਚ ਦੋਹਰੇ ਕਤਲਕਾਂਡ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਇਕਬਾਲ ਸਿੰਘ ‘ਤੇ ਆਪਣੀ ਮਾਂ ਅਤੇ ਪਤਨੀ ਦੇ ਕਤਲ ਦਾ ਦੋਸ਼ ਹੈ। ਮੀਡੀਆ ਰਿਪੋਰਟਸ ਮੁਤਾਬਕ ਇਕਬਾਲ ਸਿੰਘ ਖ਼ਿਲਾਫ ਸੋਮਵਾਰ ਨੂੰ ਮਾਮਲਾ ਦਰਜ ਕਰ ਲਿਆ ਗਿਆ ਹੈ। ਇਕਬਾਲ ਸਿੰਘ ਨੇ ਪੁਲਿਸ ਨੂੰ ਖੁਦ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਮਾਂ ਅਤੇ ਪਤਨੀ ਦਾ ਕਤਲ ਕਰ ਦਿੱਤਾ ਹੈ। ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਉਨ੍ਹਾਂ ਦੇਖਿਆ ਕਿ ਬਜ਼ੁਰਗ ਮਾਤਾ ਦੀ ਲਾਸ਼ ਪਹਿਲੀ ਮੰਜ਼ਿਲ ਉੱਤੇ ਬੈੱਡਰੂਮ ਵਿਚ ਪਈ ਸੀ, ਜਦਕਿ ਉਸ ਦੀ ਪਤਨੀ ਦੀ ਲਾਸ਼ ਦੂਜੀ ਮੰਜ਼ਿਲ ‘ਤੇ ਪਈ ਸੀ। ਪੁਲਿਸ ਅਨੁਸਾਰ ਦੋਵਾਂ ਨੂੰ ਚਾਕੂ ਮਾਰ ਕੇ ਮਾਰਿਆ ਗਿਆ। ਪੁਲਿਸ ਨੇ ਮੌਕੇ ‘ਤੇ ਚਾਕੂ ਬਰਾਮਦ ਕਰ ਲਿਆ ਹੈ। ਇਕਬਾਲ ਸਿੰਘ ਨੇ ਆਪਣੇ ਮੁੰਡੇ ਨੂੰ ਵੀ ਫੋਨ ਕਰਕੇ ਦੱਸਿਆ ਕਿ ਮੈਂ ਤੇਰੀ ਮਾਂ ਅਤੇ ਦਾਦੀ ਦਾ ਕਤਲ ਕਰ ਦਿੱਤਾ ਹੈ।
ਇਕ ਅੰਗਰੇਜ਼ੀ ਦੀ ਅਖ਼ਬਾਰ ਵਿਚ ਛਪੀ ਖ਼ਬਰ ਮੁਤਾਬਕ ਸਾਬਕਾ ਖਿਡਾਰੀ ਇਕਬਾਲ ਸਿੰਘ ਦੇ ਕਰੀਬੀ ਦੋਸਤ ਨੇ ਦੱਸਿਆ ਕਿ ਮੈਨੂੰ ਬਿਲਕੁਲ ਭਰੋਸਾ ਨਹੀਂ ਹੋ ਰਿਹਾ ਹੈ ਕਿ ਇਕਬਾਲ ਨੇ ਆਪਣੀ ਮਾਂ ਅਤੇ ਪਤਨੀ ਦਾ ਕਤਲ ਕਰ ਦਿੱਤਾ ਹੈ। ਉਹ ਬਹੁਤ ਦੋਸਤਾਨਾ ਸੁਭਾਅ ਦੇ ਸਨ। ਮੈਂ ਫਿਲਾਡੇਲਫੀਆ ਵਿਚ ਉਨ੍ਹਾਂ ਦੇ ਘਰ ਰੁੱਕਿਆ ਹਾਂ। ਉਨ੍ਹਾਂ ਦੀ ਪਤਨੀ ਬਹੁਤ ਚੰਗੀ ਮਹਿਲਾ ਸੀ ਅਤੇ ਉਨ੍ਹਾਂ ਦੀ ਮਾਂ ਦੀ ਉਮਰ 90 ਤੋਂ ਉੱਤੇ ਰਹੀ ਹੋਵੇਗੀ।’
