ਪੁਲਿਸ ਵੱਲੋਂ ਗਿ੍ਰਫ਼ਤਾਰ ਖਾਲਿਸਤਾਨ ਟਾਈਗਰ ਫੋਰਸ ਦੇ ਦੋ ਕਾਰਕੁਨਾਂ ਵੱਲੋਂ ਅਹਿਮ ਖੁਲਾਸੇ

120
Share

– ਕੈਨੇਡਾ ਆਧਾਰਿਤ ਕੇ.ਟੀ.ਐੱਫ. ਮੁਖੀ ਦੇ ਇਸ਼ਾਰੇ ’ਤੇ ਕੀਤੀ ਸੀ ਡੇਰਾ ਪ੍ਰੇਮੀ ਦੀ ਹੱਤਿਆ
– ਨਿੱਜਰ ਖ਼ਿਲਾਫ਼ ਅੰਤਰਰਾਸ਼ਟਰੀ ਵਾਰੰਟ ਜਾਰੀ ਕੀਤੇ ਜਾਣਗੇ : ਡੀ.ਜੀ.ਪੀ. ਦਿਨਕਰ ਗੁਪਤਾ
ਮੋਗਾ, 26 ਮਈ (ਪੰਜਾਬ ਮੇਲ)-ਪੁਲਿਸ ਵੱਲੋਂ ਗਿ੍ਰਫ਼ਤਾਰ ਕੀਤੇ ਗਏ ਖਾਲਿਸਤਾਨ ਟਾਈਗਰ ਫੋਰਸ (ਕੇ.ਟੀ.ਐੱਫ.) ਦੇ ਦੋ ਕਾਰਕੁਨਾਂ ਲਵਪ੍ਰੀਤ ਸਿੰਘ ਉਰਫ਼ ਰਵੀ ਅਤੇ ਰਾਮ ਸਿੰਘ ਉਰਫ਼ ਸੋਨੂੰ ਨੇ ਅਹਿਮ ਖੁਲਾਸੇ ਕੀਤੇ ਹਨ। ਉਨ੍ਹਾਂ ਬੇਅਦਬੀਆਂ ਦਾ ਬਦਲਾ ਲੈਣ ਲਈ ਡੇਰਾ ਪ੍ਰੇਮੀ ਦੀ ਹੱਤਿਆ ਕੀਤੀ ਸੀ। ਉਹ ਦੋਵੇਂ ਕੈਨੇਡਾ ਆਧਾਰਿਤ ਕੇ.ਟੀ.ਐੱਫ. ਮੁਖੀ ਹਰਦੀਪ ਸਿੰਘ ਨਿੱਜਰ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਹੇ ਸਨ। ਨਿੱਜਰ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗੈਂਗਸਟਰ ਸੁੱਖਾ ਲੰਮੇ ਨੂੰ ਜ਼ਹਿਰ ਦੇ ਕੇ ਮਾਰਨ ਮਗਰੋਂ ਉਸ ਦੀ ਲਾਸ਼ ਦੌਧਰ ਨਹਿਰ ’ਚ ਰੋੜ੍ਹ ਦਿੱਤੀ ਗਈ ਸੀ। ਉਨ੍ਹਾਂ ਦਾ ਇਕ ਸਾਥੀ ਕਮਲਜੀਤ ਸ਼ਰਮਾ ਉਰਫ਼ ਕਮਲ ਅਜੇ ਫ਼ਰਾਰ ਹੈ।¿;
ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਗਿ੍ਰਫ਼ਤਾਰ ਕੀਤੇ ਗਏ ਖਾਲਿਸਤਾਨ ਟਾਈਗਰ ਫੋਰਸ ਦੇ ਕਾਰਕੁਨ ਡੇਰਾ ਪ੍ਰੇਮੀ ਦੀ ਹੱਤਿਆ ਅਤੇ ਇਕ ਪੁਜਾਰੀ ’ਤੇ ਗੋਲੀਆਂ ਚਲਾਉਣ ਸਮੇਤ ਕਈ ਘਿਨਾਉਣੇ ਜੁਰਮਾਂ ਵਿਚ ਸ਼ਾਮਲ ਸਨ। ਪੁਲਿਸ ਨੇ ਇਕ ਹੋਰ ਡੇਰਾ ਪ੍ਰੇਮੀ ਦੀ ਹੱਤਿਆ ਕਰਨ ਦੀ ਯੋਜਨਾ ਨੂੰ ਨਾਕਾਮ ਬਣਾ ਦਿੱਤਾ ਹੈ। ਗਿ੍ਰਫ਼ਤਾਰ ਮੁਲਜ਼ਮਾਂ ਕੋਲੋਂ ਤਿੰਨ 0.32 ਬੋਰ ਪਿਸਤੌਲਾਂ, 38 ਕਾਰਤੂਸ, ਇਕ 0.315 ਬੋਰ ਪਿਸਤੌਲ ਅਤੇ 10 ਕਾਰਤੂਸਾਂ ਤੋਂ ਇਲਾਵਾ ਦੋ ਮੈਗਜ਼ੀਨਾਂ ਬਰਾਮਦ ਕੀਤੀਆਂ ਹਨ।
