ਪੈਨਸਿਲਵਾਨੀਆ ’ਚ ਇਕ ਘਰ ਨੂੰ ਲੱਗੀ ਭਿਆਨਕ ਅੱਗ; 3 ਬੱਚਿਆਂ ਸਮੇਤ 10 ਲੋਕ ਸੜ ਕੇ ਮਰੇ

23
ਅੱਗ ਲੱਗਣ ਨਾਲ ਸੜਿਆ ਘਰ ਤੇ ਬਾਹਰ ਪੁਲਿਸ ਅਧਿਕਾਰੀ ਨਜ਼ਰ ਆ ਰਹੇ ਹਨ
Share

ਸੈਕਰਾਮੈਂਟੋ, 6 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਪੈਨਸਿਲਵਾਨੀਆ ਰਾਜ ਵਿਚ ਨੈਸਕੋਪੈੱਕ ਵਿਖੇ ਇਕ ਘਰ ਨੂੰ ਲੱਗੀ ਭਿਆਨਕ ਅੱਗ ਵਿਚ ਸੜਕੇ 3 ਬੱਚਿਆਂ ਸਮੇਤ 10 ਜਣਿਆਂ ਦੀ ਮੌਤ ਹੋ ਗਈ। ਪੁਲਿਸ ਨੇ 10 ਮੌਤਾਂ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਮਿ੍ਰਤਕਾਂ ਦੀ ਉਮਰ 5 ਸਾਲ ਤੋਂ ਲੈ ਕੇ 79 ਸਾਲ ਤੱਕ ਸੀ। ਨੈਸਕੋਪੈੱਕ ਫਿਲਾਡੈਲਫੀਆ ਦੇ ਉਤਰ-ਪੱਛਮ ’ਚ ਤਕਰੀਬਨ 95 ਕਿਲੋਮੀਟਰ ਦੂਰ ਸਥਿਤ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਤੜਕਸਾਰ 3 ਵਜੇ ਅੱਗ ਲੱਗੀ। ਪੁਲਿਸ ਅਧਿਕਾਰੀ ਲੈਫਟੀਨੈਂਟ ਡੈਰਕ ਫਲੈਸਮੈਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਗ ਬੁਝਾਊ ਅਮਲੇ ਨੇ ਹਿੰਮਤ ਨਾਲ ਅੱਗ ਉੁਪਰ ਕਾਬੂ ਪਾਉਣ ਦਾ ਯਤਨ ਕੀਤਾ ਪਰੰਤੂ ਅੱਗ ਦੀਆਂ ਤੇਜ਼ ਲਪਟਾਂ ਤੇ ਤਪਸ਼ ਕਾਰਨ ਉਹ ਘਰ ਵਿਚ ਦਾਖਲ ਨਹੀਂ ਹੋ ਸਕੇ। ਦੋ ਮੰਜਿਲਾ ਘਰ ਨੂੰ ਅੱਗ ਲੱਗਣ ਉਪਰੰਤ 3 ਬਾਲਗ ਖੁਦ ਘਰ ਵਿਚੋਂ ਸੁਰੱਖਿਅਤ ਬਾਹਰ ਆ ਗਏ, ਜਦਕਿ 10 ਲੋਕਾਂ ਦੀ ਮੌਤ ਹੋ ਗਈ। ਘਰ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਿਆ। ਮਿ੍ਰਤਕਾਂ ਵਿਚ ਦੋ ਲੜਕੇ ਜਿਨ੍ਹਾਂ ਦੀ ਉਮਰ 5 ਤੇ 6 ਸਾਲ ਸੀ ਤੇ ਇਕ ਲੜਕੀ ਜਿਸ ਦੀ ਉਮਰ 7 ਸਾਲ ਸੀ, ਵੀ ਸ਼ਾਮਲ ਹਨ। ਹੋਰ ਮਿ੍ਰਤਕਾਂ ਦੀ ਪਛਾਣ ਡੇਲ ਬੇਕਰ (19), ਸਟਾਰ ਬੇਕਰ (22), ਡੇਵਿਡ ਡੌਬਰਟ ਸੀਨੀਅਰ (79), ਬਰੀਅਨ ਡੌਬਰਟ (42), ਸਾਨੂਨ ਡੌਬਰਟ (45), ਲੌਰਾ ਡੌਬਰਟ (47) ਤੇ ਮਰੀਅਨ ਸਲੂਸਰ (54) ਵਜੋਂ ਹੋਈ ਹੈ। ਫਲੈਸਮੈਨ ਨੇ ਕਿਹਾ ਹੈ ਕਿ ਅੱਗ ਲੱਗਣ ਦੇ ਕਾਰਨਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਤੇ ਇਸ ਸਬੰਧੀ ਸਬੰਧਤ ਅਧਿਕਾਰੀ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਹ ਪੁੱਛੇ ਜਾਣ ’ਤੇ ਕਿ ਕੀ ਅੱਗ ਲੱਗਣ ਦੀ ਘਟਨਾ ਪਿੱਛੇ ਕੋਈ ਸਾਜਿਸ਼ ਹੋ ਸਕਦੀ ਹੈ, ਤਾਂ ਫਲੈਸਮੈਨ ਨੇ ਕਿਹਾ ਫਿਲਹਾਲ ਮਾਮਲਾ ਜਾਂਚ ਅਧੀਨ ਹੈ। ਅਜੇ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਰੈੱਡ ਕਰਾਸ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਅੱਗ ਕਾਰਨ ਬੇਘਰ ਹੋਏ ਲੋਕਾਂ ਦੀ ਆਰਥਿਕ ਤੇ ਹੋਰ ਲੋੜੀਂਦੀ ਮਦਦ ਕਰ ਰਹੇ ਹਨ।

Share