ਪੀ.ਐੱਲ.ਏ. ਖੋਜਕਰਤਾ ਵੱਲੋਂ ਖੁਲਾਸਾ: ਅਮਰੀਕਾ ਨੇ ਚੀਨ ’ਚ 2 ਹਜ਼ਾਰ ਤੋਂ ਵੱਧ ਜਾਸੂਸੀ ਮਿਸ਼ਨ ਚਲਾਏ

439
Share

ਪੇਈਚਿੰਗ, 30 ਅਕਤੂਬਰ (ਪੰਜਾਬ ਮੇਲ)- ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਦੇ ਇਕ ਖੋਜਕਰਤਾ ਨੇ ਚੀਨੀ ਸੈਨਾ ਦੇ ਇਕ ਸਾਲਾਨਾ ਸੰਮੇਲਨ ’ਚ ਖੁਲਾਸਾ ਕੀਤਾ ਕਿ ਅਮਰੀਕਾ ਦੇ ਜੰਗੀ ਬੇੜਿਆਂ ਤੇ ਜਹਾਜ਼ਾਂ ਨੇ ਇਸ ਸਾਲ ਚੀਨ ’ਚ 2 ਹਜ਼ਾਰ ਤੋਂ ਵੱਧ ਜਾਸੂਸੀ ਮਿਸ਼ਨ ਚਲਾਏ ਹਨ। ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਵਿਚ ਮੌਜੂਦਾ ਦੁਸ਼ਮਨੀ ਦੌਰਾਨ ਅਮਰੀਕਾ ਵੱਲੋਂ ਚਲਾਏ ਗਏ ਜਾਸੂਸੀ ਮਿਸ਼ਨ ਚੀਨ ਦੀ ਸੁਰੱਖਿਆ ਲਈ ਵੱਡਾ ਖਤਰਾ ਹਨ। ਪੀ.ਐੱਲ.ਏ. ਦੀ ਅਕੈਡਮੀ ਆਫ਼ ਮਿਲਟਰੀ ਸਾਇੰਸ ਦੇ ਖੋਜਕਰਤਾ ਕਾਓ ਯਾਨਜੌਂਗ ਨੇ ਕਿਹਾ ਕਿ ਇਨ੍ਹਾਂ ਮਿਸ਼ਨਾਂ ਵਿਚ ਚੀਨ ਦੇ ਕਬਜ਼ੇ ਵਾਲੇ ਸਮੁੰਦਰੀ ਦੀਪਾਂ ਅਤੇ ਵਿਵਾਦਤ ਦੱਖਣੀ ਚੀਨ ਸਾਗਰ ਵਿਚ ਚੱਟਾਨਾਂ ਦੇ ਨਾਲ ਚੀਨ ਦੇ ਤੱਟੀ ਖੇਤਰਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਜਾਸੂਸੀ ਨਾਲ ਚੀਨ ਦੀ ਸੁਰੱਖਿਆ ਨੂੰ ਵੱਡਾ ਖਤਰਾ ਪੈਦਾ ਹੋ ਸਕਦਾ ਹੈ ਤੇ ਖੇਤਰੀ ਤਨਾਅ ਵੀ ਵਧੇਗਾ। ਜ਼ਿਕਰਯੋਗ ਹੈ ਕਿ ਚੀਨ ਤੇ ਅਮਰੀਕਾ ਵਪਾਰ ਸਣੇ ਕਈ ਵਿਸ਼ਿਆਂ ਨੂੰ ਲੈ ਕੇ ਟਕਰਾਅ ਵਿਚ ਉਲਝੇ ਹੋਏ ਹਨ।

Share