ਪੇਸ਼ਾਵਰ ’ਚ ਸਿੱਖ ਹਕੀਮ ਦੇ ਕਤਲ ਦੀ ਇਸਲਾਮਿਕ ਸਟੇਟ ਖੁਰਾਸਾਨ ਨੇ ਲਈ ਜ਼ਿੰਮੇਵਾਰੀ

933
Share

ਪੇਸ਼ਾਵਰ, 2 ਅਕਤੂਬਰ (ਪੰਜਾਬ ਮੇਲ)- ਇਸਲਾਮਿਕ ਸਟੇਟ ਖੁਰਾਸਾਨ (ਆਈ.ਐੱਸ.ਆਈ.ਐੱਸ.-ਕੇ) ਨੇ ਪੇਸ਼ਾਵਰ ਸ਼ਹਿਰ ਵਿਚ ਇਕ ਮਸ਼ਹੂਰ ਸਿੱਖ ਹਕੀਮ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਹ ਸਮੂਹ ਇਸਲਾਮਿਕ ਸਟੇਟ ਅਫ਼ਗਾਨਿਸਤਾਨ ਨਾਲ ਜੁੜਿਆ ਹੋਇਆ ਹੈ। ਪੁਲਿਸ ਨੇ ਦੱਸਿਆ ਕਿ ਹਕੀਮ ਸਰਦਾਰ ਸਤਮਨ ਸਿੰਘ (ਖਾਲਸਾ) ਵੀਰਵਾਰ ਨੂੰ ਆਪਣੇ ਕਲੀਨਿਕ ਵਿਚ ਸੀ, ਉਦੋਂ ਅਣਪਛਾਤੇ ਬੰਦੂਕਧਾਰੀਆਂ ਨੇ ਉਸ ਦੇ ਕਮਰੇ ਵਿਚ ਦਾਖਲ ਹੋਏ ਅਤੇ ਉਨ੍ਹਾਂ ਉੱਤੇ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਅਪਰਾਧੀ ਉਥੋਂ ਭੱਜ ਗਏ।
ਪੁਲਿਸ ਨੇ ਕਿਹਾ ਕਿ ਯੂਨਾਨੀ ਡਾਕਟਰ ਸਿੰਘ ਨੂੰ 4 ਗੋਲੀਆਂ ਲੱਗੀਆਂ ਅਤੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਆਈ.ਐੱਸ.ਆਈ.ਐੱਸ.-ਕੇ ਨੇ ਵੀਰਵਾਰ ਰਾਤ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਗਈ ਇਕ ਵੀਡੀਓ ’ਚ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। 15 ਅਗਸਤ ਨੂੰ ਕਾਬੁਲ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫ਼ਗਾਨਿਸਤਾਨ ਦੇ ਵੱਖ-ਵੱਖ ਸ਼ਹਿਰਾਂ ਵਿਚ ਹਮਲੇ ਕਰ ਰਹੇ ਆਈ.ਐੱਸ.ਆਈ.ਐੱਸ.-ਕੇ ਨੇ 26 ਅਗਸਤ ਨੂੰ ਕਾਬੁਲ ਹਵਾਈ ਅੱਡੇ ’ਤੇ ਹੋਏ ਆਤਮਘਾਤੀ ਬੰਬ ਧਮਾਕੇ ਦੀ ਜ਼ਿੰਮੇਵਾਰੀ ਲਈ ਸੀ। ਉਸ ਹਮਲੇ ’ਚ ਕਰੀਬ 170 ਅਫ਼ਗਾਨ ਨਾਗਰਿਕਾਂ ਅਤੇ 13 ਅਮਰੀਕੀ ਫ਼ੌਜੀ ਮਾਰੇ ਗਏ ਸਨ।
ਪੰਜਾਬ ਪੁਲਿਸ ਅਨੁਸਾਰ ਸਿੰਘ ਇਕ ਦਿਨ ਪਹਿਲਾਂ ਹਸਨ ਅਬਦਾਲ ਤੋਂ ਪੇਸ਼ਾਵਰ ਆਏ ਸਨ। ਉਹ ਸਿੱਖ ਭਾਈਚਾਰੇ ਵਿਚ ਪ੍ਰਸਿੱਧ ਹਸਤੀ ਸਨ। ਉਹ ਪੇਸ਼ਾਵਰ ਦੇ ਚਰਸੱਦਾ ਰੋਡ ’ਤੇ ਧਰਮਿੰਦਰ ਫਾਰਮੇਸੀ ਦੇ ਨਾਂ ’ਤੇ ਕਲੀਨਿਕ ਚਲਾ ਰਹੇ ਸਨ। ਉਹ ਪਿਛਲੇ 20 ਸਾਲਾਂ ਤੋਂ ਸ਼ਹਿਰ ਵਿਚ ਰਹਿ ਰਿਹੇ ਸਨ। ਸਿੰਘ (45) ਆਪਣੇ ਪਿੱਛੇ ਪਤਨੀ, ਤਿੰਨ ਧੀਆਂ ਅਤੇ ਦੋ ਪੁੱਤਰ ਛੱਡ ਗਏ ਹਨ। ਖੈਬਰ ਪਖ਼ਤੂਨਖ਼ਵਾ ਦੇ ਮੁੱਖ ਮੰਤਰੀ ਮਹਿਮੂਦ ਖਾਨ ਨੇ ਸਿੰਘ ਦੇ ਕਤਲ ਦੀ ਸਖ਼ਤ ਨਿੰਦਾ ਕੀਤੀ ਅਤੇ ਪੁਲਿਸ ਨੂੰ ਕਾਤਲਾਂ ਨੂੰ ਗਿ੍ਰਫ਼ਤਾਰ ਕਰਨ ਲਈ ਤੁਰੰਤ ਕਦਮ ਚੁੱਕਣ ਦਾ ਹੁਕਮ ਦਿੱਤਾ।

Share