ਪੀਐੱਸਯੂ ਵੱਲੋਂ ਚੰਡੀਗੜ੍ਹ ਦੀ ਇੱਕ ਨਿੱਜੀ ਯੂਨੀਵਰਸਿਟੀ ਦੀ ਘਟਨਾ ਦੀ ਜਾਂਚ ਹਾਈ ਕੋਰਟ ਦੇ ਜੱਜ ਤੋਂ ਕਰਵਾਉਣ ਦੀ ਮੰਗ 

33
Share

ਲਾਠੀਚਾਰਜ ਦੀ ਜਾਂਚ ਅਤੇ ਯੂਨੀਵਰਸਿਟੀ ਦੀ ਮੈਨੇਜਮੈਂਟ ਕਮੇਟੀ ਨੂੰ ਸਸਪੈਂਡ ਕਰਨ ਦੀ ਕੀਤੀ ਮੰਗ
ਮਲੇਰਕੋਟਲਾ, 19 ਸਤੰਬਰ (ਦਲਜੀਤ ਕੌਰ ਭਵਾਨੀਗੜ੍ਹ/ਪੰਜਾਬ ਮੇਲ)- ਅੱਜ ਸਰਕਾਰੀ ਆਈ.ਟੀ .ਆਈ ਵਿੱਚ ਚੰਡੀਗੜ੍ਹ ਦੀ ਇੱਕ ਨਿੱਜੀ ਯੂਨੀਵਰਸਿਟੀ ਵਿੱਚ ਵਾਪਰੇ ਵੀਡੀਓ ਕਾਂਡ ਦੇ ਵਿਰੋਧ ਵਿੱਚ ਰੋਸ ਰੈਲੀ ਕੀਤੀ ਗਈ। ਜਿਸ ਵਿੱਚ ਵਿਦਿਆਰਥੀ ਆਗੂ ਕਮਲਦੀਪ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ, ਸਾਰੇ ਘਟਨਾ ਨੂੰ ਵਿਸਥਾਰ ਨਾਲ ਸਮਝਾਇਆ ਕਿ ਕਿਸ ਤਰ੍ਹਾਂ ਯੂਨੀਵਰਸਿਟੀ ਦੀ ਮੈਨੇਜਮੈਂਟ ਕਮੇਟੀ ਅਤੇ ਉੱਥੋਂ ਦਾ ਪ੍ਰਸ਼ਾਸਨ ਮਿਲ ਕੇ ਇਸ ਘਟਨਾ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਵਿਦਿਆਰਥੀਆਂ ਨੂੰ ਜਬਰੀ ਨਜ਼ਰਬੰਦ ਕਰ ਦਿੱਤਾ ਗਿਆ ਹੈ, ਤਾਂ ਜੋ ਇਸ ਘਟਨਾ ਨੂੰ ਦਬਾਇਆ ਜਾ ਸਕੇ।
ਵਿਦਿਆਰਥੀਆਂ ਆਗੂ ਕਿਰਨਪਾਲ ਹਥੋਆ ਨੇ ਕਿਹਾ ਕਿ ਪਿਛਲੀ ਅਤੇ ਮੌਜੂਦਾ ਸਰਕਾਰ ਔਰਤ ਸੁਰੱਖਿਅਤਾ ਲਈ ਬਿਲਕੁਲ ਨਾਕਾਮ ਸਾਬਿਤ ਹੋਈਆਂ ਹਨ। ਚਾਹੇ ਘਰ ਬਾਹਰ ‘ਚ ਯੂਨੀਵਰਸਿਟੀ ਕੈਂਪਸ ਹੋਵੇ। ਔਰਤਾਂ ਨੂੰ ਉੱਥੇ ਵੀ ਸੁਰੱਖਿਆ ਤਾਂ ਮੁਹੱਈਆ ਕਰਵਾਉਣ ਵਿੱਚ ਸਾਡੀਆਂ ਸਰਕਾਰਾਂ ਨਾਕਾਮ ਹਨ ਅਤੇ ਸਰਕਾਰ ਦੇ ਕੀਤੇ ਸਾਰੇ ਵਾਅਦੇ ਖੋਖਲੇ ਹੀ ਨਿਕਲੇ ਹਨ।
ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਸੁਖਦੀਪ ਹਥਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਿਹੜੀ ਘਟਨਾ ਵਾਪਰੀ ਹੈ, ਇਹ ਬਹੁਤ ਹੀ ਨਿੰਦਣਯੋਗ ਹੈੈ।
ਵਿਦਿਆਰਥੀਆਂ ਆਗੂਆਂ ਨੇ ਮੰਗ ਕੀਤੀ ਕਿ ਇਸ ਘਟਨਾ ਦੀ ਸਹੀ ਤਰੀਕੇ ਨਾਲ ਜਾਂਚ ਕੀਤੀ ਜਾਵੇ ਅਤੇ ਹਸਪਤਾਲ ਵਿੱਚ ਦਾਖ਼ਲ ਕੁੜੀਆਂ ਨੂੰ ਮੁਆਵਜਾ ਦਿੱਤਾ ਜਾਵੇ, ਲਾਠੀਚਾਰਜ ਦੀ ਜਾਂਚ ਕੀਤੀ ਜਾਵੇ, ਸਾਰੇ ਹੋਸਟਲ ਦੇ ਵਾਰਡਨ ਬਦਲੇ ਜਾਣ, ਪੁਲਸ ਜਾਂਚ ਵਿਚ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਜਾਵੇ ਅਤੇ ਜਾਂਚ ਹਾਈ ਕੋਰਟ ਦੇ ਜੱਜ ਤੋਂ ਕਰਵਾਈ ਜਾਵੇ ਅਤੇ ਯੂਨੀਵਰਸਿਟੀ ਦੀ ਮੈਨੇਜਮੈਂਟ ਕਮੇਟੀ ਨੂੰ ਸਸਪੈਂਡ ਕੀਤਾ ਜਾਵੇ।

Share