ਪੁਲਿਸ ਵੱਲੋਂ ਗੈਂਗਸਟਰ ਵਿਕਾਸ ਦੂਬੇ ਮੱਧ ਪ੍ਰਦੇਸ਼ ਦੇ ਉੱਜੈਨ ਤੋਂ ਗ੍ਰਿਫ਼ਤਾਰ

566
Share

ਯੂ.ਪੀ. ‘ਚ ਦੂਬੇ ਦੇ ਦੋ ਸਾਥੀ ਪੁਲਿਸ ਮੁਕਾਬਲੇ ‘ਚ ਹਲਾਕ
ਭੋਪਾਲ/ਲਖਨਊ, 9 ਜੁਲਾਈ (ਪੰਜਾਬ ਮੇਲ)- ਪੁਲਿਸ ਨੇ ਗੈਂਗਸਟਰ ਵਿਕਾਸ ਦੂਬੇ ਨੂੰ ਅੱਜ ਮੱਧ ਪ੍ਰਦੇਸ਼ ਦੇ ਉੱਜੈਨ ‘ਚੋਂ ਗ੍ਰਿਫ਼ਤਾਰ ਕਰ ਲਿਆ ਹੈ। ਦੂਬੇ, ਪਿਛਲੇ ਦਿਨੀਂ ਕਾਨਪੁਰ ਦੇ ਚੌਬੇਪੁਰ ਖੇਤਰ ‘ਚ ਬਿਕਰੂ ਪਿੰਡ ‘ਚ ਘੇਰਾ ਪਾ ਕੇ ਅੱਠ ਪੁਲਿਸ ਮੁਲਾਜ਼ਮਾਂ ਦੀ ਕੀਤੀ ਹੱਤਿਆ ਲਈ ਲੋੜੀਂਦਾ ਸੀ। ਦੂਬੇ ਨੂੰ ਬੀਤੇ ਦਿਨ ਹਰਿਆਣਾ ਦੇ ਫਰੀਦਾਬਾਦ ਵਿਚ ਵੇਖਿਆ ਗਿਆ ਸੀ। ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਦੂਬੇ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਗੈਂਗਸਟਰ ਇਸ ਵੇਲੇ ਉੱਜੈਨ ਪੁਲਿਸ ਦੀ ਹਿਰਾਸਤ ਵਿਚ ਹੈ। ਦੂਬੇ ਦੀ ਗ੍ਰਿਫ਼ਤਾਰੀ ਲਈ ਪੰਜ ਲੱਖ ਦਾ ਇਨਾਮ ਸੀ। ਉਂਜ ਅਜੇ ਇਹ ਪੁਸ਼ਟੀ ਨਹੀਂ ਹੋ ਸਕੀ ਕਿ ਗੈਂਗਸਟਰ ਨੂੰ ਮਹਾਕਾਲ ਮੰਦਰ ਦੇ ਅੰਦਰੋਂ ਜਾਂ ਬਾਹਰੋਂ, ਕਿੱਥੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੌਰਾਨ ਉੱਤਰ ਪ੍ਰਦੇਸ਼ ਵਿਚ ਦੋ ਵੱਖੋ-ਵੱਖਰੇ ਮੁਕਾਬਲਿਆਂ ‘ਚ ਦੂਬੇ ਦੇ ਦੋ ਹੋਰ ਸਾਥੀ ਮਾਰੇ ਗਏ ਹਨ। ਕਾਰਤੀਕੇ ਉਰਫ਼ ਪ੍ਰਭਾਤ ਕਾਨਪੁਰ ਵਿਚ ਪੁਲਿਸ ਦੀ ਹਿਰਾਸਤ ‘ਚੋਂ ਫਰਾਰ ਹੋਣ ਮੌਕੇ ਮਾਰਿਆ ਗਿਆ ਤੇ ਪ੍ਰਵੀਨ ਉਰਫ਼ ਬਊਵਾ ਦੂਬੇ ਇਟਾਵਾ ਵਿਚ ਪੁਲਿਸ ਦੀ ਗੋਲੀ ਨਾਲ ਮਾਰਿਆ ਗਿਆ। ਕਾਰਤੀਕੇ ਨੂੰ ਪੁਲਿਸ ਨੇ ਬੁੱਧਵਾਰ ਨੂੰ ਫਰੀਦਾਬਾਦ ਤੋਂ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੂੰ ਉਸ ਨੂੰ ਟਰਾਂਜ਼ਿਟ ਰਿਮਾਂਡ ‘ਤੇ ਕਾਨਪੁਰ ਲੈ ਕੇ ਆ ਰਹੀ ਸੀ। ਦੂਬੇ ਦਾ ਇਕ ਹੋਰ ਸਾਥੀ ਅਮਰ ਦੂਬੇ ਬੀਤੇ ਦਿਨ ਉੱਤਰ ਪ੍ਰਦੇਸ਼ ਦੇ ਹਮੀਰਪੁਰ ‘ਚ ਮਾਰਿਆ ਗਿਆ ਸੀ।

ਉਜੈਨ ਮੰਦਰ ‘ਚ ਦੱਸੀ ਪਛਾਣ: ਕਿਹਾ: ‘ਮੈਂ ਹੂੰ ਵਿਕਾਸ ਦੂਬੇ ਕਾਨਪੁਰਵਾਲਾ’
ਲਖਨਊ : ਪੁਲਿਸ ਨੇ ਗੈਂਗਸਟਰ ਵਿਕਾਸ ਦੂਬੇ ਨੂੰ ਉੱਜੈਨ ਦੇ ਮਹਾਕਾਲ ਮੰਦਰ ‘ਚੋਂ ਗ੍ਰਿਫ਼ਤਾਰ ਕੀਤਾ ਤਾਂ ਉਸ ਨੇ ਸੰਜੈ ਦੱਤ ਦੀ ਫ਼ਿਲਮ ‘ਖਲਨਾਇਕ’ ਦੇ ਅੰਦਾਜ਼ ‘ਚ ਐਲਾਨ ਕੀਤਾ, ‘ਮੈਂ ਹੂੰ ਵਿਕਾਸ ਦੂਬੇ ਕਾਨਪੁਰਵਾਲਾ।’ ਦੂਬੇ ਪਿਛਲੇ ਇਕ ਹਫ਼ਤੇ ਤੋਂ ਲੋੜੀਂਦਾ ਸੀ। ਪੁਲਿਸ ਨੇ ਉਹਦੀ ਗ੍ਰਿਫ਼ਤਾਰੀ ਲਈ ਦਿੱਲੀ, ਹਰਿਆਣਾ ਸਮੇਤ ਕਈ ਥਾਈਂ ਛਾਪੇ ਮਾਰੇ, ਪਰ ਹੁਣ ਉਸ ਨੂੰ ਇਥੋਂ ਹਜ਼ਾਰਾਂ ਕਿਲੋਮੀਟਰ ਦੂਰ ਮੱਧ ਪ੍ਰਦੇਸ਼ ਦੇ ਉੱਜੈਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਵਿਕਾਸ ਅੱਜ ਸਵੇਰੇ ਅੱਠ ਵਜੇ ਦੇ ਕਰੀਬ ਮਹਾਕਾਲ ਮੰਦਰ ਪੁੱਜ ਗਿਆ ਸੀ ਤੇ ਉਸ ਨੇ ਉਥੇ ਮੌਜੂਦ ਸੁਰੱਖਿਆ ਬਲਾਂ ਨੂੰ ਆਪਣੀ ਪਛਾਣ ਦੱਸਦਿਆਂ ਪੁਲਿਸ ਨੂੰ ਸੂਚਿਤ ਕਰਨ ਲਈ ਆਖਿਆ। ਵਾਇਰਲ ਹੋਈ ਇਕ ਵੀਡੀਓ ਵਿਚ ਦੂਬੇ ਮੰਦਰ ਦੇ ਅਹਾਤੇ ਵਿਚ ਇਕ ਸੋਫ਼ੇ ‘ਤੇ ਆਰਾਮ ਨਾਲ ਬੈਠਾ ਨਜ਼ਰ ਆ ਰਿਹਾ ਹੈ।


Share