ਉਨ੍ਹਾਂ ਨੇ ਅੱਗੇ ਕਿਹਾ ‘ਮੈਨੂੰ ਨਹੀਂ ਪਤਾ ਕਿ ਕੀ ਗੜਬੜ ਹੋਈ ਪਰ ਬੀਤੇ ਕੁੱਝ ਮਹੀਨੇ ਤੋਂ ਉਹ ਕਾਫ਼ੀ ਜ਼ਿਆਦਾ ਤਣਾਅ ਵਿਚ ਸਨ ਅਤੇ ਦਵਾਈ ਲੈ ਰਹੇ ਸਨ। ਉਨ੍ਹਾਂ ਦੇ ਬੱਚੇ ਸੈਟਲ ਹਨ। ਸਿਰਫ਼ ਇਕਬਾਲ ਹੀ ਦੱਸ ਸਕਦੇ ਹਨ ਕਿ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ। ਉਨ੍ਹਾਂ ਨੇ ਖੁਦ ਨੂੰ ਵੀ ਜ਼ਖ਼ਮੀ ਕਰ ਲਿਆ ਹੈ ਅਤੇ ਹੁਣ ਹਸਪਤਾਲ ਵਿਚ ਹਨ।’ 1980 ਦੇ ਦਹਾਕੇ ਵਿਚ ਐਥਲੀਟ ਦੇ ਰੂਪ ‘ਚ ਆਪਣਾ ਕਰੀਅਰ ਖ਼ਤਮ ਕਰਣ ਦੇ ਬਾਅਦ ਉਹ ਅਮਰੀਕਾ ਸ਼ਿਫਟ ਹੋ ਗਏ ਸਨ। ਉਨ੍ਹਾਂ ਨੇ ਟਾਟਾ ਸਟੀਲ ਨਾਲ ਵੀ ਕੰਮ ਕੀਤਾ ਅਤੇ ਫਿਰ ਪੰਜਾਬ ਪੁਲਿਸ ਵਿਚ ਬਤੌਰ ਇੰਸਪੈਕਟਰ ਭਰਤੀ ਹੋ ਗਏ। ਉਨ੍ਹਾਂ ਦੀ ਪੋਸਟਿੰਗ ਜਲੰਧਰ ਵਿਚ ਸੀ। ਜ਼ਿਕਰਯੋਗ ਹੈ ਕਿ ਇਕਬਾਲ ਸਿੰਘ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਉੜਮੁੜ ਟਾਂਡਾ ਦੇ ਰਹਿਣ ਵਾਲਾ ਹੈ।   63 ਸਾਲਾ ਇਕਬਾਲ ਨੇ 1983 ‘ਚ ਕੁਵੈਤ ‘ਚ ਹੋਏ ਏਸ਼ੀਅਨ ਐਥਲੇਟਿਕਸ ਚੈਂਪੀਅਨਸ਼ਿਪ ‘ਚ ਸ਼ਾਟ ਪੁੱਟ ਵਿਚ ਭਾਰਤ ਲਈ ਕਾਂਸੀ ਤਮਗਾ ਜਿੱਤਿਆ ਸੀ। 80 ਦੇ ਦਹਾਕੇ ‘ਚ ਉਹ ਭਾਰਤ ਦੇ ਚੋਟੀ ਦੇ ਸ਼ਾਟ ਪੁੱਟ ਖਿਡਾਰੀਆਂ ਵਿਚ ਸ਼ਾਮਲ ਸਨ। ਉਨ੍ਹਾਂ ਦਾ ਸਭ ਤੋਂ ਵਧੀਆ ਪ੍ਰਦਰਸ਼ਨ 18.77 ਮੀਟਰ ਸੀ, ਜੋ ਉਨ੍ਹਾਂ ਨੇ 1988 ‘ਚ ਨਵੀਂ ਦਿੱਲੀ ‘ਚ ਹੋਈ ਪਰਮਿਟ ਮੀਟ ‘ਚ ਹਾਸਲ ਕੀਤਾ ਸੀ। ਇੱਥੇ ਉਨ੍ਹਾਂ ਨੇ ਗੋਲਡ ਮੈਡਲ ਜਿੱਤਿਆ ਸੀ।


Share