ਪੁੰਗਰਦੇ ਹਰਫ (ਵਿਸ਼ਵ ਕਾਵਿ-ਮਹਿਫਲ) ਵੱਲੋਂ ਪੰਜਾਬੀ ਲਿਖਾਰੀ ਸਭਾ ਸਿਆਟਲ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਕਵੀ ਦਰਬਾਰ¿;

75
ਸਿਆਟਲ, 28 ਸਤੰਬਰ (ਪੰਜਾਬ ਮੇਲ)- ਮਾਂ ਬੋਲੀ ਪੰਜਾਬੀ ਦੇ ਸਰਬਖੱਖੀ ਵਿਕਾਸ ਲਈ ਸੰਸਾਰ ਪੱਧਰ ’ਤੇ ਵੱਖ-ਵੱਖ ਸੰਸਥਾਵਾਂ ਵੱਲੋਂ ਅਤੇ ਵਿਅਕਤੀਗਤ ਤੌਰ ’ਤੇ ਕੀਤੇ ਜਾ ਰਹੇ ਯਤਨਾਂ ਸਦਕਾ ਸਾਹਿਤਕ ਪ੍ਰੋਗਰਾਮ ਅਤੇ ਵਿਸ਼ੇਸ਼ ਤੌਰ ’ਤੇ ਕਵੀ ਦਰਬਾਰ ਕਰਵਾਏ ਜਾ ਰਹੇ ਹਨ। ਆਪਣੇ ਉਦੇਸ਼ਾਂ ਦੀ ਪ੍ਰਾਪਤੀ ਲਈ, ਪੁੰਗਰਦੇ ਹਰਫ (ਵਿਸ਼ਵ ਕਾਵਿ-ਮਹਿਫਲ) ਵੱਲੋਂ ਪੰਜਾਬੀ ਲਿਖਾਰੀ ਸਭਾ (ਰਜਿ).ਸਿਆਟਲ ਦੇ ਸਹਿਯੋਗ ਨਾਲ ਇਕ ਹੋਰ ਉਡਾਰੀ ਭਰੀ ਗਈ। ਸਾਲ 2022 ਦੇ ਸਤੰਬਰ ਮਹੀਨੇ ਵਿਚ ਜ਼ੂਮ ਰਾਹੀਂ ਵੱਖ-ਵੱਖ ਦੇਸ਼ਾਂ (ਭਾਰਤ, ਕੈਨੇਡਾ, ਅਮਰੀਕਾ, ਪਾਕਿਤਸਾਨ, ਇਟਲੀ, ਸਾਊਥ ਕੋਰੀਆ) ’ਚ ਵੱਸਦੇ ਸਾਹਿਤਕਾਰਾਂ ਨੂੰ ਲੈ ਕੇ ਵਿਸ਼ਾਲ ਕਵੀ ਦਰਬਾਰ ਕੀਤਾ ਗਿਆ। ਅਨੇਕਾਂ ਸਾਹਿਤਕ ਸਭਾਵਾਂ, ਸੱਭਿਆਚਾਰਕ ਸੰਸਥਾਵਾਂ, ਰੇਡੀਓ, ਟੀ.ਵੀ ਨਾਲ ਜੁੜੇ, ਹਿੰਦੀ ਅਤੇ ਪੰਜਾਬੀ ਵਿਚ ਬਹੁਤ ਸਾਰੇ ਕਾਵਿ-ਸਿਰਜਣ ਰਚੇਤਾ ਅਤੇ 2010 ਦੀਆਂ ਕਾਮਨਵੈਲਥ ਖੇਡਾਂ ਦੇ ਡਿਪਟੀ ਡਾਇਰੈਕਟਰ ਜਨਰਲ ਅਤੇ ਰਾਸ਼ਟਰੀ ਪੱਧਰ ਦੀਆਂ ਖੇਡ ਸੰਸਥਾਵਾਂ ਦੇ ਸਾਬਕਾ ਨਿਰਦੇਸ਼ਕ, ਬਹੁਭਾਸ਼ਾਈ ਕਵੀ ਡਾ. ਜੀ.ਐੱਸ. ਆਨੰਦ ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਵਿਰਾਜਮਾਨ ਸਨ। ਜਦੋਂਕਿ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਲਹਿੰਦੇ ਪੰਜਾਬ ਤੋਂ ਉਘੇ ਲੇਖਕ ਪ੍ਰੋਫੈਸਰ ਅਮਾਨਤ ਅਲੀ ਮੁਸਾਫਿਰ ਅਤੇ ਕੈਨੇਡਾ ਤੋਂ ਪੰਜਾਬੀ ਦੀ ਸਥਾਪਿਤ ਕਵਿੱਤਰੀ ਸਤਵੀਰ ਰਾਜੇਆਣਾ ਸੁਸ਼ੋਭਿਤ ਸਨ। ਅਮਨਬੀਰ ਸਿੰਘ ਧਾਮੀ ਨੇ ‘ਮੁਹੱਬਤਾਂ ਦੇ ਘੱਲੇ ਸੰਨੇਹੇ’ ਦਾ ਜ਼ਿਕਰ ਕਰਦਿਆਂ ਪ੍ਰੋਗਰਾਮ ਦਾ ਆਗਾਜ਼ ਕੀਤਾ ਅਤੇ ਪ੍ਰਧਾਨ ਰਮਨਦੀਪ ਕੌਰ ਰੰਮੀ ਨੇ ਆਏ ਹੋਏ ਮਹਿਮਾਨਾਂ ਅਤੇ ਕਵੀਆਂ ਨੂੰ ਜੀ ਆਇਆਂ ਕਿਹਾ। ਇਸ ਪ੍ਰੋਗਰਾਮ ਦੀ ਸੰਚਾਲਿਕਾ ਕਵਿੱਤਰੀ ਹਰਮੀਤ ਕੌਰ ਮੀਤ ਅਤੇ ਸੰਚਾਲਿਕਾ ਕਿਰਨਜੀਤ ਕੌਰ ਨੇ ਕਾਵਿਕ ਅੰਦਾਜ਼ ਵਿਚ ਹਾਜ਼ਰ ਕਵੀਆਂ ਨੂੰ ਸੱਦਾ ਦਿੱਤਾ। ਪਾਕਿਸਤਾਨ ਵਾਲੇ ਪੰਜਾਬ ਤੋਂ ਆਏ ਕਵੀ-ਕਵਿੱਤਰੀਆਂ ਨਜ਼ਮਾ ਮਹਿਬੂਬ ਨਜ਼ਮਾ, ਮਹਿਬੂਬ ਅਲਾਰਮ ਤਾਰੀਕ, ਪ੍ਰੋ. ਅਮਾਨਤ ਅਲੀ ਮੁਸਾਫ਼ਿਰ ਦੀਆਂ ਪੇਸ਼ ਕਵਿਤਾਵਾਂ ਵਿਚ ਵਿਛੋੜੇ ਦਾ ਦਰਦ ਅਤੇ ਮਿਲਣ ਦੀਆਂ ਤਾਂਘਾਂ ਸਪੱਸ਼ਟ ਝਲਕਦੀਆਂ ਸਨ। ਭਾਰਤੀ ਪੰਜਾਬ ਤੋਂ ਹਾਜ਼ਰੀ ਲਵਾ ਰਹੀਆਂ ਕਵਿੱਤਰੀਆਂ ਮਨਦੀਪ ਭਦੌੜ, ਅੰਜਨਾ ਮੈਨਨ, ਸਵਰਨਜੀਤ ਕੌਰ ਢਿੱਲੋਂ, ਮਨਜੀਤ ਕੌਰ ਧੀਮਾਨ, ਕਿਰਨਪ੍ਰੀਤ ਕੌਰ ਜੈਤੋ ਤੇ ਡਾ. ਰਵਿੰਦਰ ਕੌਰ ਭਾਟੀਆ ਦੀਆਂ ਪੇਸ਼ ਕਵਿਤਾਵਾਂ ਵਿਚ ਸੰਘਰਸ਼ਾਂ ਦੀ ਗੱਲ, ਕਲਮਾਂ ਦੇ ਗੁੱਝੇ ਭੇਦ, ਬਚਪਨ ਦੀਆਂ ਯਾਦਾਂ, ਦਿਲਾਂ ਦੇ ਅਰਮਾਨ, ਪਰਿਵਾਰਿਕ ਰਿਸ਼ਤਿਆਂ ਦੀ ਮਿਠਾਸ ਆਦਿ ਕੁੱਲ ਮਿਲਾ ਕੇ ਜ਼ਿੰਦਗੀ ਦਾ ਸੱਚ ਚਿਤਰਿਆ ਦਿਸ ਰਿਹਾ ਸੀ। ਸਾਹਿਤਕ ਹਲਕਿਆਂ ਵਿਚ ਆਪਣੀ ਸ਼ਾਇਰੀ ਨਾਲ ਮੁਕਾਮ ਬਣਾ ਬੈਠੀ ਕੈਨੇਡਾ ਵੱਸਦੀ ਸ਼ਾਇਰਾ ਸਤਵੀਰ ਰਾਜੇਆਣਾ ਨੇ ਖੂਬਸੂਰਤ ਅੰਦਾਜ਼ ਵਿਚ ਭਾਵਪੂਰਤ ਕਵਿਤਾਵਾਂ ਪੜ੍ਹੀਆਂ। ਪੰਜਾਬੀ ਲਿਖਾਰੀ ਸਭਾ ਸਿਆਟਲ ਦੇ ਪ੍ਰੈੱਸ ਸਕੱਤਰ ਵਿਅੰਗਕਾਰ ਮੰਗਤ ਕੁਲਜਿੰਦ ਨੇ ਤਰੰਨਮ ’ਚ ਗਾਏ ਗੀਤ ਰਾਹੀਂ ਪੱਛਮੀ ਦੇਸ਼ਾਂ ਦੇ ਚੰਗੇ ਪੱਖਾਂ ਨੂੰ ਉਜਾਗਰ ਕੀਤਾ। ਪੇਸ਼ ਨਵੀਆਂ ਕਲਮਾਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਮੁੱਖ ਮਹਿਮਾਨ ਡਾ. ਜੀ.