ਫਰਿਜ਼ਨੋ (ਕੈਲੀਫੋਰਨੀਆ), 2 ਅਕਤੂਬਰ (ਗੁਰਿੰਦਰਜੀਤ ਨੀਟਾ ਮਾਛੀਕੇ/ਪੰਜਾਬ ਮੇਲ)- ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਵੀਰਵਾਰ ਨੂੰ ਪੁਲਸ ਦੀ ਧੱਕੇਸ਼ਾਹੀ ਰੋਕਣ ਅਤੇ ਲੋਕਾਂ ਨੂੰ ਜ਼ਿਆਦਾ ਸੁਰੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕਈ ਬਿੱਲਾਂ ‘ਤੇ ਦਸਤਖ਼ਤ ਕਰਕੇ ਉਨ੍ਹਾਂ ਨੂੰ ਕਾਨੂੰਨ ਵਿੱਚ ਤਬਦੀਲ ਕੀਤਾ ਹੈ। ਇਹ ਬਿੱਲ ਸਟੇਟ ਨੂੰ ਦੁਰਵਿਹਾਰ ਕਰਨ ਵਾਲੇ ਅਧਿਕਾਰੀਆਂ ਦੇ ਬੈਜ ਹਟਾਉਣ, ਅਧਿਕਾਰੀਆਂ ਦੀ ਘੱਟੋ-ਘੱਟ ਉਮਰ ਨੂੰ ਵਧਾਉਣ ਅਤੇ ਪੁਲਸ ਪ੍ਰਸ਼ਾਸਨ ਵਿੱਚ ਹੋਰ ਸੁਧਾਰ ਕਰਨ ਲਈ ਕਦਮ ਚੁੱਕਣ ਦੀ ਸ਼ਕਤੀ ਦਿੰਦੇ ਹਨ। ਇਹ ਬਿੱਲ ਕਿਸੇ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਸ ਵੱਲੋਂ ਭੀੜ ਲਈ ਵਰਤੀਆਂ ਜਾਂਦੀਆਂ ਰਬੜ ਦੀਆਂ ਗੋਲੀਆਂ ਅਤੇ ਬੀਨਬੈਗ ਰਾਉਂਡ ਵਰਗੀਆਂ ਚੀਜ਼ਾਂ ਦੀ ਵਰਤੋਂ ਨੂੰ ਵੀ ਸੀਮਤ ਕਰਨਗੇ। ਗੈਵਿਨ ਨਿਊਸਮ ਨੇ ਕਿਹਾ ਕਿ ਕੁੱਝ ਸੁਧਾਰ ਲੰਮੇ ਸਮੇਂ ਤੋਂ ਬਕਾਇਆ ਸਨ ਅਤੇ 46 ਹੋਰ ਸੂਬਿਆਂ ਕੋਲ ਪਹਿਲਾਂ ਹੀ ਪੁਲਸ ਅਧਿਕਾਰੀਆਂ ਨੂੰ ਦੁਰਵਿਵਹਾਰ ਤੋਂ ਰੋਕਣ ਦੇ ਅਧਿਕਾਰ ਹਨ।