ਪੇਰੂ ਦੇ ਮੇਅਰ ਨੇ ਸਜ਼ਾ ਤੋਂ ਬਚਣ ਲਈ ਕੋਰੋਨਾਵਾਇਰਸ ਨਾਲ ਮਰਨ ਦਾ ਕੀਤਾ ਨਾਟਕ

830
Share

ਲੀਮਾ, 21 ਮਈ (ਪੰਜਾਬ ਮੇਲ)- ਕੋਰੋਨਾਵਾਇਰਸ ਮਹਾਸੰਕਟ ਨਾਲ ਜੂਝ ਰਹੇ ਲੈਟਿਨ ਅਮਰੀਕੀ ਦੇਸ਼ ਪੇਰੂ ਦੇ ਇਕ ਛੋਟੇ ਜਿਹੇ ਕਸਬੇ ਦੇ ਮੇਅਰ ਨੇ ਸਜ਼ਾ ਤੋਂ ਬਚਣ ਲਈ ਅਜੀਬੋ-ਗਰੀਬ ਹਰਕਤ ਕੀਤੀ। ਅਸਲ ਵਿਚ ਮੇਅਰ ਨੇ ਪੁਲਿਸ ਦੀ ਗ੍ਰਿਫਤਾਰੀ ਤੋਂ ਬਚਣ ਲਈ ਕੋਰੋਨਾਵਾਇਰਸ ਨਾਲ ਮਰਨ ਦਾ ਨਾਟਕ ਕੀਤਾ ਅਤੇ ਤਾਬੂਤ ਦੇ ਅੰਦਰ ਲੇਟ ਗਏ। ਦੱਸਿਆ ਜਾ ਰਿਹਾ ਹੈ ਕਿ ਮੇਅਰ ਜੇਮੀਏ ਰੋਲਾਂਡੋ ਕੋਰੋਨਾ ਲਾਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰਕੇ ਦੋਸਤਾਂ ਦੇ ਨਾਲ ਬੈਠ ਕੇ ਸ਼ਰਾਬ ਪੀ ਰਹੇ ਸਨ। ਪੁਲਿਸ ਜਦੋਂ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਪਹੁੰਚੀ, ਉਦੋਂ ਉਨ੍ਹਾਂ ਨੇ ਇਹ ਡਰਾਮਾ ਕੀਤਾ।
ਦੱਖਣੀ ਪੇਰੂ ਦੇ ਤੰਤਾਰਾ ਕਸਬੇ ਦੇ ਮੇਅਰ ਰੋਲਾਂਡੋ ਨੂੰ ਸੋਮਵਾਰ ਰਾਤ ਜਦੋਂ ਪੁਲਿਸ ਅਧਿਕਾਰੀ ਫੜਨ ਲਈ ਪਹੁੰਚੇ, ਤਾਂ ਉਨ੍ਹਾਂ ਨੂੰ ਇਕ ਖੁੱਲ੍ਹੇ ਤਾਬੂਤ ਵਿਚ ਲੇਟੇ ਪਾਇਆ। ਮੇਅਰ ਨੇ ਮਾਸਕ ਪਹਿਨਿਆ ਹੋਇਆ ਸੀ। ਪੁਲਿਸ ਕਰਮੀਆਂ ਨੇ ਮੌਕੇ ‘ਤੇ ਉਨ੍ਹਾਂ ਦੀ ਇਕ ਤਸਵੀਰ ਖਿੱਚ ਲਈ। ਫਿਰ ਪੁਲਿਸ ਨੇ ਆਪਣੇ ਬਿਆਨ ‘ਚ ਦੱਸਿਆ ਕਿ ਰੋਲਾਂਡੋ ਦੋਸਤਾਂ ਦੇ ਨਾਲ ਬੈਠ ਕੇ ਸ਼ਰਾਬ ਪੀ ਰਹੇ ਸਨ, ਜੋ ਨਿਯਮਾਂ ਦੀ ਉਲੰਘਣਾ ਹੈ।
ਰੋਲਾਂਡੋ ‘ਤੇ ਕੋਰੋਨਾਵਾਇਰਸ ਨੂੰ ਹਲਕੇ ‘ਚ ਲੈਣ ਅਤੇ ਕਸਬੇ ਦੇ ਅੰਦਰ ਸੁਰੱਖਿਆ ਮਾਪਦੰਡਾਂ ਦਾ ਖਿਆਲ ਨਾ ਰੱਖਣ ਦਾ ਪਹਿਲਾ ਦੋਸ਼ ਲੱਗ ਚੁੱਕਾ ਹੈ। ਪੇਰੂ ਵਿਚ 66 ਦਿਨ ਪਹਿਲਾਂ ਲਾਕਡਾਊਨ ਐਲਾਨਿਆ ਗਿਆ ਸੀ। ਡੇਲੀ ਮੇਲ ਦੀ ਖਬਰ ਦੇ ਮੁਤਾਬਕ ਸਥਾਨਕ ਲੋਕ ਰੋਲਾਂਡੋ ਨੂੰ ਲੈਕੇ ਗੁੱਸੇ ‘ਚ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਮੇਅਰ ਲਾਕਡਾਊਨ ਸ਼ੁਰੂ ਹੋਣ ਦੇ 66 ਦਿਨਾਂ ‘ਚ ਸਿਰਫ 8 ਦਿਨ ਹੀ ਸ਼ਹਿਰ ਵਿਚ ਰਹੇ ਹਨ। ਸਥਾਨਕ ਲੋਕਾਂ ਨੇ ਕਿਹਾ ਕਿ ਰੋਲਾਂਡੇ ਨੇ ਕਸਬੇ ‘ਚ ਸੁਰੱਖਿਆ ਦੇ ਲਿਹਾਜ਼ ਨਾਲ ਜ਼ਰੂਰੀ ਕਦਮ ਨਹੀਂ ਚੁੱਕੇ। ਇਸ ਵਿਚ ਪੇਰੂ ‘ਚ ਕੋਰੋਨਾਵਾਇਰਸ ਦੇ ਮਾਮਲੇ 1 ਲੱਖ ਦਾ ਅੰਕੜਾ ਪਾਰ ਕਰ ਚੁੱਕੇ ਹਨ। ਜਦਕਿ ਮ੍ਰਿਤਕਾਂ ਦੀ ਗਿਣਤੀ 3024 ਹੈ। ਇੱਥੇ ਦੱਸ ਦਈਏ ਕਿ ਦੁਨੀਆ ਭਰ ਵਿਚ ਕੋਰੋਨਾਵਾਇਰਸ ਨਾਲ ਇਨਫੈਕਟਿਡ ਲੋਕਾਂ ਦਾ ਅੰਕੜਾ 50 ਲੱਖ ਦੇ ਪਾਰ ਜਾ ਚੁੱਕਾ ਹੈ, ਜਦਕਿ 3 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।


Share