ਪੂੰਜੀਵਾਦੀ ਗਲਬਾ ਅਜਿਹੀ ਅਦਿੱਖ ਗੁਲਾਮੀ ਹੈ, ਜਿਸ ਦੀ ਸਮਝ ਬੜੀ ਦੇਰ ਨਾਲ ਆਉਂਦੀ ਹੈ : ਡਾ. ਨੂਰਪੁਰ

597

-ਬਹੁਗਿਣਤੀ ਲੋਕਾਂ ਦੀ ਬੌਧਿਕਤਾ ਨੂੰ ਖਾਣ-ਪੀਣ ਅਤੇ ਕੱਪੜੇ ਪਹਿਨਣ ਤੱਕ ਹੀ ਸੀਮਤ ਕਰ ਦਿੱਤਾ ਗਿਆ ਹੈ : ਕਾਲਮਨਵੀਸ ਮੰਚ
– ਵੈਬੀਨਾਰ ‘ਚ ਬੁੱਧੀਜੀਵੀਆਂ ਨੇ ਕਾਰਪੋਰੇਟ ਦੇ ਕੁਦਰਤ ਤੇ ਮਨੁੱਖ-ਮੁਖੀ ਗਲਬੇ ਦੇ ਵਾਧੇ ‘ਤੇ ਪ੍ਰਗਟਾਈ ਚਿੰਤਾ
ਲੰਡਨ, 23 ਸਤੰਬਰ (ਨਰਪਾਲ ਸਿੰਘ ਸ਼ੇਰਗਿੱਲ/ਪੰਜਾਬ ਮੇਲ)- ”ਕਾਰਪੋਰੇਟ ਘਰਾਣਿਆਂ ਦਾ ਗਲਬਾ ਧਰਤੀ ਦੇ ਵੱਖ-ਵੱਖ ਖਿੱਤਿਆਂ, ਖਣਿਜ ਪਦਾਰਥਾਂ, ਪਹਾੜਾਂ, ਝੀਲਾਂ, ਬੰਦਰਗਾਹਾਂ ਹਵਾਈ ਅੱਡਿਆਂ, ਮੀਡੀਆ ਹਾਊਸਾਂ ਤੋਂ ਲੈ ਕੇ ਸਾਡੇ ਦੁਆਰਾ ਵਰਤੀਆਂ ਜਾਣ ਵਾਲੀਆਂ ਵਸਤਾਂ ਅਤੇ ਲੋੜਾਂ ਤੱਕ ਹੀ ਸੀਮਤ ਨਹੀਂ ਰਿਹਾ, ਇਹ ਹੁਣ ਸਾਡੀਆਂ ਭੌਤਿਕ ਲੋੜਾਂ ਤੋਂ ਵੀ ਅੱਗੇ ਵਧ ਕੇ ਸਾਡੀਆਂ ਮਾਨਸਿਕ ਤੇ ਸੱਭਿਆਚਾਰਕ ਲੋੜਾਂ ਨੂੰ ਵੀ ਆਪਣੇ ਮੁਨਾਫੇ ਵਾਧੇ ਲਈ ਢਾਲ ਰਿਹਾ ਹੈ। ਪੂੰਜੀਵਾਦੀ ਗਲਬਾ ਅਜਿਹੀ ਅਦਿੱਖ ਗੁਲਾਮੀ ਹੈ, ਜਿਸ ਦੀ ਸਮਝ ਬੜੀ ਦੇਰ ਨਾਲ ਆਉਂਦੀ ਹੈ।” ਇਹ ਵਿਚਾਰ ਨਾਮਵਰ ਕਾਲਮਨਵੀਸ ਡਾ. ਗੁਰਚਰਨ ਨੂਰਪੁਰ ਨੇ ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਵਲੋਂ ਕਰਵਾਏ ਕੌਮਾਂਤਰੀ ਵੈੱਬਨਾਰ ਨੂੰ ਸੰਬੋਧਨ ਕਰਦਿਆਂ ਕਹੇ। ਮੰਚ ਪ੍ਰਧਾਨ ਗੁਰਮੀਤ ਸਿੰਘ ਪਲਾਹੀ ਦੀ ਅਗਵਾਈ ‘ਚ ਕਰਵਾਏ ਜਾ ਰਹੇ ਇਸ ਵੈੱਬਨਾਰ ‘ਚ ਆਪਣੀ ਗੱਲ ਨੂੰ ਅੱਗੇ ਤੋਰਦਿਆਂ ਡਾ. ਨੂਰਪੁਰ ਨੇ ਕਿਹਾ ਕਿ ਇਸ ਵਿਵਸਥਾ ਦੀਆਂ ਸਭ ਤਰਜੀਹਾਂ ਮੁਨਾਫੇ ਲਈ ਹਨ। ਇਸ ਲਈ ਇਸਦੀ ਕੋਸ਼ਿਸ਼ ਲੋਕਾਂ ਨੂੰ ਵੱਧ ਤੋਂ ਵੱਧ ਸਾਧਨਹੀਣ ਬਣਾਉਣਾ ਹੈ। ਹਰ ਤਰ੍ਹਾਂ ਦੀਆਂ ਜਨਤਕ ਸੇਵਾਵਾਂ ਨੂੰ ਖਤਮ ਕਰਨਾ ਹੈ। ਬਹੁਗਿਣਤੀ ਲੋਕਾਂ ਦੀ ਬੌਧਿਕਤਾ ਨੂੰ ਖਾਣ-ਪੀਣ ਅਤੇ ਕੱਪੜੇ ਪਹਿਨਣ ਤੱਕ ਹੀ ਸੀਮਤ ਕਰਨਾ ਹੈ।
ਜਾਣਕਾਰੀ ਦਿੰਦਿਆਂ ਅੰਤਰਰਾਸ਼ਟਰੀ ਮੀਡੀਆ ਕੋਆਰਡੀਨੇਟਰ ਨਰਪਾਲ ਸਿੰਘ ਸ਼ੇਰਗਿੱਲ ਨੇ ਦੱਸਿਆ ਹੈ ਕਿ ਡਾ. ਨੂਰਪੁਰ ਨੇ ਅੱਗੇ ਕਿਹਾ ਕਿ ਮੰਡੀ ਤੇ ਇਸ ਦਾ ਸੰਚਾਲਨ ਕਰ ਰਹੇ ਕਾਰਪੋਰੇਟ ਘਰਾਣਿਆਂ ਦੀਆਂ ਨੀਤੀਆਂ ਅਜਿਹੀਆਂ ਨੀਤੀਆਂ ਹਨ, ਜਿਨ੍ਹਾਂ ਦੀ ਆਮ ਮਨੁੱਖ ਨੂੰ ਤਾਂ ਕੀ ਆਪਣੇ ਆਪ ਨੂੰ ਸਰਬ ਗਿਆਤਾ ਸਮਝਦੇ ਬੁੱਧੀਜੀਵੀਆਂ ਨੂੰ ਵੀ ਛੇਤੀ ਕੀਤਿਆਂ ਸਮਝ ਨਹੀਂ ਪੈਂਦੀ। ਬਹੁਤ ਸਾਰੇ ਰਾਜਨੇਤਾ ਵੀ ਇਸ ਸਮਝ ਪੱਖੋਂ ਸੱਖਣੇ ਹਨ। ਖੇਤੀਬਾੜੀ ਲਈ ਪਾਸ ਨਵੇਂ ਕਾਨੂੰਨਾਂ ਖਿਲਾਫ ਪੰਜਾਬ, ਹਰਿਆਣਾ ਵਿਚ ਪਹਿਲੀ ਵਾਰ ਕਾਰਪੋਰੇਟ ਨੀਤੀਆਂ ਦਾ ਵੱਡਾ ਵਿਰੋਧ ਹੋਇਆ ਹੈ। ਇਹ ਦੇਸ਼ ਵਿਚ ਵਾਪਰ ਰਹੀ ਅਜਿਹੀ ਪਹਿਲੀ ਘਟਨਾ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਲੋਕ ਪਹਿਲੀ ਵਾਰ ਵੱਡੀ ਗਿਣਤੀ ਵਿਚ ਕਾਰਪੋਰੇਟ ਨੀਤੀਆਂ ਦੇ ਵਿਰੋਧ ਵਿਚ ਸੜਕਾਂ ‘ਤੇ ਆਏ ਹਨ। ਰਾਜਨੀਤਿਕ ਪਾਰਟੀਆਂ ਨੂੰ ਵੀ ਆਪਣੇ ਪਿੱਛੇ ਲੱਗਣ ਤੇ ਆਪਣੀ ਨੀਤੀ ‘ਚ ਕੂਹਣੀ ਮੋੜ ਲੈਣ ਲਈ ਮਜਬੂਰ ਕੀਤਾ ਹੈ। ਮੌਜੂਦਾ ਕੁਦਰਤ ਤੇ ਮਨੁੱਖ ਦੋਖੀ ਵਿਕਾਸ ਮਾਡਲ ਦੇ ਵਿਕਲਪਿਕ ਕੁਦਰਤ ਤੇ ਮਨੁੱਖ ਮੁਖੀ ਵਿਕਾਸ ਮਾਡਲ ਲਾਗੂ ਕਰਨ ਲਈ ਰਾਜਨੀਤਿਕ ਚੇਤਨਾ ਤੇ ਵਿਸ਼ਾਲ ਲੋਕ ਲਾਮਬੰਦੀ ਇਨ੍ਹਾਂ ਮੰਡੀ ਤੇ ਕਾਰਪੋਰੇਟੀ ਨੀਤੀਆਂ ਨੂੰ ਅੱਗੇ ਵਧਣ ਤੋਂ ਰੋਕਣ ਦਾ ਰਾਹ ਬਚਦਾ ਹੈ। ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਭਾਰਤ ਵਿਚ ਕਾਰਪੋਰੇਟ ਸੈਕਟਰ ਦਾ ਫੈਲਾ ਦਹਾਕਿਆਂ ਤੋਂ ਵੱਧ ਰਿਹਾ ਹੈ ਅਤੇ ਹੁਣ ਇਹ ਚਰਮ ਸੀਮਾ ‘ਤੇ ਪੁੱਜ ਗਿਆ ਹੈ। ਦੇਸ਼ ਦੀ ਦੌਲਤ ਕੁਝ ਪਰਿਵਾਰਾਂ ਦੇ ਹੱਥ ਵਿਚ ਵੱਧ ਰਹੀ ਹੈ ਅਤੇ ਗਰੀਬੀ ਤੇ ਭੁੱਖਮਰੀ ਨੇ ਆਮ ਲੋਕਾਂ ਨੂੰ ਬੇਹਾਲ ਕਰ ਦਿੱਤਾ ਹੈ।
ਵੈੱਬੀਨਾਰ ਚਰਚਾ ਨੂੰ ਅੱਗੇ ਤੋਰਦਿਆਂ ਡਾ. ਗਿਆਨ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੇ ਪੁਰਾਣੀ ਸ਼ਰਾਬ ਹੀ ਨਵੀਆਂ ਬੋਤਲਾਂ ਵਿਚ ਪਾ ਕੇ ਪੇਸ਼ ਕੀਤੀ। ਪੁਰਾਣੇ ਕਾਰਪੋਰੇਟ ਕਲਚਰ ਨੂੰ, ਲੋਕ-ਹਿੱਤ ਦੀ ਝੂਠੀ ਪੁੱਠ ਦੇ ਕੇ ਹੋਰ ਜ਼ੋਰ-ਸ਼ੋਰ ਨਾਲ ਪ੍ਰਚਾਰਿਆ ਗਿਆ। ਸਾਨੂੰ ਜੁਗਾਦਿ ਅਰਥ ਵਿਗਿਆਨੀਆਂ ਦੀ ਥਾਂ ਲੋਕ ਭਲਾਈ ਵਾਲੇ ਅਰਥ ਵਿਗਿਆਨੀਆਂ ਦੀ ਲੋੜ ਹੈ। ਡਾ. ਰਣਜੀਤ ਸਿੰਘ ਘੁੰਮਣ ਮੁਤਾਬਕ ਇਹ ਵੇਖਣਾ ਜ਼ਰੂਰੀ ਹੈ ਕਿ ਰਾਜ ਸੱਤਾ ਕਿਹੜੇ ਲੋਕਾਂ ਦੇ ਕਬਜ਼ੇ ਵਿਚ ਹੈ, ਸਿਰਫ ਲੱਛਣਾਂ ਨੂੰ ਹੀ ਵੇਖਣ ਦੀ ਲੋੜ ਨਹੀਂ, ਬਲਕਿ ਜੜ੍ਹ ਨੂੰ ਵੀ ਵੇਖਣ ਦੀ ਲੋੜ ਹੈ। ਪੂੰਜੀਵਾਦ ਕੋਲ ਕੇਵਲ ਦਿਮਾਗ ਹੁੰਦਾ ਹੈ, ਦਿਲ ਨਹੀਂ ਹੁੰਦਾ। ਡਾ. ਹਰਜਿੰਦਰ ਵਾਲੀਆ ਮੁਤਾਬਕ ਬਾਜ਼ਾਰ ਅਤੇ ਕਾਰਪੋਰੇਟ ਨੇ ਮੀਡੀਆ ਨੂੰ ਆਪਣੇ ਸ਼ਿਕੰਜੇ ਵਿਚ ਲੈ ਲਿਆ ਹੈ, ਉਨ੍ਹਾਂ ਨੇ ਕਾਰਪੋਰੇਟ ਦੇ ਗ਼ਲਬੇ ਨੂੰ ਸਮਝਾਉਣ ਲਈ ਜੀਓ ਨੈੱਟਵਰਕ ਦੀ ਮਿਸਾਲ ਦਿੱਤੀ। ਡਾ. ਐੱਸ.