ਪੁਲਿਸ, ਬੀਜੇਪੀ ਤੇ ਆਰਐਸਐਸ ਦੇ ਲੋਕ ਅੰਦੋਲਨ ਖ਼ਤਮ ਕਰਨ ਦੀਆਂ ਰਚ ਰਹੇ ਸਾਜ਼ਿਸ਼ਾਂ : ਸੰਯੁਕਤ ਕਿਸਾਨ ਮੋਰਚਾ

329
Share

ਨਵੀਂ ਦਿੱਲੀ, 29 ਜਨਵਰੀ (ਪੰਜਾਬ ਮੇਲ)- ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਬੀਜੇਪੀ ਸਰਕਾਰ ਹੁਣ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਵਿਰੁੱਧ ਚੱਲ ਰਹੇ ਸ਼ਾਂਤਮਈ ਕਿਸਾਨ ਅੰਦੋਲਨ ਨੂੰ “ਸੰਪ੍ਰਦਾਈ” ਰੰਗ ਦੇ ਰਹੀ ਹੈ। ਪਿਛਲੇ 3 ਦਿਨਾਂ ਤੋਂ ਸਰਕਾਰ ਨੇ ਜਿਸ ਤਰ੍ਹਾਂ ਗਾਜ਼ੀਪੁਰ ਸਰਹੱਦ ਅਤੇ ਸਿੰਘੂ ਸਰਹੱਦ ‘ਤੇ ਮਾਹੌਲ ਖਰਾਬ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਹੈ, ਉਸ ਤੋਂ ਸਾਬਤ ਹੁੰਦਾ ਹੈ ਕਿ ਪੁਲਿਸ ਅਤੇ ਭਾਜਪਾ-ਆਰਐਸਐਸ ਦੇ ਲੋਕ ਇਸ ਅੰਦੋਲਨ ਨੂੰ ਖ਼ਤਮ ਕਰਨ ਦੀ ਸਖ਼ਤ ਸਾਜ਼ਿਸ਼ ਰਚ ਰਹੇ ਹਨ। ਉਨ੍ਹਾਂ ਦੱਸਿਆ ਇਸ ਤਰ੍ਹਾਂ ਦੀਆਂ ਅਸਫਲ ਕੋਸ਼ਿਸ਼ਾਂ ਟਿਕਰੀ ਬਾਰਡਰ ‘ਤੇ ਵੀ ਕੀਤੀਆਂ ਗਈਆਂ ਸਨ।

ਸੰਯੁਕਤ ਕਿਸਾਨ ਮੋਰਚਾ ਗਾਜੀਪੁਰ ਦੀ ਸਰਹੱਦ ‘ਤੇ ਪਹੁੰਚੇ ਕਿਸਾਨਾਂ ਦੇ ਪਿਆਰ ਅਤੇ ਸਤਿਕਾਰ ਦਾ ਧੰਨਵਾਦੀ ਹੈ। ਸਰਕਾਰ ਅਤੇ ਕਈ ਸੰਸਥਾਵਾਂ ਦਾਅਵਾ ਕਰ ਰਹੀਆਂ ਸਨ ਕਿ ਕੱਲ੍ਹ ਸ਼ਾਮ ਤੱਕ ਗਾਜੀਪੁਰ ਧਰਨਾ ਬੰਦ ਕਰ ਦਿੱਤਾ ਜਾਵੇਗਾ, ਪਰ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਕਿਸਾਨਾਂ ਨੇ ਫਿਰ ਇਹ ਸਾਬਤ ਕਰ ਦਿੱਤਾ ਹੈ ਕਿ ਕਿਸਾਨਾਂ ਦੇ ਹੌਂਸਲੇ ਬੁਲੰਦ ਹਨ।

ਸੰਯੁਕਤ ਕਿਸਾਨ ਮੋਰਚਾ ਵੱਲੋਂ ਪ੍ਰਸਤਾਵਿਤ ਮਹਾਤਮਾ ਗਾਂਧੀ ਜੀ ਦੇ ਸ਼ਹੀਦੀ ਦਿਹਾੜੇ ‘ਤੇ, ਦਿੱਲੀ ਦੀਆਂ ਸਰਹੱਦਾਂ ‘ਤੇ ਅਤੇ ਭਾਰਤ ਭਰ ਵਿਚ ਚੱਲ ਰਹੇ ਧਰਨਿਆਂ ਤੇ ਇਕ ਰੋਜ਼ਾ ਵਰਤ ਰੱਖਕੇ “ਸਦਭਾਵਨਾ ਦਿਵਸ” ਮਨਾਇਆ ਜਾਵੇਗਾ। ਕਿਸਾਨੀ ਲਹਿਰ ਸ਼ਾਂਤਮਈ ਸੀ ਅਤੇ ਸ਼ਾਂਤਮਈ ਰਹੇਗੀ।

ਇਹ ਵੀ ਕਿਹਾ ਗਿਆ ਕਿ 30 ਜਨਵਰੀ ਨੂੰ ਹੋਣ ਵਾਲੇ ਸਮਾਗਮ ਸੱਚ ਅਤੇ ਅਹਿੰਸਾ ਦੀਆਂ ਕਦਰਾਂ ਕੀਮਤਾਂ ਨੂੰ ਫੈਲਾਉਣ ਲਈ ਆਯੋਜਿਤ ਕੀਤੇ ਜਾਣਗੇ। ਜਿਸ ਤਰੀਕੇ ਨਾਲ ਸਰਕਾਰ ਯੋਜਨਾਬੱਧ ਝੂਠ ਅਤੇ ਹਿੰਸਾ ਫੈਲਾ ਰਹੀ ਹੈ, ਉਸਦੀ ਨਿਖੇਧੀ ਸ਼ਾਂਤਮਈ ਢੰਗ ਨਾਲ ਕੀਤੀ ਜਾਵੇਗੀ।

ਸੰਯੁਕਤ ਮੋਰਚੇ ਨੇ ਹਰਿਆਣੇ ਦੀਆਂ ਗ੍ਰਾਮ ਪੰਚਾਇਤਾਂ ਦੀ ਸਰਗਰਮ ਭਾਗੀਦਾਰੀ ਦੀ ਪ੍ਰਸ਼ੰਸ਼ਾ ਕੀਤੀ ਅਤੇ ਮਾਣ ਮਹਿਸੂਸ ਕੀਤਾ ਜੋ ਕਿ ਦਿੱਲੀ ਵਿਖੇ ਵਿਰੋਧ ਸਥਾਨਾਂ ਵਿੱਚ ਸ਼ਾਮਲ ਹੋਣ ਲਈ ਮਤੇ ਪਾਸ ਕਰ ਰਹੇ ਹਨ ਅਤੇ ਹੋਰ ਸਹਾਇਤਾ ਦੇ ਰਹੇ ਹਨ।


Share