ਪੂਰਬੀ ਕਾਂਗੋ ’ਚ ਜਵਾਲਾਮੁਖੀ ਫਟਿਆ, ਹਜ਼ਾਰਾਂ ਲੋਕਾਂ ਨੇ ਕੀਤੀ ਹਿਜ਼ਰਤ

158
Share

ਗੋਮਾ, 24 ਮਈ (ਪੰਜਾਬ ਮੇਲ)- ਅਫਰੀਕੀ ਮਹਾਦੀਪ ਦੇ ਮੱਧ ’ਚ ਸਥਿਤ ਕਾਂਗੋ ਦੇ ਗੋਮਾ ਸ਼ਹਿਰ ਨੇੜੇ ਵਿਰੂੰਗਾ ਦੀਆਂ ਪਹਾੜੀਆਂ ’ਚ ਅਚਾਨਕ ਨੀਰਾਗੋਂਗਾ ਜਵਾਲਾਮੁਖੀ 19 ਸਾਲ ਬਾਅਦ ਮੁੜ ਤੋਂ ਸਰਗਰਮ ਹੋ ਗਿਆ। ਇਹ ਦੁਨੀਆਂ ਦੇ ਖ਼ਤਰਨਾਕ ਤੇ ਸਰਗਰਮ ਜਵਾਲਾਮੁਖੀਆਂ ’ਚੋਂ ਇਕ ਗਿਣਿਆ ਜਾਂਦਾ ਹੈ। ਸਥਾਨਕ ਪ੍ਰਸ਼ਾਸਨ ਦੇ ਚਿਤਾਵਨੀ ਜਾਰੀ ਕਰਦੇ ਹੀ ਸ਼ਹਿਰ ਦੇ ਹਜ਼ਾਰਾਂ ਲੋਕ ਜ਼ਰੂਰੀ ਸਾਮਾਨ ਨਾਲ ਪੈਦਲ ਹੀ ਰਵਾਂਡਾ ਵੱਲ ਜਾਣ ਲੱਗੇ। ਗੋਮਾ ਦੀ ਆਬਾਦੀ ਲਗਪਗ 20 ਲੱਖ ਹੈ। ਇੱਥੇ 2002 ’ਚ ਇਹ ਜਵਾਲਾਮੁਖੀ ਫਟਿਆ ਸੀ, ਜਿਸ ’ਚ ਢਾਈ ਸੌ ਲੋਕ ਮਾਰੇ ਗਏ ਸਨ। ਇਕ ਲੱਖ ਵੀਹ ਹਜ਼ਾਰ ਤੋਂ ਵੱਖ ਲੋਕ ਬੇਘਰ ਹੋਏ ਸਨ। ਰਵਾਂਡਾ ਦੇ ਪ੍ਰਸ਼ਾਸਨ ਨੇ ਹਿਜ਼ਰਤ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਲਗਪਗ ਸਾਢੇ ਤਿੰਨ ਹਜ਼ਾਰ ਲੋਕ ਰਵਾਂਡਾ ਪਹੁੰਚ ਚੁੱਕੇ ਹਨ। ਇੱਥੇ ਉਨ੍ਹਾਂ ਨੂੰ ਧਾਰਮਿਕ ਸਥਾਨਾਂ ਅਤੇ ਸਕੂਲਾਂ ’ਚ ਠਹਿਰਾਇਆ ਗਿਆ ਹੈ।
ਜਵਾਲਾਮੁਖੀ ਵਿਰੂੰਗਾ ਨੈਸ਼ਨਲ ਪਾਰਕ ਦੇ ਨੇੜੇ ਹੈ, ਜਿੱਥੇ ਦੁਨੀਆਂ ਦੇ ਕੁਝ ਬਚੇ ਹੋਏ ਗਲਿਆਰਿਆਂ ਦੀ ਸੰਭਾਲ ਕੀਤੀ ਜਾ ਰਹੀ ਹੈ।
ਮੌਕੇ ’ਤੇ ਮੌਜੂਦ ਲੋਕਾਂ ਮੁਤਾਬਕ ਜਵਾਲਾਮੁਖੀ ਦਾ ਲਾਵਾ ਉੱਤਰੀ ਕਿਬੁ ਕੋ ਬੇਨੀ ਸ਼ਹਿਰ ਨਾਲ ਜੁੜਨ ਵਾਲੇ ਰਸਤੇ ਤੱਕ ਆ ਗਿਆ ਹੈ।
ਜਵਾਲਾਮੁਖੀ ਵਿਗਿਆਨੀ ਡਾਰੀਓ ਡੇਟੇਸਕੋ ਨੇ ਦੱਸਿਆ ਕਿ ਜਵਾਲਾਮੁਖੀ ਦਾ ਲਾਵਾ ਗੋਮਾ ਵੱਲ ਵਹਿ ਰਿਹਾ ਹੈ। ਇਹ ਓਨਾ ਹੀ ਖ਼ਤਰਨਾਕ ਹੈ, ਜਿੰਨਾ 19 ਸਾਲ ਪਹਿਲਾਂ ਸੀ। ਇਸ ਦਾ ਲਾਵਾ ਸ਼ਹਿਰ ਤੱਕ ਪਹੁੰਚ ਜਾਵੇਗਾ ਜਾਂ ਵਿਚਾਲੇ ਹੀ ਰੁੱਕ ਜਾਵੇਗਾ, ਇਸ ਦਾ ਅੰਦਾਜ਼ਾ ਲਗਾਉਣਾ ਅਜੇ ਮੁਸ਼ਕਲ ਹੈ। ਰਾਸ਼ਟਰਪਤੀ ਫੇਲਿਕਸ ਤਸੇਸੇਕੇਦੀ ਆਪਣੀ ਯੂਰਪ ਦੀ ਯਾਤਰਾ ਵਿਚਾਲੇ ਛੱਡ ਕੇ ਦੇਸ਼ ਪਰਤ ਰਹੇ ਹਨ। ਪ੍ਰਧਾਨ ਮੰਤਰੀ ਜੀਨ ਮਿਸ਼ੇਲ ਸਾਮਾ ਲੁਕੋਂਡੇ ਨੇ ਐਮਰਜੈਂਸੀ ਬੈਠਕ ਬੁਲਾਈ ਹੈ।

Share