ਪੀ. ਸਿੰਘ ਨੇ ਕਿਹਾ ਕਿ ਕਾਰਪੋਰੇਟ ਸੈਕਟਰ ਆਪਣੀਆਂ ਬਾਹਵਾਂ ਲਗਾਤਾਰ ਫੈਲਾ ਰਿਹਾ ਹੈ ਅਤੇ ਮੌਜੂਦਾ ਮੰਡੀ Àੁੱਤੇ ਆਪਣੀ ਪਕੜ ਪੀਡੀ ਕਰ ਰਿਹਾ ਹੈ। ਵਰਿੰਦਰ ਸ਼ਰਮਾ ਐੱਮ.ਪੀ. ਬਰਤਾਨੀਆ ਮੁਤਾਬਕ ਕਾਰਪੋਰੇਟ ਨੂੰ ਨੱਥ ਪਾਉਣ ਲਈ ਆਰਥਿਕਤਾ ਦੀ ਸਮਝ ਹੋਣੀ ਬਹੁਤ ਜ਼ਰੂਰੀ ਹੈ, ਅਰਥ ਵਿਗਿਆਨੀ ਸਾਨੂੰ ਇਸ ਮਾਮਲੇ ਵਿਚ ਸੇਧ ਦੇਣ, ਇਸ ਤੋਂ ਅਗਲੀ ਲੋੜ ਇਹ ਹੈ ਰਾਜ ਸੱਤਾ ਦੀ ਲੋਕਾਂ ਨੂੰ ਪ੍ਰਾਪਤੀ ਹੋਣੀ ਵੀ ਜ਼ਰੂਰੀ ਹੈ। ਰਵਿੰਦਰ ਸਹਿਰਾਅ ਦੱਸਿਆ ਕਿ ਚੌਮਸਕੀ ਵਰਗੇ ਅਰਥ ਸ਼ਾਸਤਰੀਆਂ ਨੂੰ ਅੱਜਕੱਲ੍ਹ ਕੋਈ ਜਾਣਦਾ ਤੱਕ ਨਹੀਂ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਭਾਰਤ ਦੀ ਜੀ.ਡੀ.ਪੀ. ਘੱਟ ਰਹੀ ਹੈ ਪ੍ਰੰਤੂ ਚੀਨ ਦੀ ਬਹੁਤ ਘੱਟ ਪ੍ਰਭਾਵਿਤ ਹੋਈ ਹੈ। ਮੋਤਾ ਸਿੰਘ ਸਰਾਏ ਯੂ.ਕੇ. ਮੁਤਾਬਕ ਸਰਕਾਰਾਂ ਨੇ ਰਾਜ ਕਰਨਾ ਹੁੰਦਾ ਹੈ ਅਤੇ ਲੋਕਾਂ ਨੇ ਜਿਉਣਾ ਹੁੰਦਾ ਹੈ, ਇਸ ਲਈ ਲੋਕਾਂ ਦੇ ਜੀਵਨ ਵਾਸਤੇ ਸਹੀ ਉਪਰਾਲੇ ਕਰਨਾ ਜ਼ਰੂਰੀ ਹੈ। ਕੰਵਲਜੀਤ ਸਿੰਘ ਜਵੰਦਾ ਮੁਤਾਬਕ ਸਾਨੂੰ ਪਹਿਲਾਂ ਤਾਂ ਆਪਣਾ ਰਸਤਾ ਪਛਾਨਣ ਦੀ ਲੋੜ ਹੈ ਕਿ ਕਿਹੜਾ ਮਾਡਲ ਸਾਡੇ ਲਈ ਸਹੀ ਹੈ? ਐੱਸ.ਐੱਲ. ਵਿਰਦੀ ਮੁਤਾਬਕ ਅਸੀਂ ਉਦੋਂ ਹੀ ਬੋਲਦੇ ਹਾਂ, ਜਦੋਂ ਸਾਡੇ ਉੱਪਰ ਮੁਸੀਬਤ ਪੈਂਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਵਿਚ ਖੇਤ ਮਜ਼ਦੂਰ ਦੀ ਗੱਲ ਹੋਣੀ ਬਹੁਤ ਹੀ ਜ਼ਰੂਰੀ ਹੈ। ਜੀ.