ਪਿਟਸਬਰਗ ’ਚ ਪੁੱਲ ਹੋਇਆ ਢਹਿ-ਢੇਰੀ: 10 ਜ਼ਖਮੀ

227
ਡਿੱਗੇ ਪੁਲ ਦੀ ਦੂਰੋਂ ਲਈ ਗਈ ਇਕ ਤਸਵੀਰ
Share

* 50 ਸਾਲ ਪੁਰਾਣੇ ਪੁਲ ਦੀ ਮੁਰੰਮਤ ਦੀ ਲੋੜ ਸੀ ਜੋ ਨਹੀਂ ਕੀਤੀ ਗਈ
ਸੈਕਰਾਮੈਂਟੋ, 29 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਪਿਟਸਬਰਗ ਚ ਬਰਫ ਨਾਲ ਢੱਕਿਆ ਇਕ ਪੁਲ ਅਚਾਨਕ ਢਹਿਢੇਰੀ ਹੋ ਗਿਆ ਤੇ ਉਸ ਉਪਰੋਂ ਦੀ ਲੰਘ ਰਹੇ ਵਾਹਣ ਹੇਠਾਂ ਡਿੱਗ ਗਏ, ਜਿਨ੍ਹਾਂ ਵਿਚ ਸਵਾਰ 10 ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ 3 ਜਣਿਆਂ ਨੂੰ ਹਸਪਤਾਲ ’ਚ ਦਾਖਲ ਕਰਵਾਉਣਾ ਪਿਆ ਹੈ। ਪਿਟਸਬਰਗ ਦੇ ਅੱਗ ਬੁਝਾਊ ਵਿਭਾਗ ਦੇ ਮੁੱਖੀ ਡੈਰਿਲ ਜੋਨਜ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਸਪਤਾਲ ਦਾਖਲ ਕਰਵਾਏ ਲੋਕਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਉਨ੍ਹਾਂ ਦੱਸਿਆ ਕਿ ਜਦੋਂ ਪੁਲ ਡਿੱਗਾ, ਤਾਂ ਉਸ ਸਮੇ ਉਸ ਉਪਰੋਂ 5 ਵਾਹਣ ਤੇ ਇਕ ਬੱਸ ਲੰਘ ਰਹੀ ਸੀ ਕਿ ਅਚਾਨਕ ਪੁਲ ਦਾ ਇਕ ਹਿੱਸਾ ਟੁੁੱਟ ਕੇ ਹੇਠਾਂ ਡਿਗ ਗਿਆ। ਜੋਨਜ਼ ਅਨੁਸਾਰ ਕੁਝ ਸਾਲ ਪਹਿਲਾਂ ਇਸ ਪੁਲ ਦੀ ਜਾਂਚ ਹੋਈ ਸੀ ਤੇ ਇਹ ਪਾਇਆ ਗਿਆ ਸੀ ਕਿ ਇਸ ਦੀ ਹਾਲਤ ਮਾੜੀ ਹੈ। ਇਸ ਦੀ ਤੁਰੰਤ ਮੁਰੰਮਤ ਕਰਨ ਦੀ ਲੋੜ ਹੈ ਪਰੰਤੂ ਇਹ ਮੁਰੰਮਤ ਨਹੀਂ ਕੀਤੀ ਗਈ। ਪੁਲ ਡਿੱਗਣ ਨਾਲ ਕੁਝ ਵਾਹਣ ਵੀ ਹੇਠਾਂ ਡਿੱਗ ਗਏ, ਜਿਨ੍ਹਾਂ ਨੂੰ ਕਰੇਨ ਦੀ ਮਦਦ ਨਾਲ ਚੁੱਕਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਪੁਲ ਦਾ ਮਲਬਾ 150 ਫੁੱਟ ਦੇ ਕਰੀਬ ਹੇਠਾਂ ਖੱਡ ਵਿਚ ਡਿੱਗਾ ਹੈ, ਜਿਥੇ ਪਹੁੰਚਣ ਲਈ ਰਾਹਤ ਕਰਮਚਾਰੀਆਂ ਵੱਲੋਂ ਰੱਸਿਆਂ ਦੀ ਵਰਤੋਂ ਕੀਤੀ ਗਈ। ਸਵੇਰ ਵੇਲਾ ਹਾਦਸਾ ਵਾਪਰਨ ਕਾਰਨ ਆਸ ਪਾਸ ਸੈਰ ਕਰ ਰਹੇ ਜਾਂ ਲੰਘ ਰਹੇ ਲੋਕਾਂ ਨੇ ਵੀ ਬਚਾਅ ਕਾਰਵਾਈ ਵਿਚ ਮਦਦ ਕੀਤੀ। ਇਹ ਪੁਲ ਤਕਰੀਬਨ 50 ਸਾਲ ਪੁਰਾਣਾ ਹੈ, ਜਿਸ ਦਾ ਨਿਰਮਾਣ 1970 ’ਚ ਹੋਇਆ ਸੀ। ਪੁਲ ਦੇ ਨਿਰਮਾਣ ਨਾਲ ਜੁੜੀ ਇਕ ਏਜੰਸੀ ਅਨੁਸਾਰ ਪੁਲ ਦੀ ਮੁਰੰਮਤ ਲਈ 1.5 ਮਿਲੀਅਨ ਡਾਲਰਾਂ ਦੀ ਲੋੜ ਸੀ ਪਰੰਤੂ ਪੁਲ ਦੀ ਮੁਰੰਮਤ ਨਹੀਂ ਹੋਈ ਤੇ ਇਸ ਪੁਲ ਦੀ ਹਰ ਸਾਲ ਜਾਂਚ ਕਰਨ ਲਈ ਕਿਹਾ ਗਿਆ। ਪਿਟਸਬਰਗ ਮੇਅਰ ਐਡ ਗੈਨੀ ਦੇ ਬੁਲਾਰੇ ਸੈਮ ਵੈਸਰਮੈਨ ਨੇ ਕਿਹਾ ਹੈ ਕਿ ਪੁਲ ਦੀ ਆਖਰੀ ਜਾਂਚ ਸਤੰਬਰ 2021 ਵਿਚ ਮੁਕੰਮਲ ਹੋਈ ਸੀ।

Share