ਪੈਂਟਾਗਨ ਦੁਆਰਾ ਫੌਜ ਲਈ ਜ਼ਰੂਰੀ ਕੀਤੀ ਜਾਵੇਗੀ ਕੋਰੋਨਾ ਵੈਕਸੀਨ

432
Share

ਫਰਿਜ਼ਨੋ, 11 ਅਗਸਤ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਦੇ ਡਿਫੈਂਸ ਸੈਕਟਰੀ ਲੋਇਡ ਅਸਟਿਨ ਨੇ ਸੋਮਵਾਰ ਨੂੰ ਇੱਕ ਮੀਮੋ ਜਾਰੀ ਕਰਦਿਆਂ ਕਿਹਾ ਕਿ ਉਹ ਰਾਸ਼ਟਰਪਤੀ ਜੋਅ ਬਾਇਡਨ ਨੂੰ ਸਤੰਬਰ ਦੇ ਅੱਧ ਤੱਕ ਫੌਜ ਲਈ ਕੋਵਿਡ-19 ਦੇ ਟੀਕੇ ਲਾਜ਼ਮੀ ਬਣਾਉਣ ਦੀ ਮਨਜ਼ੂਰੀ ਦੇਣ ਲਈ ਕਹਿਣਗੇ। ਅਸਟਿਨ ਅਨੁਸਾਰ ਉਹ ਸਤੰਬਰ ਦੇ ਅੱਧ ਤੱਕ ਜਾਂ ਐੱਫ.ਡੀ.ਏ. ਦੁਆਰਾ ਕੋਰੋਨਾ ਵੈਕਸੀਨ ਨੂੰ ਪੂਰੀ ਪ੍ਰਵਾਨਗੀ ਦੇ ਬਾਅਦ ਟੀਕਾ ਲਾਜ਼ਮੀ ਬਣਾਉਣ ਦੀ ਕੋਸ਼ਿਸ਼ ਕਰਨਗੇ। ਐੱਫ.ਡੀ.ਏ. ਦੁਆਰਾ ਫਿਲਹਾਲ ਕੋਵਿਡ ਵੈਕਸੀਨ ਲਈ ਐਮਰਜੈਂਸੀ ਵਰਤੋਂ ਦੇ ਅਧਿਕਾਰ ਦਿੱਤੇ ਗਏ ਹਨ, ਜਿਸ ਤਹਿਤ ਫੌਜ ਵਿਚ ਕੋਰੋਨਾ ਟੀਕੇ ਸਵੈਇੱਛੁਕ ਹਨ ਅਤੇ ਰਾਸ਼ਟਰਪਤੀ ਕੋਲ ਕਰਮਚਾਰੀਆਂ ਲਈ ਟੀਕੇ ਦੀ ਜ਼ਰੂਰਤ ਬਣਾਉਣ ਦਾ ਅਧਿਕਾਰ ਹੈ। ਅਸਟਿਨ ਦੀ ਇਸ ਘੋਸ਼ਣਾ ਦੇ ਬਾਅਦ ਰਾਸ਼ਟਰਪਤੀ ਬਾਇਡਨ ਨੇ ਆਸਟਿਨ ਦੇ ਫੈਸਲੇ ਦਾ ਸਮਰਥਨ ਕੀਤਾ ਹੈ। ਬਾਇਡਨ ਅਨੁਸਾਰ ਫੌਜੀ ਔਰਤਾਂ ਅਤੇ ਪੁਰਸ਼ ਕੋਰੋਨਾ ਮਹਾਂਮਾਰੀ ਦੇ ਵਿਰੁੱਧ ਲੜਾਈ ਵਿਚ ਅਗਵਾਈ ਦੀ ਸਹਾਇਤਾ ਕਰਨਾ ਜਾਰੀ ਰੱਖਣਗੇ। ਪੈਂਟਾਗਨ ਦੇ ਅਨੁਸਾਰ, ਸੋਮਵਾਰ ਤੱਕ, ਘੱਟੋ-ਘੱਟ 74% ਐਕਟਿਵ ਡਿਊਟੀ ਕਰਮਚਾਰੀਆਂ ਨੂੰ ਟੀਕੇ ਦੀ ਇੱਕ ਖੁਰਾਕ ਅਤੇ 65% ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ।

Share