ਪੀ.ਓ.ਕੇ. ’ਚ ਇਮਰਾਨ ਖਾਨ ਦੀ ਪਾਰਟੀ ਪਹਿਲੀ ਵਾਰ ਬਣਾਏਗੀ ਸਰਕਾਰ

916
Share

ਪੀ.ਓ.ਕੇ. ਚੋਣਾਂ ’ਚ ਤਹਿਰੀਕ-ਏ-ਇਨਸਾਫ਼ ਪਾਰਟੀ ਨੂੰ ਮਿਲੀਆਂ ਸਭ ਤੋਂ ਵੱਧ ਸੀਟਾਂ
ਇਸਲਾਮਾਬਾਦ, 27 ਜੁਲਾਈ (ਪੰਜਾਬ ਮੇਲ)- ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (ਪੀਟੀਆਈ) ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ’ਚ ਹੋਈਆਂ ਚੋਣਾਂ ’ਚ ਇਕਲੌਤੀ ਵੱਡੀ ਪਾਰਟੀ ਵਜੋਂ ਉੱਭਰੀ ਹੈ ਅਤੇ ਉੱਥੇ ਆਪਣੀ ਸਰਕਾਰ ਬਣੇਗੀ। ਹਾਲਾਂਕਿ, ਚੋਣਾਂ ’ਚ ਧਾਂਦਲੀ ਅਤੇ ਹਿੰਸਾ ਦੇ ਦੋਸ਼ ਵੀ ਲਾਏ ਗਏ ਹਨ। ਸਥਾਨਕ ਮੀਡੀਆ ਨੇ ਅਣਅਧਿਕਾਰਤ ਨਤੀਜਿਆਂ ਦਾ ਹਵਾਲਾ ਨਾਲ ਇਹ ਜਾਣਕਾਰੀ ਦਿੱਤੀ ਹੈ। ਅਧਿਕਾਰਤ ‘ਰੇਡੀਓ ਪਾਕਿਸਤਾਨ’ ਖ਼ਬਰਾਂ ਅਨੁਸਾਰ ਪੀ.ਟੀ.ਆਈ. ਨੇ 23 ਸੀਟਾਂ ਜਿੱਤੀਆਂ ਹਨ, ਜਦੋਂਕਿ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) 8 ਸੀਟਾਂ ਨਾਲ ਦੂਜੇ ਅਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.), ਜੋ ਇਸ ਵੇਲੇ ਸੱਤਾ ਵਿਚ ਹੈ, ਨੂੰ ਸਿਰਫ 6 ਸੀਟਾਂ ਮਿਲੀਆਂ ਹਨ। ਮੁਸਲਿਮ ਕਾਨਫਰੰਸ (ਐੱਮ.ਸੀ.) ਅਤੇ ਜੰਮੂ ਕਸ਼ਮੀਰ ਪੀਪਲਜ਼ ਪਾਰਟੀ (ਜੇ.ਕੇ.ਪੀ.ਪੀ.) ਨੂੰ ਇੱਕ-ਇੱਕ ਸੀਟ ਮਿਲੀ। ਦੂਜੇ ਪਾਸੇ, ਜੀਓ ਟੀ.ਵੀ. ਨੇ ਰਿਪੋਰਟ ਦਿੱਤੀ ਹੈ ਕਿ ਪੀ.ਟੀ.ਆਈ. ਨੇ 25 ਸੀਟਾਂ ਜਿੱਤੀਆਂ ਹਨ, ਇਸ ਤੋਂ ਬਾਅਦ ਪੀ.ਪੀ.ਪੀ. ਨੇ 9 ਅਤੇ ਪੀ.ਐੱਮ.ਐੱਲ.-ਐੱਨ. ਨੇ 6 ਸੀਟਾਂ ਜਿੱਤੀਆਂ ਹਨ। ਮੁਸਲਿਮ ਕਾਨਫਰੰਸ ਅਤੇ ਜੰਮੂ ਕਸ਼ਮੀਰ ਪੀਪਲਜ਼ ਪਾਰਟੀ ਨੇ ਇਕ-ਇਕ ਸੀਟ ਜਿੱਤੀ। ਪੀ.ਟੀ.ਆਈ. ਨੂੰ ਸਰਕਾਰ ਬਣਾਉਣ ਲਈ ਸਾਧਾਰਨ ਬਹੁਮਤ ਮਿਲਿਆ ਹੈ ਅਤੇ ਕਿਸੇ ਹੋਰ ਪਾਰਟੀ ਦੇ ਸਮਰਥਨ ਦੀ ਜ਼ਰੂਰਤ ਨਹੀਂ ਹੈ। ਇਹ ਪਹਿਲੀ ਵਾਰ ਹੈ, ਜਦੋਂ ਉਹ ਪੀ.ਓ.ਕੇ. ਵਿਚ ਸਰਕਾਰ ਬਣਾਏਗੀ। ਰਵਾਇਤੀ ਤੌਰ ’ਤੇ ਦੇਸ਼ ਦੀ ਸੱਤਾਧਾਰੀ ਪਾਰਟੀ ਹੀ ਪੀ.ਓ.ਕੇ. ਵਿਚ ਚੋਣਾਂ ਜਿੱਤਦੀ ਹੈ।

Share