ਪੈਨਸਿਲਵੈਨੀਆ ਵਿਚ ਘਰੇਲੂ ਮਾਮਲੇ ਵਿਚ ਮੌਕੇ ‘ਤੇ ਪੁੱਜੀ ਪੁਲਿਸ ਉਪਰ ਚਲਾਈਆਂ ਗੋਲੀਆਂ, ਇਕ ਪੁਲਿਸ ਅਫਸਰ ਦੀ ਮੌਤ,ਇਕ ਗੰਭੀਰ ਜਖਮੀ

206
Share

* ਹਮਲਾਵਰ ਵੀ ਮੌਕੇ ਉਪਰ ਮਾਰਿਆ ਗਿਆ
ਸੈਕਰਾਮੈਂਟੋ 2 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਲੈਬਾਨਿਨ, ਪੈਨਸਿਲਵੈਨੀਆ ਵਿਚ ਘਰੇਲੂ ਝਗੜਾ ਨਿਪਟਾਉਣ ਗਈ ਪੁਲਿਸ ਉਪਰ ਗੋਲੀਆਂ ਚਲਾਏ ਜਾਣ ਕਾਰਨ ਇਕ ਪੁਲਿਸ ਅਫਸਰ ਦੀ ਮੌਤ ਹੋ ਗਈ ਜਦ ਕਿ ਇਕ ਹੋਰ ਗੰਭੀਰ ਜਖਮੀ ਹੋ ਗਿਆ। ਪੁਲਿਸ ਦੀ ਜਵਾਬੀ ਕਾਰਵਾਈ ਵਿਚ ਹਮਲਾਵਰ ਵੀ ਮੌਕੇ ਉਪਰ ਮਾਰਿਆ ਗਿਆ। ਲੈਬਾਨਾਨ ਕਾਊਂਟੀ ਦੇ ਜਿਲਾ ਅਟਾਰਨੀ ਪੀਰ ਹੈਸ ਗਰਾਫ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਘਰ ਦੇ ਮਾਲਕ ਵੱਲੋਂ ਘਰੇਲੂ ਗੜਬੜ ਹੋਣ ਸਬੰਧੀ ਫੋਨ ਕਰਨ ‘ਤੇ ਪੁਲਿਸ ਮੌਕੇ ਉਪਰ ਪੁੱਜੀ। ਜਦੋਂ ਪੁਲਿਸ ਅਫਸਰ ਘਰ ਵਿਚ ਦਾਖਲ ਹੋਏ ਤਾਂ ਉਨਾਂ ਉਪਰ 34 ਸਾਲਾ ਟਰੈਵਿਸ ਸ਼ੌਡ ਨੇ ਗੋਲੀਆਂ ਦੀ ਬੁਛਾਰ ਕਰ ਦਿੱਤੀ। ਪੁਲਿਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿਚ ਹਮਲਾਵਰ ਸ਼ੌਡ ਦੀ ਮੌਕੇ ਉਪਰ ਮੌਤ ਹੋ ਗਈ। ਮਾਰਿਆ ਗਿਆ ਪੁਲਿਸ ਅਫਸਰ ਲੈਫਟੀਨੈਂਟ ਵਿਲੀਅਮ ਲੈਬੋ ਸੀ ਜਿਸ ਨੇ ਇਕ ਮਈ 2022 ਨੂੰ ਸੇਵਾ ਮੁਕਤ ਹੋ ਜਾਣਾ ਸੀ। ਉਸ ਨੇ ਪੁਲਿਸ ਵਿਭਾਗ ਵਿਚ 40 ਸਾਲ ਸੇਵਾ ਕੀਤੀ। ਦੂਸਰੇ ਪੁਲਿਸ ਅਧਿਕਾਰੀ ਦਾ ਨਾਂ ਡੈਰਕ ਅੰਡਰਕੋਫਲਰ (32) ਹੈ ਜਿਸ ਦੀ ਹਾਲਤ ਗੰਭੀਰ ਪਰ ਸਥਿੱਰ ਹੈ। ਗਰਾਫ ਨੇ ਦੱਸਿਆ ਕਿ ਟਰੈਵਿਸ ਸ਼ੌਡ ਲੰਬੇ ਸਮੇ ਤੋਂ ਦਿਮਾਗੀ ਬਿਮਾਰੀ ਤੋਂ ਪੀੜਤ ਸੀ। ਸ਼ੌਡ ਦਾ ਪਿਛਲਾ ਰਿਕਾਰਡ ਵੀ ਅਪਰਾਧਿਕ ਹੈ। ਗਰਾਫ ਨੇ ਮਾਰੇ ਗਏ ਪੁਲਿਸ ਅਧਿਕਾਰੀ ਦੇ ਪਰਿਵਾਰ ਨਾਲ ਹਮਦਰਦੀ ਦਾ ਇਜਹਾਰ ਕੀਤਾ ਹੈ ਤੇ ਜਖਮੀ ਪੁਲਿਸ ਅਧਿਕਾਰੀ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ।


Share