ਪੁਲਾੜ ’ਚ ਬੇਕਾਬੂ ਹੋਇਆ ਚੀਨੀ ਰਾਕਟ ਲਾਂਗਮਾਰਚ 5-ਬੀ ਧਰਤੀ ’ਤੇ ਆਉਣ ਸਮੇਂ ਮਚਾ ਸਕਦੈ ਤਬਾਹੀ

136
Share

ਯੂ. ਐੱਸ.-ਚਿੱਲੀ ’ਚ ਡਿੱਗਣ ਦੀ ਸੰਭਾਵਨਾ
ਬੀਜਿੰਗ, 6 ਮਈ (ਪੰਜਾਬ ਮੇਲ)- ਚੀਨ ਤੋਂ ਕਥਿਤ ਤੌਰ ’ਤੇ ਪੈਦਾ ਹੋਈ ਕੋਰੋਨਾ ਮਹਾਮਾਰੀ ਤੋਂ ਪ੍ਰੇਸ਼ਾਨ ਦੁਨੀਆਂ ਦੀ ਚਿੰਤਾ ਹੁਣ ਚੀਨ ਦੇ ਰਾਕੇਟ ਨੇ ਵਧਾ ਦਿੱਤੀ ਹੈ। ਬੇਕਾਬੂ ਹੋ ਚੁੱਕੇ ਚੀਨੀ ਰਾਕਟ ਲਾਂਗਮਾਰਚ 5-ਬੀ ਧਰਤੀ ’ਤੇ ਆਉਣ ਸਮੇਂ ਤਬਾਹੀ ਮਚਾ ਸਕਦਾ ਹੈ। ਇਸ ਬਾਰੇ ਕੌਮਾਂਤਰੀ ਪੱਧਰ ’ਤੇ ਚਿੰਤਾ ਪ੍ਰਗਟਾਈ ਜਾ ਰਹੀ ਹੈ।
ਅਮਰੀਕੀ ਸਰਕਾਰ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ 21 ਟਨ ਦਾ ਇਹ ਰਾਕਟ ਅੱਠ ਮਈ ਦੇ ਆਸ-ਪਾਸ ਕਦੇ ਵੀ ਧਰਤੀ ਦੇ ਵਾਤਾਵਰਨ ’ਚ ਪ੍ਰਵੇਸ਼ ਕਰ ਸਕਦਾ ਹੈ। ਅਮਰੀਕੀ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਇਸ ਰਾਕੇਟ ਦੇ ਵਾਤਾਵਰਨ ’ਚ ਮੁੜ ਤੋਂ ਪ੍ਰਵੇਸ਼ ਕਰਨ ਦੀ ਸੰਭਾਵਿਤ ਤਰੀਕ ਦੱਸਦੇ ਹੋਏ ਕਿਹਾ ਕਿ ਫਿਲਹਾਲ ਇਹ ਦੱਸਣਾ ਮੁਸ਼ਕਲ ਹੈ ਕਿ ਇਹ ਧਰਤੀ ਦੇ ਵਾਤਾਵਰਣ ’ਚ ਕਿਸ ਇਲਾਕੇ ’ਚ ਪ੍ਰਵੇਸ਼ ਕਰੇਗਾ। ਸਪੇਸ ਟਰੈਕ ’ਤੇ ਇਸ ਰਾਕੇਟ ਦੀ ਸਥਿਤੀ ਬਾਰੇ ਨਿਯਮਿਤ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਬਾਰੇ ਜਿਵੇਂ-ਜਿਵੇਂ ਜਾਣਕਾਰੀ ਮਿਲ ਰਹੀ ਹੈ, ਸਰਕਾਰ ਉਸ ਨੂੰ ਮੁਹੱਈਆ ਕਰਵਾਉਂਦੀ ਜਾ ਰਹੀ ਹੈ। ਕਈ ਹੋਰ ਸੈਟੇਲਾਈਟ ਟਰੈਕਰਸ ਨੇ ਵੀ 100 ਫੁੱਟ ਲੰਬੇ ਅਤੇ 16 ਫੁੱਟ ਚੌੜੇ ਰਾਕਟ ਬਾਰੇ ਦੱਸਿਆ ਹੈ। ਇਸ ਨੂੰ 2021-035ਬੀ ਨਾਂ ਦਿੱਤਾ ਗਿਆ ਹੈ। ਇਹ ਪ੍ਰਤੀ ਸੈਕਿੰਡ ਚਾਰ ਮੀਲ ਦੀ ਰਫ਼ਤਾਰ ਨਾਲ ਯਾਤਰਾ ਕਰ ਰਿਹਾ ਹੈ।