ਐੱਸ. ਗੁਰਦਿੱਤ ਨੇ ਕਿਹਾ ਕਿ ਕਾਰਪੋਰੇਟ ਨੇ ਸਮਾਜ ਭਲਾਈ ਦਾ ਇੱਕ ਝੂਠਾ ਮੁਖੌਟਾ ਪਾਇਆ ਹੋਇਆ ਹੈ, ਅਮਰੀਕਾ ਵਰਗੇ ਦੇਸ਼ਾਂ ਵਿਚ ਇਹ ਬਹੁਤ ਪਹਿਲਾਂ ਆ ਜਾਣ ਕਾਰਨ ਇਸਦੇ ਅਸਰ ਉਥੇ ਸਪੱਸ਼ਟ ਨਜ਼ਰ ਆ ਰਹੇ ਹਨ ਪ੍ਰੰਤੂ ਭਾਰਤ ਵਿਚ ਇਸਦੇ ਅਸਰ ਦਿਸਣੇ ਅਜੇ ਬਾਕੀ ਹਨ। ਰਵਿੰਦਰ ਚੋਟ ਨੇ ਵਿਚਾਰ ਪ੍ਰਗਟਾਇਆ ਕਿ ਸਾਨੂੰ ਆਪਣੀ ਆਵਾਜ਼ ਲੋਕਾਂ ਦੇ ਵਿਚ ਲੈ ਕੇ ਜਾਣੀ ਜ਼ਰੂਰੀ ਹੈ।
ਇਸ ਵੈਬੀਨਾਰ ਵਿਚ ਡਾ. ਗੁਰਚਰਨ ਸਿੰਘ ਨੂਰਪੁਰ, ਡਾ. ਗਿਆਨ ਸਿੰਘ, ਡਾ. ਰਣਜੀਤ ਸਿੰਘ ਘੁੰਮਣ, ਵਰਿੰਦਰ ਸ਼ਰਮਾ ਐੱਮ.ਪੀ. ਯੂ.ਕੇ., ਡਾ. ਹਰਜਿੰਦਰ ਵਾਲੀਆ, ਡਾ. ਐੱਸ.ਪੀ. ਸਿੰਘ, ਮੋਤਾ ਸਿੰਘ ਸਰਾਏ ਯੂ.ਕੇ., ਗੁਰਮੀਤ ਸਿੰਘ ਪਲਾਹੀ, ਰਵਿੰਦਰ ਸਹਿਰਾਅ, ਪਰਵਿੰਦਰਜੀਤ ਸਿੰਘ, ਕੇਹਰ ਸ਼ਰੀਫ, ਬੰਸੋ ਦੇਵੀ, ਐਡਵੋਕੇਟ ਐੱਸ.ਐੱਲ. ਵਿਰਦੀ, ਡਾ. ਆਸਾ ਸਿੰਘ ਘੁੰਮਣ, ਡਾ. ਕੰਵਲਜੀਤ ਜਵੰਦਾ, ਜੀ.ਐੱਸ. ਗੁਰਦਿੱਤ, ਰਵਿੰਦਰ ਚੋਟ, ਡਾ. ਚਰਨਜੀਤ ਸਿੰਘ ਗੁਮਟਾਲਾ, ਸੁਰਿੰਦਰ ਮਚਾਕੀ, ਡਾ. ਸ਼ਿਆਮ ਸੁੰਦਰ ਦੀਪਤੀ, ਬੇਅੰਤ ਕੌਰ ਗਿੱਲ, ਗਿਆਨ ਸਿੰਘ ਮੋਗਾ, ਗੁਰਦੀਪ ਬੰਗੜ ਯੂ.ਕੇ., ਇੰਦਰਜੀਤ ਸਿੰਘ ਲੁਧਿਆਣਾ, ਐਡਵੋਕੇਟ ਦਰਸ਼ਨ ਸਿੰਘ ਰਿਆੜ, ਜਨਕ ਪਲਾਹੀ, ਪਰਗਟ ਸਿੰਘ ਰੰਧਾਵਾ, ਜਗਦੀਪ ਸਿੰਘ ਕਾਹਲੋਂ, ਲਖਬੀਰ ਕੌਰ, ਗੁਰਜੀਤ ਸਿੰਘ, ਗੁਰਪ੍ਰੀਤ ਸਿੰਘ ਪਟਿਆਲਾ, ਮਨਦੀਪ ਸਿੰਘ, ਰਵੀ ਅਤੇ ਹੋਰ ਵੈਬੀਨਾਰ ‘ਚ ਸ਼ਾਮਲ ਹੋਏ। ਵੈਬੀਨਾਰ ਦੇ ਹੋਸਟ ਪਰਵਿੰਦਰਜੀਤ ਸਿੰਘ ਸਨ।