ਐੱਸ. ਆਨੰਦ ਨੇ ਆਪਣੇ ਰਚਨਾ ਸੰਸਾਰ ਨਾਲ ਸਾਂਝ ਪੁਵਾਈ, ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਸੱਭਿਆਚਾਰਕ ਕਵਿਤਾ ‘ਜਿੱਥੇ ਬੈਠ ਬਰੋਟੇ ਥੱਲੇ, ਕੋਈ ਕਵੀਸ਼ਰ ਵਾਰਾਂ ਗਾਵੇ’ ਪੜ੍ਹੀ। ਮੰਚ ਦੇ ਚੇਅਰਮੈਨ ਅਤੇ ਪੰਜਾਬੀ ਲਿਖਾਰੀ ਸਭਾ ਸਿਆਟਲ ਦੇ ਮੀਤ ਪ੍ਰਧਾਨ ਬਲਿਹਾਰ ਸਿੰਘ ਲੇਹਲ ਦੇ ਤਕਨੀਕੀ ਸਹਿਯੋਗ ਕਰਕੇ ਇਸ ਸਾਰੇ ਪ੍ਰੋਗਰਾਮ ਨੂੰ ਸਫਲਤਾਪੂਰਵਕ ਫੇਸਬੁੱਕ ਮਾਧਿਅਮ ਰਾਹੀਂ ਸਿੱਧਾ ਪ੍ਰਸਾਰਿਆ ਗਿਆ, ਜੋ ਕਿ ਪੁੰਗਰਦੇ ਹਰਫ਼ ਦੇ ਫੇਸਬੁੱਕ ’ਤੇ ਹੁਣ ਵੀ ਦੇਖਿਆ ਜਾ ਸਕਦਾ ਹੈ। ਮਾਂ ਬੋਲੀ ਪੰਜਾਬੀ ਦੇ ਘੇਰੇ ਨੂੰ ਵਿਸ਼ਾਲ ਕਰਨ ਲਈ ਰੁੱਝੇ, ਸਾਊਥ ਕੋਰੀਆ ਰਹਿੰਦੇ ਅਮਨਬੀਰ ਸਿੰਘ ਧਾਮੀ ਨੇ ਆਪਣੀ ਕਵਿਤਾ ਦੇ ਬੋਲਾਂ, ‘ਸਾਡਾ ਵੀ ਇਕ ਸੋਹਣਾ ਘਰ ਉਸ ਪਾਰ ਸੀ’ ਨਾਲ ਸਰੋਤਿਆਂ ਨੂੰ ਭਾਵੁਕ ਕਰ ਦਿੱਤਾ। ਆਪਣੀ ਨਜ਼ਮ ‘ਇਜ਼ਹਾਰ’ ਦੇ ਜਾਦੂਗਰੀ ਸ਼ਬਦਾਂ ਨਾਲ ਗਰੁੱਪ ਦੀ ਪ੍ਰਧਾਨਾ ਰਮਨਦੀਪ ਕੌਰ ਰੰਮੀ ਨੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਦਲਜਿੰਦਰ ਸਿੰਘ ਰੇਹਲ, ਇਟਲੀ ਨੇ ਪੇਸ਼ ਕਾਵਿ ਦੀ ਸੰਖੇਪ ’ਚ ਸਮੀਖਿਆ ਕੀਤੀ ਅਤੇ ਕਵਿਤਾ ਪੜ੍ਹਦਿਆਂ ਨਿੱਘੇ ਸ਼ਬਦਾਂ ਨਾਲ ਪ੍ਰੋਗਰਾਮ ਵਿਚ ਪੁੱਜੀਆਂ ਸਾਰੀਆਂ ਸ਼ਖ਼ਸੀਅਤਾਂ ਅਤੇ ਸੋਸ਼ਲ ਮੀਡੀਆ ਰਾਹੀਂ ਇਸ ਕਵੀ ਦਰਬਾਰ ਦਾ ਦੇਸ਼-ਵਿਦੇਸ਼ ਤੋਂ ਅਨੰਦ ਮਾਣ ਰਹੇ ਸਮੂਹ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।