ਪੂਰੀ ਦੁਨੀਆ ‘ਚ ਕੋਰੋਨਾ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ ਦੋ ਲੱਖ ਤੋਂ ਪਾਰ; 9390 ਮੌਤਾਂ

741
Share

ਪੈਰਿਸ , 19 ਮਾਰਚ (ਪੰਜਾਬ ਮੇਲ)- ਪੂਰੀ ਦੁਨੀਆ ਵਿਚ ਕੋਰੋਨਾ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ ਦੋ ਲੱਖ ਨੂੰ ਪਾਰ ਕਰ ਗਈ ਹੈ। ਹੁਣ ਤੱਕ ਇਸ ਮਹਾਮਾਰੀ ਨਾਲ 9390 ਤੋਂ ਵਧੇਰੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਹ ਅੰਕੜੇ worldometers ਨਾਂ ਦੀ ਵੈਬਸਾਈਟ ਮੁਤਾਬਕ ਹਨ। ਮੰਦੀ ਦੀ ਅਸ਼ੰਕਾ ਨਾਲ ਨਜਿੱਠਣ ਲਈ ਅਮਰੀਕਾ ਅਤੇ ਬ੍ਰਿਟੇਨ ਨੇ ਅਰਬਾਂ ਡਾਲਰ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਸੀਂ ਇਕ ਅਜਿਹੀ ਫੌਜ ਖਿਲਾਫ ਜੰਗ ਲੜ ਰਹੇ ਹਾਂ ਜਿਸ ਨੂੰ ਹਰਾਉਣ ਲਈ ਸਾਡੇ ਕੋਲ ਢੁੱਕਵੇਂ ਹਥਿਆਰ ਨਹੀਂ ਹਨ ਪਰ ਅਸੀਂ ਜਿੱਤਾਂਗੇ ਜ਼ਰੂਰ। ਮੰਗਲਵਾਰ ਨੂੰ ਸੈਰ-ਸਪਾਟਾ ਉਦਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਦੇ ਨਾਲ ਮੀਟਿੰਗ ਵਿਚ ਟਰੰਪ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਤੁਹਾਡਾ ਉਦਯੋਗ ਇਸ ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਸਾਡਾ ਟੀਚਾ ਵਾਇਰਸ ਨੂੰ ਹਰਾਉਣਾ ਹੈ ਅਤੇ ਅਸੀਂ ਅਜਿਹਾ ਜ਼ਰੂਰ ਕਰਾਂਗੇ।
ਉਦਯੋਗਾਂ ਲਈ ਅਰਬਾਂ ਡਾਲਰ ਦੇ ਪੈਕੇਜ ਦੇ ਐਲਾਨ ਨਾਲ ਟਰੰਪ ਪ੍ਰਸ਼ਾਸਨ ਆਮ ਲੋਕਾਂ ਨੂੰ ਤੁਰੰਤ ਇਕ ਹਜ਼ਾਰ ਡਾਲਰ ਨਕਦ ਭੁਗਤਾਨ ਦੀ ਯੋਜਨਾ ‘ਤੇ ਵੀ ਵਿਚਾਰ ਕਰ ਰਿਹਾ ਹੈ। ਅਮਰੀਕੀ ਅਧਿਕਾਰੀਆਂ ਨੇ ਪੈਕੇਜ ਦੀ ਰਾਸ਼ੀ ਤਾਂ ਨਹੀਂ ਦੱਸੀ ਹੈ, ਪਰ ਵਾਸ਼ਿੰਗਟਨ ਪੋਸਟ ਮੁਤਾਬਕ ਇਹ ਰਾਸ਼ੀ 850 ਬਿਲੀਅਨ ਡਾਲਰ ਤੱਕ ਹੋ ਸਕਦੀ ਹੈ।
ਬ੍ਰਿਟੇਨ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਵਾਇਰਸ ਨਾਲ ਜੂਝ ਰਹੇ ਵਪਾਰੀਆਂ ਦੀ ਮਦਦ ਲਈ 330 ਬਿਲੀਅਨ ਡਾਲਰ ਜਾਂ 400 ਬਿਲੀਅਨ ਡਾਲਰ (ਲਗਭਗ 29 ਲੱਖ ਕਰੋੜ) ਦੇ ਇਕ ਪੈਕੇਜ ਦਾ ਐਲਾਨ ਕੀਤਾ ਹੈ। ਫਰਾਂਸ ਨੇ ਵੀ 50 ਬਿਲੀਅਨ ਡਾਲਰ (ਲਗਭਗ ਢਾਈ ਲੱਖ ਕਰੋੜ ਰੁਪਏ) ਦੇ ਪੈਕੇਜ ਦਾ ਐਲਾਨ ਕੀਤਾ ਹੈ।
ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨਾਲ ਹੁਣ ਤੱਕ 109 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦੋਂ ਕਿ 6500 ਲੋਕ ਇਨਫੈਕਟਿਡ ਹੋਏ ਹਨ। ਹੁਣ ਇਸ ਮਹਾਮਾਰੀ ਦਾ ਕਹਿਰ ਦੇਸ਼ ਦੇ ਸਾਰੇ 50 ਸੂਬਿਆਂ ਵਿਚ ਦਿਖਾਈ ਦੇਣ ਲੱਗਾ ਹੈ। ਵਾਸ਼ਿੰਗਟਨ ਪੋਸਟ ਮੁਤਾਬਕ ਮਰਨ ਵਾਲਿਆਂ ਵਿਚ ਜ਼ਿਆਦਾਤਰ ਦੀ ਉਮਰ 70 ਸਾਲ ਤੋਂ ਵਧੇਰੇ ਹੈ। ਅਮਰੀਕੀ ਰੱਖਿਆ ਮੰਤਰੀ ਮਾਰਕ ਐਸਪਰ ਨੇ ਕਿਹਾ ਕਿ ਫੌਜ 50 ਲੱਖ ਮਾਸਕ ਮੁਹੱਈਆ ਕਰਵਾਏਗੀ। ਵਾਸ਼ਿੰਗਟਨ ਸੂਬੇ ਵਿਚ 26 ਫਰਵਰੀ ਨੂੰ ਪਹਿਲੀ ਮੌਤ ਹੋਈ ਸੀ। ਟਾਈਮ ਮੈਗਜ਼ੀਨ ਦੀ ਵੈਬਸਾਈਟ ਮੁਤਾਬਕ, ਅਮਰੀਕਾ ਵਿਚ ਟੈਕਸਾਸ ਦੀ ਇਕ ਅਦਾਲਤ ਨੇ ਫਾਂਸੀ ਦੀ ਸਜ਼ਾ ਦੀ ਤਾਮੀਲ ‘ਤੇ 60 ਦਿਨ ਦੀ ਰੋਕ ਲਗਾ ਦਿੱਤੀ ਹੈ।
ਰਾਜਨੀਤਕ ਨੇਤਾਵਾਂ ਨੇ ਕੋਰੋਨਾਵਾਇਰਸ ਨਾਲ ਪੈਦਾ ਖਤਰੇ ਨੂੰ ਘੱਟ ਕਰਕੇ ਦੇਖਿਆ ਹੈ। ਇਹ ਦੋਸ਼ ਯੂਰਪੀ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵੌਨ ਡਰ ਲੇਅਨ ਨੇ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਜੋ ਉਪਾਅ ਹੁਣ ਕੀਤੇ ਜਾ ਰਹੇ ਹਨ ਉਹ ਉਪਾਅ ਦੋ ਜਾਂ ਤਿੰਨ ਹਫਤੇ ਪਹਿਲਾਂ ਕੀਤੇ ਜਾਣੇ ਚਾਹੀਦੇ ਸਨ। ਹੁਣ ਸਾਨੂੰ ਇਸ ਵਾਇਰਸ ਨਾਲ ਲੰਬੇ ਸਮੇਂ ਤੱਕ ਜੂਝਣਾ ਪਵੇਗਾ।
ਈਰਾਨ ਵਿਚ 147 ਹੋਰ ਲੋਕਾਂ ਦੀ ਮੌਤ ਹੋਈ ਹੈ। ਇਹ ਇਕ ਵਿਚ ਹੋਣ ਵਾਲੀਆਂ ਸਭ ਤੋਂ ਜ਼ਿਆਦਾ ਮੌਤਾਂ ਹਨ। ਦੇਸ਼ ਵਿਚ ਹੁਣ ਤੱਕ 1135 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ ਦੌਰਾਨ ਇਨਫੈਕਸ਼ਨ ਦੇ 1192 ਮਾਮਲੇ ਸਾਹਮਣੇ ਆਏ ਹਨ। ਇਨਫੈਕਟਿਡ ਲੋਕਾਂ ਦੀ ਗਿਣਤੀ ਵਧ ਕੇ 17161 ਹੋ ਗਈ ਹੈ। ਸਿਹਤ ਉਪ ਮੰਤਰੀ ਨੇ ਕਿਹਾ ਹੈ ਕਿ ਅਸੀਂ ਸਾਰੇ ਇਸ ਬੀਮਾਰੀ ਨਾਲ ਚੰਗੀ ਤਰ੍ਹਾਂ ਜਾਣੂ ਹਾਂ ਪਰ ਅਜੇ ਵੀ ਕੁਝ ਲੋਕ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ।


Share