ਡੀ.ਜੀ.ਪੀ. ਨੇ ਦੱਸਿਆ ਕਿ ਨਿੱਜਰ ਤੋਂ ਇਲਾਵਾ ਕੇ.ਟੀ.ਐੱਫ. ਦੇ ਤਿੰਨ ਹੋਰ ਸਹਿ-ਸਾਜ਼ਿਸ਼ਕਰਤਾਵਾਂ ਦੀ ਪਛਾਣ ਅਰਸ਼ਦੀਪ, ਰਮਨਦੀਪ ਅਤੇ ਚਰਨਜੀਤ ਉਰਫ਼ ਰਿੰਕੂ ਬੀਹਲਾ ਵਜੋਂ ਕੀਤੀ ਗਈ ਹੈ। ਇਹ ਸਰੀ (ਬੀ. ਸੀ.) ਵਿਚ ਛੁਪੇ ਹੋਏ ਹਨ। ਸ਼੍ਰੀ ਗੁਪਤਾ ਨੇ ਦੱਸਿਆ ਕਿ ਐੱਸ.ਐੱਸ.ਪੀ. ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਕੀਤੀ ਗਈ ਪੁੱਛ-ਗਿੱਛ ਦੌਰਾਨ ਪਤਾ ਲੱਗਾ ਕਿ ਲਵਪ੍ਰੀਤ ਅਤੇ ਕਮਲਜੀਤ ਪਹਿਲਾਂ ਤੋਂ ਅਰਸ਼ਦੀਪ ਨੂੰ ਜਾਣਦੇ ਸਨ। ਅਰਸ਼ਦੀਪ ਨੇ ਇਨ੍ਹਾਂ ਸਾਰਿਆਂ ਨੂੰ ਵੈਸਟਰਨ ਯੂਨੀਅਨ ਮਨੀ ਟਰਾਂਸਫਰ ਰਾਹੀਂ ਪੈਸੇ ਭੇਜੇ ਸਨ।
ਪਿਛਲੇ ਸਾਲ 20 ਨਵੰਬਰ ਨੂੰ ਸੋਨੂੰ ਅਤੇ ਕਮਲ ਨੇ ਜ਼ਿਲ੍ਹਾ ਬਠਿੰਡਾ ਦੇ ਭਗਤਾ ਭਾਈ ਕਾ ਵਿਖੇ ਡੇਰਾ ਪ੍ਰੇਮੀ ਮਨੋਹਰ ਲਾਲ ਦੀ ਹੱਤਿਆ ਕੀਤੀ ਸੀ। ਡੀ.ਜੀ.ਪੀ. ਨੇ ਦੱਸਿਆ ਕਿ ਸੋਨੂੰ ਨੇ ਮਨੋਹਰ ਲਾਲ ’ਤੇ 3-4 ਗੋਲੀਆਂ ਚਲਾਈਆਂ ਸਨ, ਜਦਕਿ ਕਮਲ ਨੇ ਵੀ ਫਾਇਰ ਕੀਤੇ ਸਨ।
ਇਸ ਸਾਲ 31 ਜਨਵਰੀ ਨੂੰ ਫਿਲੌਰ (ਜਲੰਧਰ ਦਿਹਾਤੀ) ਦੇ ਪਿੰਡ ਭਾਰਸਿੰਘਪੁਰਾ ’ਚ ਇਕ ਪੁਜਾਰੀ ਕਮਲਦੀਪ ਸ਼ਰਮਾ ਉੱਤੇ ਗੋਲੀਬਾਰੀ ਵਿਚ ਸੋਨੂੰ ਅਤੇ ਕਮਲ ਵੀ ਸ਼ਾਮਲ ਸਨ। ਸ਼ੱਕ ਹੈ ਕਿ ਇਹ ਹਮਲਾ ਵੀ ਨਿੱਜਰ ਦੇ ਨਿਰਦੇਸ਼ਾਂ ’ਤੇ ਕੀਤਾ ਗਿਆ ਸੀ। ਪਿਛਲੇ ਸਾਲ ਸਤੰਬਰ ਵਿਚ ਨਿੱਜਰ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਤਵਾਦੀ ਠਹਿਰਾਇਆ ਸੀ ਅਤੇ ਐੱਨ.ਆਈ.ਏ. ਨੇ ਯੂ.ਏ.ਪੀ.