ਪੂਰਬੀ ਪੈਨਸਿਲਵੇਨੀਆ ’ਚ 29 ਬੱਚਿਆਂ ਸਮੇਤ ਨਦੀ ’ਚ ਡਿੱਗੀ ਸਕੂਲੀ ਬੱਸ

314
Share

ਫਰਿਜ਼ਨੋ, 10 ਨਵੰਬਰ (ਮਾਛੀਕੇ/ਪੰਜਾਬ ਮੇਲ)- ਅਮਰੀਕਾ ਦੇ ਪੂਰਬੀ ਪੈਨਸਿਲਵੇਨੀਆ ’ਚ 29 ਮਿਡਲ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਇੱਕ ਸਕੂਲੀ ਬੱਸ ਸੋਮਵਾਰ ਨੂੰ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋਈ। ਇਸ ਹਾਦਸੇ ਦੌਰਾਨ ਇਹ ਬੱਸ ਬੱਚਿਆਂ ਸਮੇਤ ਸੜਕ ਤੋਂ ਤਕਰੀਬਨ 25 ਫੁੱਟ ਹੇਠਾਂ ਇੱਕ ਨਦੀ ਵਿਚ ਜਾ ਡਿੱਗੀ।
ਇਹ ਬੱਸ ਈਸਟਨ ਵਿਚ ਬੁਸ਼ਕਿਲ ਨਦੀ ਵਿਚ ਪਲਟੀ, ਜਿਸ ਉਪਰੰਤ ਜ਼ਖਮੀ ਹੋਏ 13 ਬੱਚਿਆਂ ਅਤੇ ਡਰਾਈਵਰ ਦਾ ਸਥਾਨਕ ਹਸਪਤਾਲਾਂ ਵਿਚ ਇਲਾਜ ਕੀਤਾ ਗਿਆ।
ਅਧਿਕਾਰੀਆਂ ਅਨੁਸਾਰ ਇਹ ਅਜੇ ਸਪੱਸ਼ਟ ਨਹੀਂ ਹੋ ਸਕਿਆ ਸੀ ਕਿ ਹਾਦਸਾ ਕਿਸ ਕਾਰਨ ਹੋਇਆ, ਪਰ ਇਸਦੀ ਜਾਂਚ ਚੱਲ ਰਹੀ ਹੈ। ਇਸ ਹਾਦਸੇ ਦੀ ਜਾਂਚ ਤਹਿਤ ਡਰਾਈਵਰ ਦੀ ਡਰੱਗ ਅਤੇ ਅਲਕੋਹਲ ਦੀ ਲਈ ਜਾਂਚ ਕੀਤੀ ਜਾਵੇਗੀ। ਪੁਲਿਸ ਅਨੁਸਾਰ ਇਹ ਹਾਦਸਾ ਹੋਰ ਵੀ ਭਿਆਨਕ ਹੋ ਸਕਦਾ ਸੀ, ਜੇਕਰ ਨਦੀ ਵਿਚਲਾ ਪਾਣੀ ਜ਼ਿਆਦਾ ਹੁੰਦਾ ਜਾਂ ਬੱਸ ਕਿਸੇ ਦਰੱਖਤ ਨਾਲ ਟਕਰਾਅ ਜਾਂਦੀ। ਬਚਾਅ ਕਰਮਚਾਰੀਆਂ ਵੱਲੋਂ ਬੱਸ ਨੂੰ ਦੁਪਹਿਰ ਤੱਕ ਨਦੀ ਵਿਚੋਂ ਕੱਢ ਦਿੱਤਾ ਗਿਆ ਸੀ।

Share