ਪੁਜਾਰੀਵਾਦ ਨੇ ਕੋਰੋਨਾਵਾਇਰਸ ਦੂਰ ਨਹੀਂ ਕਰਨਾ: ਭਾਈ ਰਣਜੀਤ ਸਿੰਘ ਢੱਡਰੀਆਂ

864
Share

ਮਾਛੀਵਾੜਾ ਸਾਹਿਬ, 17 ਮਾਰਚ (ਪੰਜਾਬ ਮੇਲ)- ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਹੈ ਕਿ ਸਾਡੇ ਸਮਾਜ ‘ਚ ਬੈਠਾ ਪੁਜਾਰੀਵਾਦ, ਬ੍ਰਹਮ ਗਿਆਨੀ ਅਤੇ ਬਾਬੇ ਜੋ ਕਿ ਲੋਕਾਂ ਦੇ ਦੁੱਖ ਕਲੇਸ਼ ਦੂਰ ਕਰਨ ਦਾ ਦਾਅਵਾ ਕਰਦੇ ਹਨ, ਉਹ ਹੁਣ ਭਿਆਨਕ ਬਿਮਾਰੀ ਦਾ ਰੂਪ ਧਾਰਨ ਕਰ ਰਹੇ ਤੇ ਪੀੜਤ ਮਰੀਜ਼ਾਂ ਦਾ ਕੋਰੋਨਾਵਾਇਰਸ ਦੂਰ ਕਰਕੇ ਦਿਖਾਉਣ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਅੱਜ ਕੋਰੋਨਾਵਾਇਰਸ ਸੰਬੰਧੀ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਪਖੰਡ ਕਰਕੇ ਭਰਮਾਉਣ ਵਾਲੇ ਪੁਜਾਰੀਵਾਦ ਨੇ ਕੋਰੋਨਾਵਾਇਰਸ ਦੂਰ ਨਹੀਂ ਕਰਨਾ ਬਲਕਿ ਲੋਕਾਂ ਨੂੰ ਰੱਬ ਰੂਪੀ ਕੁਦਰਤ ਦੇ ਨਿਯਮ ਅਪਣਾ ਅਤੇ ਸਾਵਧਾਨੀ ਵਰਤ ਕੇ ਹੀ ਇਸ ਤੋਂ ਬਚਣਾ ਹੋਵੇਗਾ।
ਉਨ੍ਹਾਂ ਕਿਹਾ ਕਿ ਜੋ ਪੁਜਾਰੀਵਾਦ ਲੋਕਾਂ ਦਾ ਦੁੱਖ ਕਲੇਸ਼ ਦੂਰ ਕਰਨ ਦਾ ਦਾਅਵਾ ਕਰਦਾ ਸੀ, ਉਸਦੇ ਡੇਰੇ ‘ਚ ਅੱਜ ਕੋਰੋਨਾਵਾਇਰਸ ਦੇ ਮਰੀਜ਼ ਵੜਨ ਵੀ ਨਹੀਂ ਦਿੱਤੇ ਜਾਣਗੇ ਕਿਉਂਕਿ ਉਸ ਨੂੰ ਇਹ ਡਰ ਸਤਾਵੇਗਾ ਕਿ ਉਹ ਖੁਦ ਇਸ ਬਿਮਾਰੀ ਦਾ ਸ਼ਿਕਾਰ ਨਾ ਹੋ ਜਾਵੇ। ਭਾਈ ਰਣਜੀਤ ਸਿੰਘ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਕੋਰੋਨਾਵਾਇਰਸ ਬਿਮਾਰੀ ਦਾ ਹੱਲ ਕਰਨ ਲਈ ਜਿੱਥੇ ਵਿਗਿਆਨ, ਡਾਕਟਰ ਰੱਬ ਰੂਪੀ ਕੁਦਰਤ ਦੇ ਨਿਯਮ ਅਪਣਾ ਕੇ ਇਸ ਦਾ ਹੱਲ ਕਰ ਰਹੇ ਹਨ, ਉਥੇ ਉਹ ਵੀ ਇਹ ਨਿਯਮ ਅਪਣਾ ਬਿਮਾਰੀ ਤੋਂ ਬਚਣ। ਭਾਈ ਰਣਜੀਤ ਸਿੰਘ ਨੇ ਇਹ ਵੀ ਕਿਹਾ ਕਿ ਜਦੋਂ ਇਸ ਬਿਮਾਰੀ ਦਾ ਪ੍ਰਕੋਪ ਘੱਟ ਜਾਵੇਗਾ ਤਾਂ ਫਿਰ ਇਹ ਪੁਜਾਰੀਵਾਦ ਦਾਅਵਾ ਕਰੇਗਾ ਕਿ ਉਨ੍ਹਾਂ ਇਸ ਬਿਮਾਰੀ ਨੂੰ ਖਤਮ ਕੀਤਾ ਪਰ ਸੱਚਾਈ ਇਹ ਹੈ ਕਿ ਇਹ ਬਿਮਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਦਰਜ ਗਿਆਨ ਅਤੇ ਡਾਕਟਰਾਂ ਵਲੋਂ ਸਿੱਖੇ ਵਿਗਿਆਨ ਨਾਲ ਹੀ ਖਤਮ ਹੋਵੇਗੀ, ਇਹ ਗਿਆਨ ਤੇ ਵਿਗਿਆਨ ਵੀ ਸਾਨੂੰ ਕੁਦਰਤ ਦੇ ਨਿਯਮਾਂ ਤੋਂ ਹੀ ਪ੍ਰਾਪਤ ਹੋਇਆ ਹੈ।
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਸਿਹਤ ਵਿਭਾਗ ਨੂੰ ਪੱਤਰ ਲਿਖ ਕੇ ਜਾਣੂ ਕਰਵਾਇਆ ਜਾਵੇਗਾ ਕਿ ਪ੍ਰਮੇਸ਼ਵਰ ਦੁਆਰ ਵਿਖੇ 100 ਬਿਸਤਰਿਆਂ ਦਾ ਹਸਪਤਾਲ ਹੈ, ਜੇਕਰ ਕੋਰੋਨਾਵਾਇਰਸ ਬਿਮਾਰੀ ਦਾ ਫੈਲਾਅ ਵੱਧਦਾ ਹੈ ਤਾਂ ਉਸ ਲਈ ਐਮਰਜੈਂਸੀ ਹਾਲਾਤ ‘ਚ ਲੋੜ ਪੈਣ ‘ਤੇ ਇਹ ਹਸਪਤਾਲ ਵੀ ਮਰੀਜ਼ਾਂ ਇਲਾਜ ਲਈ ਖੋਲ੍ਹਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪ੍ਰਮੇਸ਼ਵਰ ਦੁਆਰ ਦੇ ਸੇਵਾਦਾਰ ਸੇਵਾ ਤੇ ਸਿਹਤ ਵਿਭਾਗ ਦੀ ਮੱਦਦ ਲਈ ਹਰ ਸੰਭਵ ਕੋਸ਼ਿਸ਼ ਕਰਨਗੇ।
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਉਪਰ ਕੁੱਝ ਕੁ ਵਿਅਕਤੀਆਂ ਵਲੋਂ ਦੋਸ਼ ਲਗਾਏ ਜਾ ਰਹੇ ਹਨ ਕਿ ਉਹ ਸਿੱਖੀ ਦੀਆਂ ਜੜ੍ਹਾਂ ‘ਚ ਬੈਠ ਰਿਹਾ ਹੈ ਜਦਕਿ ਸੱਚ ਤਾਂ ਇਹ ਹੈ ਕਿ ਉਹ ਸਿੱਖੀ ਨੂੰ ਪ੍ਰਫੁਲਿੱਤ ਕਰ ਰਹੇ ਹਨ ਜਦਕਿ ਪਖੰਡੀ ਪੁਜਾਰੀਵਾਦ ਤੇ ਬਾਬਿਆਂ ਦੀਆਂ ਜੜ੍ਹਾਂ ‘ਚ ਬੈਠ ਰਹੇ ਹਨ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਕੀਤੇ ਜਾ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪ੍ਰਚਾਰ ਕਾਰਨ ਲੋਕਾਂ ਦੇ ਦਿਮਾਗ ਖੁੱਲ੍ਹ ਰਹੇ ਹਨ ਅਤੇ ਪਾਖੰਡੀ ਬਾਬਿਆਂ ਤੇ ਪੁਜਾਰੀਆਂ ਦੀਆਂ ਦੁਕਾਨਦਾਰੀਆਂ ਬੰਦ ਹੋ ਰਹੀਆਂ ਹਨ ਜਿਸ ਕਾਰਨ ਮੇਰੇ ਖਿਲਾਫ਼ ਇਹ ਕੂੜ ਪ੍ਰਚਾਰ ਕਰ ਰਹੇ ਹਨ।


Share