ਏ. ਦੀ ਧਾਰਾ 51-ਏ ਤਹਿਤ ਉਸ ਦੀ ਜਾਇਦਾਦ ਜ਼ਬਤ ਕਰ ਲਈ ਸੀ। ਕਮਲ, ਰਵੀ ਅਤੇ ਅਰਸ਼ਦੀਪ (ਜੋ ਉਸ ਸਮੇਂ ਭਾਰਤ ਆਇਆ ਹੋਇਆ ਸੀ) ਨੇ ਪਿਛਲੇ ਸਾਲ 27 ਜੂਨ ਨੂੰ ਆਪਣੇ ਸਾਥੀ ਸੁੱਖਾ ਲੰਮਾ ਦੀ ਹੱਤਿਆ ਕਰ ਦਿੱਤੀ ਸੀ। ਉਨ੍ਹਾਂ ਪਿੰਡ ਡਾਲਾ ਦੇ ਇਕ ਬੇਆਬਾਦ ਮਕਾਨ ਵਿਚ ਸੁੱਖੇ ਨੂੰ ਜ਼ਹਿਰ ਦਿੱਤਾ ਅਤੇ ਫਿਰ ਉਸ ਦਾ ਚਿਹਰਾ ਸਾੜਨ ਤੋਂ ਬਾਅਦ ਲਾਸ਼ ਨੂੰ ਪੂਲ ਮਾਧੋਕੇ ਵਿਖੇ ਦੌਧਰ ਨਹਿਰ ਵਿਚ ਸੁੱਟ ਦਿੱਤਾ। ਇਸ ਤੋਂ ਪਹਿਲਾਂ 25 ਜੂਨ ਨੂੰ ਰਵੀ, ਕਮਲ ਅਤੇ ਸੁੱਖਾ ਨੇ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਪਿੰਡ ਲੰਮਾ ਜੱਟ ਪੁਰਾ ਵਿਖੇ ਮਾਨ ਦੀ ਰਿਹਾਇਸ਼ ’ਤੇ ਫਾਇਰਿੰਗ ਵੀ ਕੀਤੀ ਸੀ। ਕੁਝ ਦਿਨਾਂ ਬਾਅਦ 14 ਜੁਲਾਈ ਨੂੰ ਰਵੀ ਅਤੇ ਕਮਲ ਨੇ ਮੋਗਾ ਸ਼ਹਿਰ ਦੇ ਲੋਕਾਂ ਦਾ ਸ਼ੋਸ਼ਣ ਕਰਨ, ਫਿਰੌਤੀ ਲੈਣ ਅਤੇ ਦਹਿਸ਼ਤ ਪੈਦਾ ਕਰਨ ਲਈ ਸੁਪਰ ਸ਼ਾਈਨ ਕੱਪੜੇ ਦੇ ਸਟੋਰ ਦੇ ਮਾਲਕ ਤੇਜਿੰਦਰ ਉਰਫ਼ ਪਿੰਕਾ ਦੀ ਹੱਤਿਆ ਕੀਤੀ ਸੀ। ਜਾਂਚ ਵਿਚ ਪਤਾ ਲੱਗਾ ਕਿ ਰਵੀ ਨੇ ਪਿੰਕਾ ’ਤੇ ਫਾਇਰਿੰਗ ਕੀਤੀ ਸੀ ਅਤੇ ਕਮਲ ਦੁਕਾਨ ਦੇ ਬਾਹਰ ਖੜ੍ਹਾ ਸੀ। ਇਸ ਸਾਲ 9 ਫਰਵਰੀ ਨੂੰ ਰਵੀ ਅਤੇ ਸੋਨੂੰ ਨੇ ਸ਼ਰਮਾ ਸਵੀਟਸ, ਮੋਗਾ ਦੇ ਮਾਲਕ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਸੀ।
ਡੀ.ਜੀ.ਪੀ. ਨੇ ਕਿਹਾ ਕਿ ਨਿੱਜਰ ਖ਼ਿਲਾਫ਼ ਹੁਣ ਅੰਤਰਰਾਸ਼ਟਰੀ ਵਾਰੰਟ ਜਾਰੀ ਕੀਤੇ ਜਾਣਗੇ ਅਤੇ ਕੈਨੇਡਾ ਆਧਾਰਿਤ ਹੋਰ ਕੱਟੜਪੰਥੀਆਂ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤੇ ਜਾਣਗੇ। ਸ਼੍ਰੀ ਗੁਪਤਾ ਨੇ ਕਿਹਾ ਕਿ ਸਰਕਾਰ ਮੁਕੱਦਮਾ ਚਲਾਉਣ ਅਤੇ ਅਪਰਾਧਿਕ ਕਾਰਵਾਈਆਂ ਲਈ ਉਨ੍ਹਾਂ ਨੂੰ ਭਾਰਤ ਭੇਜਣ ਦੀ ਅਪੀਲ ਵੀ ਕਰੇਗੀ।

Share