ਪੁਲਿਸ ਵੱਲੋਂ ਕਿਸਾਨਾਂ ਨੂੰ ਦਿੱਲੀ ਆਉਣ ਤੋਂ ਰੋਕਣ ਲਈ ਕੀਤੀ ਘੇਰਾਬੰਦੀ

443
Share

ਨਵੀਂ ਦਿੱਲੀ, 2 ਫਰਵਰੀ (ਪੰਜਾਬ ਮੇਲ)- ਖੇਤੀ ਕਾਨੂੰਨਾਂ ਦਾ ਦਿੱਲੀ ਦੇ ਸਿੰਘੂ, ਟਿਕਰੀ ਤੇ ਗਾਜ਼ੀਪੁਰ ਬਾਰਡਰਾਂ ’ਤੇ ਦੋ ਮਹੀਨੇ ਤੋਂ ਵੱਧ ਸਮੇਂ ਤੋਂ ਸ਼ਾਂਤਮਈ ਢੰਗ ਨਾਲ ਵਿਰੋਧ ਕਰ ਰਹੇ ਕਿਸਾਨਾਂ ਨੂੰ ਦਿੱਲੀ ਪੁਲਿਸ ਨੇ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ ਹੈ। ਪੁਲਿਸ ਨੇ ਟਿਕਰੀ ਤੋਂ ਬਾਅਦ ਹੁਣ ਸਿੰਘੂ ਤੇ ਗਾਜ਼ੀਪੁਰ ਦੇ ਧਰਨਿਆਂ ਵੱਲ ਜਾਂਦੇ ਰਾਹਾਂ ’ਚ ਸੀਮਿੰਟ ਦੇ ਵੱਡੇ ਬਲਾਕ ਸੜਕਾਂ ’ਤੇ ਰੱਖ ਕੇ ਉੱਪਰ ਕੰਡਿਆਲੀ ਤਾਰ ਬੰਨ੍ਹ ਦਿੱਤੀ ਹੈ। ਸੜਕਾਂ ਪੁੱਟ ਕੇ ਉਨ੍ਹਾਂ ਉਪਰ ਲੋਹੇ ਦੇ ਮੋਟੇ ਤਿੱਖੇ ਕਿੱਲ ਸੀਮਿੰਟ ਨਾਲ ਜੜ ਦਿੱਤੇ ਗਏ ਹਨ, ਤਾਂ ਕਿ ਕਿਸਾਨ ਟਰੈਕਟਰ ਜਾਂ ਹੋਰ ਕੋਈ ਗੱਡੀ ਲੈ ਕੇ ਦਿੱਲੀ ਵੱਲ ਨਾ ਵਧ ਸਕਣ। ਸੀਮਿੰਟ ਦੇ ਬਲਾਕਾਂ ਨੂੰ ਸਰੀਏ ਪਾ ਦਿੱਤੇ ਗਏ ਹਨ। ਰੋਕਾਂ ਖੜ੍ਹੀਆਂ ਕਰ ਦਿੱਤੀਆਂ ਹਨ, ਤਾਂ ਕਿ ਕਿਸਾਨ ਦਿੱਲੀ ਵਿਚ ਦਾਖ਼ਲ ਨਾ ਹੋ ਸਕਣ। ਦਿੱਲੀ ਪੁਲਿਸ ਵੱਲੋਂ ਕੀਤੇ ਸੁਰੱਖਿਆ ਬੰਦੋਬਸਤਾਂ ’ਤੇ ਕਾਂਗਰਸੀ ਆਗੂਆਂ ਰਾਹੁਲ ਗਾਂਧੀ ਤੇ ਪਿ੍ਰਯੰਕਾ ਗਾਂਧੀ ਨੇ ਤਿੱਖੇ ਵਿਅੰਗ ਕੱਸੇ ਹਨ। ਪਿ੍ਰਯੰਕਾ ਨੇ ਕਿਹਾ, ‘ਪ੍ਰਧਾਨ ਮੰਤਰੀ ਜੀ, ਆਪਣੇ ਹੀ ਕਿਸਾਨਾਂ ਨਾਲ ਯੁੱਧ?’ ਰਾਹੁਲ ਗਾਂਧੀ ਨੇ ਚਾਰ ਫੋਟੋਆਂ ਸਾਂਝੀਆਂ ਕੀਤੀਆਂ ਤੇ ਕੇਂਦਰ ਸਰਕਾਰ ਨੂੰ ਚੋਭ ਲਾਈ ਕਿ ‘ਭਾਰਤ ਸਰਕਾਰ ਪੁਲ਼ ਬਣਾਉਂਦੀ ਹੈ, ਨਾ ਕਿ ਕੰਧਾਂ (ਰੋਕਾਂ) ਉਸਾਰਦੀ ਹੈ।’

Share