ਪੁਲੀਸ ਤਸ਼ੱਦਦ ਅਤੇ ਨਸਲਵਾਦ ਖ਼ਿਲਾਫ਼ ਲੰਡਨ ’ਚ ਹਿੰਸਕ ਮੁਜ਼ਾਹਰੇ, 100 ਗ੍ਰਿਫ਼ਤਾਰ

631
Share

ਲੰਡਨ, 15 ਜੁਨ (ਪੰਜਾਬ ਮੇਲ)- ਲੰਡਨ ਵਿਚ ਸੱਜੇ ਪੱਖੀਆਂ ਵੱਲੋਂ ਕੀਤੇ ਰੋਸ ਮੁਜ਼ਾਹਰਿਆਂ ਦੌਰਾਨ ਹਿੰਸਾ ਹੋਈ ਤੇ ਸਕਾਟਲੈਂਡ ਯਾਰਡ ਮੁਤਾਬਕ ਕਰੀਬ 100 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇੱਥੇ ਛੇ ਪੁਲੀਸ ਅਧਿਕਾਰੀਆਂ ਸਣੇ 19 ਜਣੇ ਫੱਟੜ ਹੋਏ ਹਨ। ਸ਼ਨਿਚਰਵਾਰ ਰਾਤ 9 ਵਜੇ ਤੱਕ ਲੋਕਾਂ ਨੂੰ ਵੱਖ-ਵੱਖ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਉਤੇ ਹਿੰਸਾ ਕਰਨ, ਪੁਲੀਸ ਉਤੇ ਹਮਲਾ ਕਰਨ, ਹਥਿਆਰ ਤੇ ਡਰੱਗ ਵਰਤਣ, ਸ਼ਰਾਬ ਪੀ ਕੇ ਸ਼ਾਂਤੀ ਭੰਗ ਕਰਨ ਦਾ ਦੋਸ਼ ਲਾਇਆ ਗਿਆ ਹੈ। ਸੱਜੇ ਪੱਖੀਆਂ ਦੇ ਮੁਜ਼ਾਹਰੇ ਪਹਿਲਾਂ ਤੋਂ ਨਸਲਵਾਦ ਖ਼ਿਲਾਫ਼ ਜਾਰੀ ਪ੍ਰਦਰਸ਼ਨਾਂ ਤੋਂ ਬਾਅਦ ਕੀਤੇ ਗਏ ਹਨ। ਸ਼ਾਮ ਪੰਜ ਵਜੇ ਕਰੀਬ 200 ਜਣੇ ਕਰਫਿਊ ਦੀ ਉਲੰਘਣਾ ਕਰ ਕੇ ਪਾਰਲੀਮੈਂਟ ਸਕੁਏਅਰ ਲਾਗੇ ਵਿੰਸਟਨ ਚਰਚਿਲ ਦੇ ਬੁੱਤ ਕੋਲ ਇਕੱਠੇ ਹੋ ਗਏ। ਇਸੇ ਦੌਰਾਨ ਦੂਜੀ ਧਿਰ ‘ਬਲੈਕ ਲਾਈਵਜ਼ ਮੈਟਰ’ ਮੁਜ਼ਾਹਰਾਕਾਰੀਆਂ ਨੂੰ ਡੱਕਣ ਲਈ ਪੁਲੀਸ ਨੇ ਰੋਕਾਂ ਲਾ ਦਿੱਤੀਆਂ। ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਹਿੰਸਾ ਦੀ ਨਿਖੇਧੀ ਕੀਤੀ ਹੈ।

ਅਮਰੀਕਾ ਦੇ ਨਿਊ ਓਰਲੀਨਜ਼ ਵਿਚ ਮੁਜ਼ਾਹਰਾਕਾਰੀਆਂ ਨੇ ਪੁਰਾਣੇ ਸਮਿਆਂ ਦੌਰਾਨ ਗ਼ੁਲਾਮੀ ਕਰਵਾਉਣ ਵਾਲੀ ਇਕ ਸ਼ਖ਼ਸੀਅਤ ਦਾ ਬੁੱਤ ਤੋੜ ਕੇ ਇਸ ਨੂੰ ਮਿਸੀਸਿਪੀ ਦਰਿਆ ਵਿਚ ਰੋੜ੍ਹ ਦਿੱਤਾ। ਲੋਕਾਂ ਨੇ ਬੁੱਤ ਤੋੜ ਕੇ ਟਰੱਕਾਂ ਵਿਚ ਲੱਦ ਲਿਆ ਤੇ ਨਦੀ ਵਿਚ ਸੁੱਟ ਦਿੱਤਾ। ਪੁਲੀਸ ਨੇ ਦੋ ਟਰੱਕ ਚਾਲਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਬੁੱਤ ਜੌਹਨ ਮੈਕਡੌਨੋ ਦਾ ਦੱਸਿਆ ਜਾ ਰਿਹਾ ਹੈ। ਪੈਰਿਸ ਸਣੇ ਫਰਾਂਸ ਦੇ ਕਈ ਸ਼ਹਿਰਾਂ ਵਿਚ ਵੀ ਹਜ਼ਾਰਾਂ ਲੋਕਾਂ ਨੇ ਕਰੋਨਾਵਾਇਰਸ ਦੀਆਂ ਰੋਕਾਂ ਦੀ ਉਲੰਘਣਾ ਕਰ ਕੇ ਸੜਕਾਂ ਉਤੇ ਰੋਸ ਮੁਜ਼ਾਹਰੇ ਕੀਤੇ। ਲੋਕਾਂ ਨੇ ਪੁਲੀਸ ਤਸ਼ੱਦਦ ਅਤੇ ਨਸਲਵਾਦ ਖ਼ਿਲਾਫ਼ ਜੰਮ ਕੇ ਨਾਅਰੇ ਮਾਰੇ। ਲੋਕ ਸ਼ਨਿਚਰਵਾਰ ਪੈਰਿਸ ਦੇ ਰਿਪਬਲਿਕ ਸਕੁਏਅਰ ਵਿਚ ਇਕੱਤਰ ਹੋਏ ਤੇ ਚਾਰ ਸਾਲ ਪਹਿਲਾਂ ਪੁਲੀਸ ਹਿਰਾਸਤ ਵਿਚ ਮਰੇ 24 ਸਾਲਾ ਨੌਜਵਾਨ ਲਈ ਇਨਸਾਫ਼ ਮੰਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਘਟਨਾ ਵੀ ਜੌਰਜ ਫਲਾਇਡ ਮਾਮਲੇ ਵਰਗੀ ਸੀ।


Share