ਅਮਰੀਕਾ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਮਾਈਕ ਹਾਵਰਡ ਨੇ ਕਿਹਾ ਕਿ ਅਮਰੀਕੀ ਸਪੇਸ ਕਮਾਂਡ ਦੀ ਨਿਗਰਾਨੀ ’ਚ ਇਹ ਮਾਮਲਾ ਹੈ। ਚਾਈਨੀਜ਼ ਰਾਕੇਟ ਦੀ ਸਥਿਤੀ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਇਸ ਦੇ ਨਿਊਯਾਰਕ ਜਾਂ ਮੈਡਿ੍ਰਡ ਤੋਂ ਲੈ ਕੇ ਚਿੱਲੀ ਵਿਚਾਲੇ ਕਿਤੇ ਵੀ ਡਿੱਗਣ ਦਾ ਖ਼ਦਸ਼ਾ ਹੈ। ਹਾਲਾਂਕਿ ਇਹ ਸਟੀਕ ਮੁਲਾਂਕਣ ਨਹੀਂ ਹੈ। ਧਰਤੀ ਦੇ ਵਾਤਾਵਰਣ ’ਚ ਇਸ ਦੇ ਦੁਬਾਰਾ ਆਉਣ ਦੇ ਕੁਝ ਘੰਟੇ ਪਹਿਲਾਂ ਹੀ ਪਤਾ ਲੱਗ ਸਕੇਗਾ ਕਿ ਇਹ ਕਿਸ ਜਗ੍ਹਾ ਡਿੱਗੇਗਾ। ਪਿਛਲੇ ਹਫ਼ਤੇ ਪੁਲਾੜ ’ਚ ਚੀਨ ਦੇ ਸਪੇਸ ਸਟੇਸ਼ਨ ਦੇ ਪਹਿਲੇ ਬਿਲਡਿੰਗ ਬਲਾਕ ਤਿਆਨਹੇ ਨੂੰ ਭੇਜਣ ਲਈ ਲਾਂਗਮਾਰਚ 5ਬੀ ਦੀ ਵਰਤੋਂ ਕੀਤੀ ਗਈ ਸੀ। ਤਿਆਨਹੇ ਨੂੰ ਚੀਨ ਦੇ ਹੈਨਾਨ ਸੂਬੇ ਸਥਿਤ ਸੈਂਟਰ ਤੋਂ ਲਾਂਗਮਾਰਚ 5ਬੀ ਜ਼ਰੀਏ 29 ਅਪ੍ਰੈਲ ਨੂੰ ਲਾਂਚ ਕੀਤਾ ਗਿਆ ਸੀ। ਇਹ ਚੀਨ ਦਾ ਸਭ ਤੋਂ ਵੱਡਾ ਕਰੀਅਰ ਰਾਕੇਟ ਹੈ। ਉਧਰ, ਚੀਨ ਨੇ ਇਸ ਖ਼ਦਸ਼ੇ ਤੋਂ ਇਨਕਾਰ ਕੀਤਾ ਹੈ ਤੇ ਉਸ ਦਾ ਕਹਿਣ ਹੈ ਕਿ ਇਹ ਸਮੁੰਦਰੀ ਹਿੱਸੇ ’ਚ ਹੀ ਡਿੱਗੇਗਾ ਅਤੇ ਇਸ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ।

Share