ਪੁਲਿਸ ਵੱਲੋਂ ਲਾਰੈਂਸ ਬਿਸ਼ਨੋਈ ਗਰੋਹ ਦੇ ਚਾਰ ਮੈਂਬਰ ਗ੍ਰਿਫਤਾਰ; ਇਕ ਫ਼ਰਾਰ

41
ਕਾਬੂ ਕੀਤੇ ਗਏ ਗੈਂਗਸਟਰਾਂ ਬਾਰੇ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਰੂਪਨਗਰ ਵਿਵੇਕਸ਼ੀਲ ਸੋਨੀ।

ਮੁਲਜ਼ਮਾਂ ਕੋਲੋਂ ਤਿੰਨ ਪਿਸਤੌਲਾਂ, 22 ਕਾਰਤੂਸ ਤੇ ਲੋਹੇ ਦੀਆਂ ਰਾਡਾਂ ਬਰਾਮਦ
ਰੂਪਨਗਰ, 28 ਨਵੰਬਰ (ਪੰਜਾਬ ਮੇਲ)- ਰੂਪਨਗਰ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਚਾਰ ਗੈਂਗਸਟਰਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ, ਜਦੋਂਕਿ ਇਨ੍ਹਾਂ ਦਾ ਇੱਕ ਸਾਥੀ ਫਰਾਰ ਹੋਣ ਵਿਚ ਸਫਲ ਹੋ ਗਿਆ। ਐੱਸ.ਐੱਸ.ਪੀ. ਰੂਪਨਗਰ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ 26 ਨਵੰਬਰ ਨੂੰ ਐੱਸ.ਪੀ. (ਡਿਟੈਕਟਿਵ) ਮਨਿੰਦਰਵੀਰ ਸਿੰਘ ਅਤੇ ਡੀ.ਐੱਸ.ਪੀ. (ਡਿਟੈਕਟਿਵ) ਰੂਪਨਗਰ ਤਲਵਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਸੀ.ਆਈ.ਏ. ਰੂਪਨਗਰ ਦੇ ਇੰਚਾਰਜ ਇੰਸਪੈਕਟਰ ਸਤਨਾਮ ਸਿੰਘ ਦੀ ਟੀਮ ਵੱਲੋਂ ਕੁਲਦੀਪ ਸਿੰਘ ਕੈਰੀ, ਕੁਲਵਿੰਦਰ ਸਿੰਘ ਟਿੰਕਾ, ਸਤਵੀਰ ਸਿੰਘ ਉਰਫ ਸ਼ੰਮੀ ਅਤੇ ਬੇਅੰਤ ਸਿੰਘ ਨੂੰ ਤਿੰਨ ਪਿਸਤੌਲਾਂ, 22 ਕਾਰਤੂਸ, ਇੱਕ ਕ੍ਰਿਪਾਨ ਅਤੇ 12 ਲੋਹੇ ਦੀਆਂ ਰਾਡਾਂ ਸਮੇਤ ਕਾਬੂ ਕੀਤਾ ਗਿਆ ਹੈ। ਮੁਲਜ਼ਮ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ‘ਚ ਸਨ। ਕੁਲਦੀਪ ਸਿੰਘ ਕੈਰੀ, ਕੁਲਵਿੰਦਰ ਸਿੰਘ ਟਿੰਕਾ ਅਤੇ ਸਤਵੀਰ ਸਿੰਘ ਉਰਫ ਸ਼ੰਮੀ ਖਿਲਾਫ ਪਹਿਲਾਂ ਵੀ ਕੇਸ ਦਰਜ ਹਨ। ਮੁਲਜ਼ਮ ਇੱਕ ਵਿਅਕਤੀ ਦੇ ਪੱਟ ਵਿਚ ਗੋਲੀ ਮਾਰ ਕੇ ਫਰਾਰ ਹੋਏ ਸਨ। ਮੁਲਜ਼ਮਾਂ ਦਾ ਦੋ ਦਿਨ ਦਾ ਰਿਮਾਂਡ ਹਾਸਲ ਕਰਨ ਉਪਰੰਤ ਸਖਤੀ ਨਾਲ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ ਅਤੇ ਇਨ੍ਹਾਂ ਪਾਸੋਂ ਹੋਰ ਅਹਿਮ ਖੁਲਾਸੇ ਹੋਣ ਦੀ ਆਸ ਹੈ।